Breaking News
Home / ਕੈਨੇਡਾ / ਕਿਸਾਨੀ ਸੰਘਰਸ਼ ਦੇ ਜਿੱਤ ਦੇ ਜਸ਼ਨਾਂ ਨੂੰ ਸਮਰਪਿਤ ਜ਼ੂਮ ਮੀਟਿੰਗ

ਕਿਸਾਨੀ ਸੰਘਰਸ਼ ਦੇ ਜਿੱਤ ਦੇ ਜਸ਼ਨਾਂ ਨੂੰ ਸਮਰਪਿਤ ਜ਼ੂਮ ਮੀਟਿੰਗ

ਵੈਨਕੂਵਰ : 19 ਦਸੰਬਰ, 2021 ਦਿਨ ਐਤਵਾਰ ਨੂੰ ਤਰਕਸ਼ੀਲ (ਰੈਸ਼ਨੇਲਿਸਟ) ਸੁਸਾਇਟੀ ਦੀ ਵੈਨਕੂਵਰ ਟੀਮ ਵਲੋਂ ਇੱਕ ਜ਼ੂਮ ਮੀਟਿੰਗ ਕਰਕੇ ਕਿਸਾਨ ਸੰਘਰਸ਼ ਦੀ ਜਿੱਤ ਦੇ ਜਸ਼ਨ ਮਨਾਏ ਗਏ। ਇਸ ਪ੍ਰੋਗਰਾਮ ਨੂੰ ਵੱਡੀ ਪੱਧਰ ‘ਤੇ ਮਨਾਉਣ ਲਈ ਪ੍ਰੋਗਰੈਸਿਵ ਕਲਚਰਲ ਸੈਂਟਰ ਵਿੱਚ ਸਮਾਗਮ ਰੱਖਿਆ ਸੀ, ਪਰ ਕੋਵਿਡ ਦੇ ਵਾਧੇ ਕਰਕੇ ਸਰਕਾਰ ਵਲੋਂ ਲਾਈਆਂ ਜਾ ਰਹੀਆਂ ਬੰਦਸ਼ਾਂ ਦੇ ਮੱਦੇ ਨਜ਼ਰ ਇਹ ਮੀਟਿੰਗ ਮਜ਼ਬੂਰਨ ਇਸ ਵਾਰ ਵੀ ਜ਼ੂਮ ਤੇ ਹੀ ਕਰਨੀ ਪਈ ਹੈ। ਮੀਟਿੰਗ ਦੀ ਸ਼ੁਰੂਆਤ ਕਰਦੇ ਹੋਏ ਸੁਸਾਇਟੀ ਦੇ ਪ੍ਰਧਾਨ ਅਵਤਾਰ ਬਾਈ ਨੇ ਕਿਸਾਨੀ ਸੰਘਰਸ਼ ਦੀ ਸ਼ੁਰੂਆਤ, ਉਸਦੇ ਸਮੁੱਚੇ ਸਫ਼ਰ, ਆਉਣ ਵਾਲੀਆਂ ਮੁਸ਼ਕਲਾਂ ਅਤੇ ਜਿੱਤ ਦੇ ਜਸ਼ਨਾਂ ਨੂੰ ਵਿਸਥਾਰ ਵਿੱਚ ਦੱਸਿਆ। ਇਸ ਸਮੇਂ ਅੰਦੋਲਨ ਦੌਰਾਨ ਹੋਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ। ਸਾਰੇ ਹੀ ਮੈਂਬਰਾਂ ਨੇ ਇਸ ਗੱਲਬਾਤ ਵਿੱਚ ਵਧ ਚੜ੍ਹ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਜਿੱਤ ਦੀ ਖੁਸ਼ੀ ਮਨਾਈ। ਉਹਨਾਂ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ ਗਿਆ, ਜਿਨ੍ਹਾਂ ਨੇ ਆਪਣੇ ਵਿੱਤ ਮੁਤਾਬਿਕ ਤਨੋ, ਮਨੋ ਤੇ ਧਨੋ ਇਸ ਸੰਘਰਸ਼ ਵਿੱਚ ਹਿੱਸਾ ਪਾਇਆ ਹੈ। ਸੁਸਾਇਟੀ ਵਲੋਂ ਜਿੱਥੇ ਸ਼ੰਘਰਸ਼ ਦੀ ਲੀਡਰਸ਼ਿੱਪ ਜਿਸ ਨੇ ਸੰਘਰਸ਼ ਨੂੰ ਸ਼ਾਨਾਮੱਤਾ ਮੋੜ ਦਿੱਤਾ ਹੈ, ਦੀ ਸਰਾਹਨਾ ਕੀਤੀ, ਉੱਥੇ ਉਹਨਾਂ ਦੇ ਦਿੱਤੇ ਸੱਦੇ ਕਿ ਸੰਘਰਸ਼ ਅਜੇ ਖ਼ਤਮ ਨਹੀਂ ਹੋਇਆ ਚਲਦਾ ਰਹੇਗਾ, ਨੂੰ ਵੀ ਕਬੂਲ ਕੀਤਾ।
ਇਸ ਪ੍ਰੋਗਰਾਮ ਵਿੱਚ ਨਿਰਮਲ ਕਿੰਗਰਾ ਤੇ ਪਰਮਿੰਦਰ ਸਵੈਚ ਨੇ ਆਪਣੀਆਂ ਕਿਸਾਨੀ ਸੰਘਰਸ਼ ਦੇ ਸਬੰਧ ਵਿੱਚ ਲਿਖੀਆਂ ਨਵੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ। ਇਸ ਸਬੰਧ ਵਿੱਚ ਸਾਧੂ ਸਿੰਘ, ਸਰਬਜੀਤ ਓਖਲਾ, ਹਰਪਾਲ ਗਰੇਵਾਲ, ਰਵਾਇਤ ਸਿੰਘ, ਨਿਰਮਲ ਕਿੰਗਰਾ, ਮਲਕੀਤ ਸਿੰਘ, ਸਵਰਨ ਚਾਹਲ, ਜਗਰੂਪ ਧਾਲੀਵਾਲ, ਗੁਰਮੇਲ ਗਿੱਲ, ਆਰਤੀ, ਜਸਵੀਰ ਮੰਗੂਵਾਲ, ਕੁਲਵੀਰ ਤੇ ਦੀਪ ਸਿੰਘ ਨੇ ਆਪਣੇ ਵਿਚਾਰ ਰੱਖੇ।
ਇਸ ਮਿਿਟੰਗ ਵਿੱਚ ਇਸ ਤੋਂ ਇਲਾਵਾ ਆਉਣ ਵਾਲੇ ਨਵੇਂ ਸਾਲ ਦੇ ਪ੍ਰੋਗਰਾਮ ਵੀ ਉਲੀਕੇ ਗਏ ਜੋ ਹਰ ਮਹੀਨੇ ਦੇ ਤੀਸਰੇ ਐਤਵਾਰ ਮੀਟਿੰਗ ਰੱਖ ਕੇ ਸੈਮੀਨਾਰ ਦੇ ਰੂਪ ਵਿੱਚ, ਬਾਹਰੋਂ ਬੁਲਾਰੇ ਬੁਲਾ ਕੇ ਕੀਤੇ ਜਾਇਆ ਕਰਨਗੇ। ਉਹਨਾਂ ਵਿੱਚ ਵਿਸ਼ੇ ਕ੍ਰਮਵਾਰ ਸਮਾਜਿਕ ਚੇਤਨਾ, ਬ੍ਰਹਿਮੰਡ ਸ੍ਰਿਸ਼ਟੀ ਦੀ ਉਤਪਤੀ, ਵਿਗਿਆਨਕ ਸਿਧਾਂਤ, ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਮਹਿਲਾ ਦਿਵਸ, ਵਾਤਾਵਰਣ ਤਬਦੀਲੀਆਂ ਅਤੇ ਜੀਵ ਵਿਕਾਸ, ਕਿਰਤ ਦੀ ਮਹੱਤਤਾ ਤੇ ਕਿਰਤ ਦਿਵਸ, ਪਰਿਵਾਰ ਦਿਵਸ ਲਈ ਰਲ਼ ਕੇ ਪਿਕਨਿਕ ਮਨਾਉਣਾ, ਕੈਨੇਡਾ ਦਾ ਇਤਿਹਾਸ ਤੇ ਹਾਲਾਤ, ਭੂਗੋਲਕ ਜਾਣਕਾਰੀ, ਮਨੁੱਖੀ ਸਮਾਜ ਦਾ ਭੂਤਕਾਲ, ਵਰਤਮਾਨ ਤੇ ਭਵਿੱਖ, ਕਲਾ ਦੇ ਵੱਖਰੇ ਰੂਪਾਂ ਬਾਰੇ ਗਿਆਨ-ਮੁਕਾਬਲੇ, ਭੌਤਿਕਵਾਦੀ (ਪਦਾਰਥਵਾਦੀ) ਦਰਸ਼ਨ ਬਾਰੇ ਵਿਚਾਰ, ਕਰਤਾਰ ਸਰਾਭਾ ਤੇ ਗ਼ਦਰ ਲਹਿਰ ਅੱਜ ਦੇ ਸੰਦਰਭ ਬਾਰੇ ਚਰਚਾ, ਤਿਉਹਾਰਾਂ ਦੀ ਮਹੱਤਤਾ, ਸ਼ਮੂਲੀਅਤ, ਮੰਡੀ ਤੇ ਇਹਨਾਂ ਨੂੰ ਮਨਾਏ ਜਾਣ ਬਾਰੇ ਚੇਤਨਾ ਪੱਖ ਆਦਿ ਵਿਸ਼ਿਆਂ ਤੇ ਸਾਲ ਭਰ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ। ਸੁਸਾਇਟੀ ਵਿੱਚ ਚੇਤਨਾ ਲਿਆਉਣ ਲਈ ਅਤੇ ਸਰਗਰਮੀਆਂ ਵਧਾਉਣ ਲਈ ਇਹ ਪ੍ਰੋਗਰਾਮ ਉਲੀਕੇ ਗਏ ਹਨ।
ਜਸਵਿੰਦਰ ਹੇਅਰ ਦੇ ਘਰ ਦੋਹਤੀ ਦੇ ਆਉਣ ਦੀ ਖੁਸ਼ੀ ਪ੍ਰਗਟ ਕੀਤੀ ਗਈ ਤੇ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਸੁਸਾਇਟੀ ਵਲੋਂ ਪੰਜਾਬ ਦੇ ਹੁਣ ਦੇ ਹਾਲਾਤ ‘ਤੇ ਫਿਕਰ ਕਰਦਿਆਂ ਹੋਇਆਂ ਬੇਅਦਬੀ ਦੇ ਮੁੱਦਿਆਂ ਦੀ ਨਿਖੇਧੀ ਕੀਤੀ ਗਈ। ਮੀਟਿੰਗਾਂ ਵਿੱਚ ਮੈਂਬਰਾਂ ਦੀ ਹਾਜ਼ਰੀ ਘੱਟ ਹੋਣ ‘ਤੇ ਚਿੰਤਾ ਵੀ ਜ਼ਾਹਰ ਕੀਤੀ ਗਈ। ਕਾਮਰੇਡ ਕ੍ਰਿਪਾਲ ਬੈਂਸ ਦੇ ਪਿਤਾ ਜੀ ਦੇ ਵਿਛੋੜੇ ਦਾ ਦੁੱਖ ਵੀ ਪ੍ਰਗਟ ਕੀਤਾ ਗਿਆ।

 

Check Also

ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …