Breaking News
Home / ਪੰਜਾਬ / ਰਾਹੁਲ ਗਾਂਧੀ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਦੀ ਮੁਹਿੰਮ ਦਾ ਕਰਨਗੇ ਆਗਾਜ਼

ਰਾਹੁਲ ਗਾਂਧੀ ਪੰਜਾਬ ਵਿਚ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਦੀ ਮੁਹਿੰਮ ਦਾ ਕਰਨਗੇ ਆਗਾਜ਼

ਚੋਣ ਪ੍ਰਚਾਰ ਲਈ ਤਿਆਰ ਕੀਤਾ ਜਾ ਰਿਹਾ ਰੋਡ ਮੈਪ : ਸੁਨੀਲ ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਪੰਜਾਬ ਵਿਚ ਅਗਾਮੀ ਚੋਣਾਂ ਲਈ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਅਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੌਰੇ ਦੀ ਮਿਤੀ ਜਲਦ ਐਲਾਨੀ ਜਾਵੇਗੀ। ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਅਗਲੀਆਂ ਚੋਣਾਂ ਲਈ ਚੋਣ ਪ੍ਰਚਾਰ ਦੀ ਰਣਨੀਤੀ ਦਾ ਮੁਹਾਂਦਰਾ ਤਿਆਰ ਕੀਤਾ ਗਿਆ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਨੇ ਮੀਟਿੰਗ ਮਗਰੋਂ ਦੱਸਿਆ ਕਿ ਪੰਜਾਬ ਵਿਚ ਜਲਦ ਹੀ ਰਾਹੁਲ ਗਾਂਧੀ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ ਅਤੇ ਜਲਦ ਸਿਆਸੀ ਰੈਲੀ ਦੀ ਥਾਂ ਅਤੇ ਮਿਤੀ ਬਾਰੇ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਰਫ਼ੋਂ ਪੰਜ ਵਰ੍ਹਿਆਂ ਦੌਰਾਨ ਜੋ ਕੰਮ ਕੀਤੇ ਗਏ ਹਨ, ਉਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਲੋਕਾਂ ਅੱਗੇ ਰੱਖਿਆ ਜਾਵੇਗਾ ਅਤੇ ਜੋ ਕਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਜਾਵੇਗਾ। ਜਾਖੜ ਨੇ ਕਿਹਾ ਕਿ ਚੋਣ ਪ੍ਰਚਾਰ ਲਈ ਰੋਡਮੈਪ ਤਿਆਰ ਕੀਤਾ ਜਾ ਰਿਹਾ ਹੈ ਅਤੇ ਚੋਣ ਪ੍ਰਚਾਰ ਲਈ ਹਰ ਮਾਧਿਅਮ ਦਾ ਸਹਾਰਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 2017 ਵਿਚ ਕਾਂਗਰਸ ਨੂੰ ਦੋ ਤਿਹਾਈ ਬਹੁਮਤ ਨਾਲ ਜਿਤਾਇਆ ਸੀ ਜਿਸ ਕਰਕੇ ਲੋਕਾਂ ਨੂੰ ਸਾਰਾ ਲੇਖਾ ਜੋਖਾ ਦਿੱਤਾ ਜਾਵੇਗਾ। ਜਾਖੜ ਦੇ ਇਸ ਐਲਾਨ ਤੋਂ ਸਾਫ਼ ਹੋ ਗਿਆ ਹੈ ਕਿ ਪੰਜਾਬ ਕਾਂਗਰਸ ਇਕੱਲੀ ਚੰਨੀ ਸਰਕਾਰ ਦੀ ਨਹੀਂ ਬਲਕਿ ਸਮੁੱਚੀ ਕਾਰਗੁਜ਼ਾਰੀ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖੇਗੀ ਜਿਸ ਬਾਰੇ ਵਿਰੋਧੀ ਧਿਰਾਂ ਵੀ ਰੌਲਾ ਪਾ ਰਹੀਆਂ ਹਨ। ਜਾਣਕਾਰੀ ਮਿਲੀ ਹੈ ਕਿ ਮੀਟਿੰਗ ਵਿਚ ਚੋਣ ਪ੍ਰਚਾਰ ਕਮੇਟੀ ਨੇ ਸੰਸਦ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਹੁਣ ਆਪੋ ਆਪਣੇ ਹਲਕੇ ਵਿਚ ਹਾਜ਼ਰ ਰਹਿਣ ਅਤੇ ਲੋਕਾਂ ਵਿਚ ਵਿਚਰਨ। ਸੰਸਦ ਮੈਂਬਰ ਰਵਨੀਤ ਬਿੱਟੂ ਦਾ ਕਹਿਣਾ ਸੀ ਕਿ ਕਮੇਟੀ ਦੀ ਮੀਟਿੰਗ ਵਿਚ ਸੰਸਦ ਮੈਂਬਰਾਂ ਤਰਫ਼ੋਂ ਆਪੋ ਆਪਣੇ ਮਸ਼ਵਰੇ ਰੱਖੇ ਗਏ ਹਨ ਅਤੇ ਚੋਣਾਂ ਨੂੰ ਲੈ ਕੇ ਪ੍ਰਚਾਰ ਲਈ ਹਰ ਪਹਿਲੂ ‘ਤੇ ਚਰਚਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਲੈ ਕੇ ਜਾਵਾਂਗੇ। ਚੋਣ ਪ੍ਰਚਾਰ ਕਮੇਟੀ ਨੇ ਦਿੱਲੀ ਦੇ ਗੁਰਦੁਆਰਾ ਰਕਾਬ ਗੰਜ ਵਿਚ ਮੀਟਿੰਗ ਕੀਤੀ ਜਿਸ ਵਿਚ ਪੰਜਾਬ ਇੰਚਾਰਜ ਹਰੀਸ਼ ਚੌਧਰੀ, ਕ੍ਰਿਸ਼ਨਾ ਅਲਾਵਰੂ, ਚੇਤਨ ਚੌਹਾਨ, ਮੰਤਰੀ ਪਰਗਟ ਸਿੰਘ, ਐੱਮਪੀ ਗੁਰਜੀਤ ਔਜਲਾ, ਜਸਵੀਰ ਸਿੰਘ ਡਿੰਪਾ, ਚੌਧਰੀ ਸੰਤੋਖ ਸਿੰਘ, ਐੱਮਪੀ ਮੁਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ, ਸ਼ਮਸ਼ੇਰ ਸਿੰਘ ਦੂਲੋ ਅਤੇ ਅਮਰਪ੍ਰੀਤ ਸਿੰਘ ਲਾਲੀ ਆਦਿ ਮੌਜੂਦ ਸਨ।

 

Check Also

ਚੋਣ ਕਮਿਸ਼ਨ ਨੇ ਗਿੱਦੜਬਾਹਾ ’ਚ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ

ਸ਼ੋ੍ਰਮਣੀ ਅਕਾਲੀ ਦਲ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਲਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ …