-19.3 C
Toronto
Friday, January 30, 2026
spot_img
Homeਕੈਨੇਡਾ'ਪੰਜਾਬੀ ਕਲਮਾਂ ਦਾ ਕਾਫਲਾ' ਦੀ ਮਹੀਨਾਵਾਰ ਮੀਟਿੰਗ ਹੋਈ

‘ਪੰਜਾਬੀ ਕਲਮਾਂ ਦਾ ਕਾਫਲਾ’ ਦੀ ਮਹੀਨਾਵਾਰ ਮੀਟਿੰਗ ਹੋਈ

ਬਰੈਂਪਟਨ /ਬਿਊਰੋ ਨਿਊਜ਼
‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਮਹੀਨੇਵਾਰ ਮੀਟਿੰਗ 26 ਅਗਸਤ, 2017 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ, ਉਂਕਾਰਪ੍ਰੀਤ ਦੇ ਹਾਜ਼ਿਰ ਨਾ ਹੋਣ ਕਾਰਨ, ਬ੍ਰਜਿੰਦਰ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਅੱਜ ਪੰਜਾਬੀ ਸਾਹਿਤ ਵਿੱਚ ਵਾਰਤਿਕ ਦੇ ਸਿਲਸਿਲੇ ਵਿੱਚ ਦੋ ਲੇਖ ਪੜ੍ਹੇ ਤੇ ਵਿਚਾਰੇ ਜਾਣਗੇ। ਉਸ ਨੇ ਸੰਖੇਪ ਵਿੱਚ ‘ਪਰੋਜ਼’ ਦੇ ਇਤਿਹਾਸ ਬਾਰੇ ਅਤੇ ਪੰਜਾਬੀ ਵਿੱਚ ਇਸ ਦੀ ਸ਼ਮੂਲੀਅਤ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਅੱਜ ਹਰਮਨ ਪਿਆਰੇ ਲੇਖਕ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਵਾਰਤਿਕ ਵਿੱਚ ਯੋਗਦਾਨ ਦੀ ਗੱਲ ਕਰਾਂਗੇ। ਉਨ੍ਹਾਂ ਦੇ ਲੇਖ ”ਪਰਮ ਮਨੁੱਖ ਕਿਉਂ?” ਬਾਰੇ ਵਿਚਾਰ ਚਰਚਾ ਹੋਵੇਗੀ ਅਤੇ ਬਾਅਦ ਵਿੱਚ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਦੇ ਲੇਖ ‘ਸੰਸਾਰ ਵਿੱਚ ਗਰੀਬੀ’ ਬਾਰੇ ਗੱਲ ਕਰਾਂਗੇ।
ਪਹਿਲਾਂ, ਬ੍ਰਜਿੰਦਰ ਨੇ ਲੇਖ ”ਪਰਮ ਮਨੁੱਖ ਕਿਉਂ?” ਪੜ੍ਹਿਆ। ਇਹ ਲੇਖ ਸ: ਗੁਰਬਖ਼ਸ਼ ਸਿੰਘ ਨੇ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਹੋਇਆ ਹੈ ਜਿਸ ਵਿੱਚ ਉਹ ਗੁਰੂ ਸਾਹਿਬ ਨੂੰ ਅਵਤਾਰ ਨਹੀਂ ‘ਪਰਮ ਮਨੁੱਖ’ ਕਹਿੰਦੇ ਹਨ। ਉਨ੍ਹਾਂ ਲਿਖਿਆ ਹੈ : ਉਹ ਖ਼ੁਸ਼-ਬੋਲ ਤੇ ਖ਼ੁਸ਼-ਅਦਾ, ਵਿਦਵਾਨ ਤੇ ਕਵੀ, ਬਹਾਦਰ ਤੇ ਨਿਡਰ ਸਨ… ਤੇ ਸਭ ਤੋਂ ਵੱਧ ਉਹ ਪ੍ਰੇਮ ਦੀ ਮੂਰਤ ਸਨ। ਜੇ ਗੁਰੁ ਨਾਨਕ ਨੇ ਜ਼ਿੰਦਗੀ ਨੂੰ ਨਵੀਆਂ ਕਦਰਾਂ ਕੀਮਤਾਂ ਨਾਲ ਜੀਵਨਯੋਗ ਦੱਸਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕਦਰਾਂ ਕੀਮਤਾਂ ਦੀ ਰੱਖਿਆ ਲਈ ਜਬਰ ਦੇ ਖਿਲਾਫ਼ ਟੱਕਰ ਲੈਣ ਦਾ ਹੀਆ ਕੀਤਾ… ਮਨੁੱਖੀ ਅਧਿਕਾਰਾਂ ਦੀ ਸਰਬ-ਪ੍ਰਵਾਨਗੀ ਲਈ ਸੰਗਰਾਮ ਕਰਨਾ ਸਿਖਾਇਆ। ਉਹ ਬੇਮਿਸਾਲ ਦਲੇਰ, ਮਜ਼ਲੂਮਾਂ ਦੀ ਮਦਦ ਕਰਨ ਵਾਲੇ, ਮਨੁੱਖੀ ਕੀਮਤਾਂ ਦੇ ਰਖਵਾਲੇ, ਵਿਦਵਾਨ ਸਨ… ਉਹ ਆਪਣੇ ਗਿਆਨ, ਪ੍ਰੇਮ ਅਤੇ ਬੀਰਤਾ ਰਾਹੀਂ ਇਸ ਰੁਤਬੇ ‘ਤੇ ਪਹੁੰਚੇ। ਸਭ ਦਾ ਕਹਿਣਾ ਸੀ ਕਿ ਗੁਰਬਖ਼ਸ਼ ਸਿੰਘ ਨੇ ਨਵੇਂ ਸ਼ਬਦ ਘੜੇ। ਅਸੀਂ ਸਾਰੇ ਉਨ੍ਹਾਂ ਦੀ ਲਿਖਤ ਤੋਂ ਪ੍ਰਭਾਵਿਤ ਹੁੰਦੇ ਰਹੇ ਹਾਂ। ਪ੍ਰੋ: ਰਾਮ ਸਿੰਘ ਦਾ ਕਹਿਣਾ ਸੀ ਕਿ ਸਾਹਿਤ ਦਾ ਵਿਦਿਆਰਥੀ ਨਾ ਹੁੰਦਿਆਂ ਵੀ ਉਨ੍ਹਾਂ ਨੇ ਨਾਵਲ ਤਾਂ ਲਿਖੇ ਹੀ ਸਨ ਪਰ ਵਾਰਤਿਕ ਵੀ ਕਮਾਲ ਦੀ ਸਿਰਜੀ। ਇਸ ਵਿਚਾਰ-ਚਰਚਾ ਤੋਂ ਬਾਅਦ ਅੱਜ ਦੀ ਮੀਟਿੰਗ ਬਰਖ਼ਾਸਤ ਹੋਈ। ਪਹਿਲਾਂ ਦਿੱਤੇ ਬੁਲਾਰਿਆਂ ਤੋਂ ਇਲਾਵਾ ਬਲਦੇਵ ਦੂਹੜੇ, ਕਿਰਪਾਲ ਸਿੰਘ ਪੰਨੂ, ਵਕੀਲ ਕਲੇਰ, ਅਜੀਤ ਸਿੰਘ ਲਹਿਲ, ਕੁਲਦੀਪ ਕੌਰ ਗਿੱਲ, ਮਿੰਨੀ ਗਰੇਵਾਲ, ਗੁਰਜਿੰਦਰ ਸੰਘੇੜਾ, ਗੁਰਦਾਸ ਮਿਨਹਾਸ, ਕੁਲਵਿੰਦਰ ਖਹਿਰਾ, ਮਨਮੋਹਣ ਗੁਲਾਟੀ ਤੇ ਅਮਰਜੀਤ ਮਿਨਹਾਸ ਵੀ ਸ਼ਾਮਿਲ ਹੋਏ।

RELATED ARTICLES
POPULAR POSTS