Breaking News
Home / ਕੈਨੇਡਾ / ਪੰਜਾਬੀ ਭਾਸ਼ਾ ਤੇ ਸੱਭਿਆਚਾਰ ਅਤੇ ਭਾਰਤ ਦੀ ਅਜ਼ਾਦੀ ਦੀ ਲੜਾਈ ‘ਚ ਪੰਜਾਬੀਆਂ ਦੇ ਯੋਗਦਾਨ ਬਾਰੇ ਹੋਈ ਵਿਚਾਰ-ਚਰਚਾ

ਪੰਜਾਬੀ ਭਾਸ਼ਾ ਤੇ ਸੱਭਿਆਚਾਰ ਅਤੇ ਭਾਰਤ ਦੀ ਅਜ਼ਾਦੀ ਦੀ ਲੜਾਈ ‘ਚ ਪੰਜਾਬੀਆਂ ਦੇ ਯੋਗਦਾਨ ਬਾਰੇ ਹੋਈ ਵਿਚਾਰ-ਚਰਚਾ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਪੰਜਾਬੀ ਭਾਸ਼ਾ ਤੇ ਸੱਭਿਆਚਾਰ ਅਤੇ ਅੰਗਰੇਜ਼ੀ ਰਾਜ ਦੀ ਗ਼ੁਲਾਮੀ ਤੋਂ ਨਿਜਾਤ ਪਾਉਣ ਲਈ ਤੋਂ ਭਾਰਤੀਆਂ ਵੱਲੋਂ ਲੜੀ ਗਈ ਲੰਮੀ ਲੜਾਈ ਵਿਚ ਪੰਜਾਬੀਆਂ ਵੱਲੋਂ ਪਾਏ ਗਏ ਅਹਿਮ ਯੋਗਦਾਨ ਬਾਰੇ ਚਰਚਾ ਕਰਨ ਲਈ ਬਰੈਂਪਟਨ ਵਿਚ ਵਿਚਰ ਰਹੇ ਨਾਮਧਾਰੀ ਦਰਬਾਰ ਵੱਲੋਂ ਪਿਛਲੇ ਦਿਨੀਂ 19 ਅਗਸਤ ਨੂੰ ਇਕ ਸਮਾਗ਼ਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗ਼ਮ ਵਿਚ ਪ੍ਰੋ. ਰਾਮ ਸਿੰਘ, ਪ੍ਰੋ. ਜਗੀਰ ਸਿੰਘ ਕਹਲੋਂ, ਜਰਨੈਲ ਸਿੰਘ ਅੱਚਰਵਾਲ, ਕੇਹਰ ਸਿੰਘ ਮਠਾਰੂ ਅਤੇ ਮਲੂਕ ਸਿੰਘ ਕਾਹਲੋਂ ਵੱਲੋਂ ਉਪਰੋਕਤ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਈ ਹੋਰਨਾਂ ਵੱਲੋਂ ਇਸ ਵਿਚਾਰ-ਚਰਚਾ ਵਿਚ ਭਾਗ ਲਿਆ ਗਿਆ।
ਇਸ ਮੌਕੇ ਮੰਚ-ਸੰਚਾਲਕ ਅਜੀਤ ਸਿੰਘ ਲਾਇਲ ਵੱਲੋਂ ਸੱਭ ਤੋਂ ਪਹਿਲਾਂ ਸਮਾਗ਼ਮ ਦੇ ਮੁੱਖ-ਬੁਲਾਰੇ ਪ੍ਰੋ. ਰਾਮ ਸਿੰਘ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਡੀ ਪੰਜਾਬੀ ਭਾਸ਼ਾ ਬਹੁਤ ਅਮੀਰ ਹੈ ਅਤੇ ਉਰਦੂ, ਫ਼ਾਰਸੀ, ਅੰਗਰੇਜ਼ੀ, ਹਿੰਦੀ, ਸੰਸਕ੍ਰਿਤ ਆਦਿ ਭਾਸ਼ਾਵਾਂ ਤੋਂ ਆਏ ਸ਼ਬਦਾਂ ਨੇ ਇਸ ਨੂੰ ਹੋਰ ਵੀ ਅਮੀਰ ਬਣਾਉਣ ਵਿਚ ਭਰਪੂਰ ਯੋਗਦਾਨ ਪਾਇਆ ਹੈ। ਉਨ੍ਹਾਂ ਪੰਜਾਬੀ ਸੱਭਿਆਚਾਰ ਦੇ ਵਿਲੱਖਣ ਸਰੂਪ ਦਾ ਜ਼ਿਕਰ ਵੀ ਬਾਖ਼ੂਬੀ ਕੀਤਾ। ਉਨ੍ਹਾਂ ਤੋਂ ਪਿੱਛੋਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਵਿਚ ਪੰਜਾਬੀਆਂ ਵੱਲੋਂ ਪਾਏ ਗਏ ਭਾਰੀ ਯੋਗਦਾਨ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜ਼ਾਦੀ ਲੜਾਈ ਵਿਚ ਪੰਜਾਬੀਆਂ ਆਪਣਾ ਬਹੁਤ ਖ਼ੂਨ ਵਹਾਇਆ ਹੈ।
ਅਮਰ-ਸ਼ਹੀਦਾਂ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਮਦਨ ਲਾਲ ਢੀਂਗਰਾ ਆਦਿ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਨੇ ਹੱਸ-ਹੱਸ ਕੇ ਫਾਂਸੀਆਂ ਦੇ ਰੱਸੇ ਚੁੰਮੇ, ਹਜ਼ਾਰਾਂ ਲੱਖਾਂ ਦੀ ਗਿਣਤੀ ਵਿਚ ਲੋਕ ਜੇਲ੍ਹਾਂ ਵਿਚ ਗਏ ਤੇ ਕਈਆਂ ਨੁੰ ‘ਕਾਲੇ-ਪਾਣੀ’ ਦੀਆਂ ਸਜ਼ਾਵਾਂ ਵੀ ਹੋਈਆਂ ਅਤੇ ਇਨ੍ਹਾਂ ਵਿਚ ਬਹੁ-ਗਿਣਤੀ ਪੰਜਾਬੀਆਂ ਦੀ ਸੀ ਜੋ ਇਤਿਹਾਸਕਾਰਾਂ ਵੱਲੋਂ 80% ਤੱਕ ਦੱਸੀ ਜਾਂਦੀ ਹੈ। ਸਮਾਗ਼ਮ ਦੇ ਹੋਰ ਬੁਲਾਰਿਆਂ ਵਿਚ ਸ਼ਾਮਲ ਜਰਨੈਲ ਸਿੰਘ ਨੇ ਜਿੱਥੇ ਅਜ਼ਾਦੀ ਦੀ ਲੜਾਈ ਵਿਚ ਪੰਜਾਬੀਆਂ ਦੀ ਵੱਡੀ ਗਿਣਤੀ ਵਿਚ ਕੀਤੀ ਗਈ ਮਹਾਨ ਕੁਰਬਾਨੀ ਦਾ ਜ਼ਿਕਰ ਕੀਤਾ, ਉੱਥੇ ਕੇਹਰ ਸਿੰਘ ਮਠਾਰੂ ਨੇ ਇਸ ਵਿਚ ਹੋਰ ਵਾਧਾ ਕਰਦਿਆਂ ਹੋਇਆਂ ਉਸ ਸਮੇਂ ਨਾਮਧਾਰੀ ਸੰਪਰਦਾਇ ਦੇ ਆਗੂ ਸਤਿਗੁਰੂ ਰਾਮ ਸਿੰਘ ਵੱਲੋਂ ਚਲਾਈ ਗਈ ‘ਕੂਕਾ ਲਹਿਰ’ ਦਾ ਵਿਸ਼ੇਸ਼ ਵਰਨਣ ਕੀਤਾ ਜਿਸ ਵਿਚ 40 ਨਾਮਧਾਰੀਆਂ ਨੂੰ ਅੰਗਰੇਜ਼ਾਂ ਵੱਲੋਂ ਤੋਪਾਂ ਨਾਲ ਉਡਾ ਦਿੱਤਾ ਗਿਆ ਸੀ।
‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਨੇ ਆਪਣੇ ਸੰਬੋਧਨ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜਨ ਦੀ ਗੱਲ ਕੀਤੀ। ਸਮਾਗ਼ਮ ਦੌਰਾਨ ਬਰੈਂਪਟਨ ਦੀਆਂ ਪ੍ਰਮੁੱਖ ਰਾਜਨੀਤਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਐੱਮ.ਪੀ. ਰਾਜ ਗਰੇਵਾਲ, ਬਰੈਂਪਟਨ ਦੀ ਮੇਅਰ ਲਿੰਡਾ ਜੈਫ਼ਰੀ ਅਤੇ ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਸ਼ਾਮਲ ਸਨ।
ਇਨ੍ਹਾਂ ਦੇ ਬਾਰੇ ਜਾਣਕਾਰੀ ਡਾ.ਗੁਰਜੀਤ ਸਿੰਘ ਵੱਲੋਂ ਹਾਜ਼ਰੀਨ ਨਾਲ ਸਾਂਝੀ ਕੀਤੀ ਗਈ। ਉਪਰੰਤ, ਉਨ੍ਹਾਂ ਤਿੰਨਾਂ ਨੇ ਆਪਣੇ ਸੰਬੋਧਨਾਂ ਵਿਚ ਪ੍ਰਬੰਧਕਾਂ ਨੂੰ ਇਹ ਇਤਿਹਾਸਕ ਜਾਣਕਾਰੀ ਨਾਲ ਲਬਰੇਜ਼ ਸਮਾਗ਼ਮ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਜਾਰੀ ਰੱਖਣ ਲਈ ਕਿਹਾ। ਇਸ ਸਮਾਗ਼ਮ ਦੇ ਸਫ਼ਲ ਆਯੋਜਨ ਲਈ ਪ੍ਰਬੰਧਕੀ ਕਮੇਟੀ ਵਿਚ ਸ਼ਾਮਲ ਹਰਜਿੰਦਰ ਸਿੰਘ ਸਰਸਾ, ਅਜੀਤ ਸਿੰਘ ਬਡਵਾਲ, ਹਰਦਿਆਲ ਸਿੰਘ ਕੱਲਾ ਤੇ ਉਨ੍ਹਾਂ ਦੇ ਸਾਥੀ ਵਧਾਈ ਦੇ ਹੱਕਦਾਰ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …