ਬਰੈਂਪਟਨ : 13 ਅਪ੍ਰੈਲ ਦਿਨ ਵੀਰਵਾਰ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਕੌਮ ਅੰਦਰ ਨਵੀਂ ਅਣਖ ਤੇ ਜਾਨ ਭਰਨ ਲਈ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਨੂੰ ਸਿੰਘ ਸਜਾ ਕੇ, ਅੰਮ੍ਰਿਤ ਛਕਾ ਕੇ ਦੁਨੀਆਂ ਦੇ ਨਕਸ਼ੇ ਤੇ ਨਵੀਂ ਕੌਮ ਦੀ ਨੀਂਹ ਰੱਖੀ । ਸਿੱਖ ਹੈਰੀਟੇਜ ਮਹੀਨਾ ਮਨਾਉਂਦੇ ਹੋਏ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਖਾਲਸੇ ਦੀਆਂ ਵਿਸ਼ੇਸ਼ਤਾਵਾਂ ਅਤੇ ਆਦਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਸਾਰੇ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਸਿੱਖ ਹਿਸਟਰੀ ਕੁਇਜ ਕੰਪੀਟੀਸ਼ਨ, ਸਿੱਖ ਵੋਮੈਨ ਵਰਕਸ਼ਾਪ, ਪੰਜਾਬੀ ਦੀ ਸੁੰਦਰ ਲਿਖਾਈ, ਦਸਤਾਰ ਸਜਾਉਣ ਦੀ ਸਿਖਲਾਈ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਖਾਸ ਮਹੀਨੇ ਵਿੱਚ ਫੂਡ ਡਰਾਈਵ ਦੌਰਾਨ ਸਾਰੇ ਹੀ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਅਤੇ ਸੇਵਾ ਫੂਡ ਬੈਂਕ ਨੂੰ ਅੱਜ ਸਾਰੀ ਸਮੱਗਰੀ ਭੇਜੀ ਗਈ। ਇਥੇ ਇਹ ਵਿਦਿਆਰਥੀਆਂ ਨੇ ਸਾਬਿਤ ਕਰ ਦਿੱਤਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਪਾਏ ਪੂਰਨਿਆਂ ਤੇ ਚਲ ਰਹੇ ਹਨ। ਇਸ ਵਿਸ਼ੇਸ਼ ਦਿਨ ਤੇ ਲੰਗਰ ਦੀ ਸੇਵਾ ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੇ ਰਲ ਮਿਲ ਕੇ ਕੀਤੀ।
ਵਿਦਿਆਰਥੀਆਂ ਨੂੰ ਖਾਲਸੇ ਦੀਆਂ ਜੁੰਮੇਵਾਰੀਆਂ, ਪੰਜ ਪਿਆਰਿਆਂ ਅਤੇ ਪੰਜ ਕਕਾਰਾਂ ਦੀ ਮਹਾਨਤਾ, ਆਪਸੀ ਪ੍ਰੇਮ, ਸਦਭਾਵਨਾ, ਇੱਕ ਦੂਜੇ ਪ੍ਰਤੀ ਸਤਿਕਾਰ ਆਦਿ ਉੱਚੇ ਨੈਤਿਕ ਗੁਣਾਂ ਨੂੰ ਮੌਜੂਦਾ ਜਿੰਦਗੀ ਵਿੱਚ ਅਪਨਾਉਣ ਲਈ ਜਾਣੂ ਕਰਵਾਇਆ ਜਾਂਦਾ ਹੈ ਤਾਂ ਕਿ ਉਹ ਇੱਕ ਵਧੀਆ ਸਮਾਜ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਣ। ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਤ 8 ਅਪ੍ਰੈਲ ਦਿਨ ਸਨਿਚਰਵਾਰ ਨੂੰ ਜੇ.ਕੇ ਤੋਂ ਗਰੇਡ 3 ਦੇ ਵਿਦਿਆਰਥੀਆਂ ਨੇ ਕੀਰਤਨ ਦਰਬਾਰ ਵਿੱਚ ਭਾਗ ਲਿਆ, ਜਿਸ ਵਿੱਚ ਬੱਚਿਆਂ ਅਤੇ ਮਾਪਿਆਂ ਨੇ ਬਹੁਤ ਉਤਸ਼ਾਹ ਦਿਖਾਇਆ। ਜਿੰਨ੍ਹਾਂ ਮਾਪਿਆਂ ਨੇ ਕੀਰਤਨ ਦਰਬਾਰ ਅਤੇ ਖਾਲਸੇ ਦੇ ਸਾਜਨਾ ਦਿਵਸ ਤੇ ਪ੍ਰੇਮ ਅਤੇ ਸ਼ਰਧਾ ਨਾਲ ਲੰਗਰ ਦੀ ਸੇਵਾ ਕੀਤੀ ਅਸੀਂ ਉਨ੍ਹਾਂ ਦੇ ਬਹੁਤ ਧੰਨਵਾਦੀ ਹਾਂ। ਜ਼ੀ ਟੀਵੀ ਅਤੇ ਸਾਂਝਾ ਪੰਜਾਬ ਦੇ ਸੰਚਾਲਕ ਬੌਬ ਦੁਸਾਂਝ ਦੀ ਟੀਮ ਵੱਲੋਂ ਸਾਰੇ ਪ੍ਰੋਗਰਾਮ ਦੀ ਰਿਕਾਰਡਿੰਗ ਕੀਤੀ। ਸਮੂਹ ਲੁਕਾਈ ਨੂੰ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਦੀ ਬਹੁਤ-ਬਹੁਤ ਵਧਾਈ ਹੋਵੇ ਜੀ !
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …