15.6 C
Toronto
Thursday, September 18, 2025
spot_img
Homeਕੈਨੇਡਾਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਕੀਤਾ ਯਾਦ

ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਕੀਤਾ ਯਾਦ

ਕਿਸਾਨੀ ਸੰਘਰਸ਼ ਸਬੰਧੀ ਰਚਨਾਵਾਂ ਵੀ ਕੀਤੀਆਂ ਗਈਆਂ ਪੇਸ਼
ਕੈਲਗਰੀ/ਜ਼ੋਰਾਵਰ ਬਾਂਸਲ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਆਖ਼ਰੀ ਮੀਟਿੰਗ ਪ੍ਰਧਾਨ ਦਵਿੰਦਰ ਮਲਹਾਂਸ ਦੀ ਅਗਵਾਈ ਵਿਚ ਹੋਈ। ਜਿਸ ਵਿੱਚ ਉਨ੍ਹਾਂ ਸਭ ਨੂੰ ‘ਜੀ ਆਇਆਂ’ ਆਖਿਆ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ। ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ ਤੇ ਸ਼ੋਕ ਮਤੇ ਸਾਂਝੇ ਕਰਦਿਆਂ ‘ਸ਼ਬਦਾਂ ਦਾ ਸ਼ਿਲਪਕਾਰ’ ਮੋਹਨ ਭੰਡਾਰੀ, ਜਿਨ੍ਹਾਂ ਸ਼ਾਹਕਾਰ ਕਹਾਣੀਆਂ ‘ਮੈਨੂੰ ਟੈਗੋਰ ਬਣਾਦੇ ਮਾਂ’, ‘ਕਾਠ ਦੀ ਲੱਤ’,’ਘੋਟਨਾ’, ‘ਮੂਨ ਦੀ ਅੱਖ’ ਆਦਿ ਤੇ ਰੇਖਾ ਚਿੱਤਰ ‘ਇਹ ਅਜਬ ਬੰਦੇ’ ਵੀ ਲਿਖੇ ਤੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ। ਸ਼੍ਰੋਮਣੀ ਪੰਜਾਬੀ ਸਾਹਿਤਕਾਰ ਗੁਰਦੇਵ ਸਿੰਘ ਰੁਪਾਣਾ, ਜਿਹਨਾਂ ਦੀਆਂ ‘ਇੱਕ ਟੋਟਾ ਔਰਤ’, ‘ਡਿਫੈਂਸ ਲਾਈਨ’, ‘ਸ਼ੀਸ਼ਾ’, ‘ਰਾਂਝਾ ਵਾਰਿਸ ਹੋਇਆ’ ਵਰਗੀਆਂ ਕਹਾਣੀਆਂ ਤੇ ਨਾਵਲ ‘ਜਲਦੇਵ’,’ਆਸੋ ਦਾ ਟੱਬਰ’, ‘ਗੋਰੀ’ ਆਦਿ ਬਹੁਤ ਚਰਚਾ ਵਿੱਚ ਰਹੇ। ਅਧਿਆਪਨ ਕਿੱਤੇ ਦੇ ਨਾਲ-ਨਾਲ ਉਨ੍ਹਾਂ ਦੀ ਸ਼ਖ਼ਸੀਅਤ ਸਾਹਿਤ ਦੀ ਦੁਨੀਆਂ ਵਿੱਚ ਬਹੁਤ ਖ਼ਾਸ ਰਹੀ ਤੇ ਉਨ੍ਹਾਂ ਕਈ ਮਾਣ ਸਨਮਾਨ ਹਾਸਲ ਕੀਤੇ ਤੇ ਉਨ੍ਹਾਂ ਦੀਆਂ ਲਿਖਤਾਂ ਕਈ ਭਾਸ਼ਾ ਵਿੱਚ ਅਨੁਵਾਦ ਹੋਈਆਂ। ਸਿਰਮੌਰ ਪੰਜਾਬੀ ਚਿੰਤਕ ਡਾ. ਸੁਰਿੰਦਰ ਦੁਸਾਂਝ, ਡਾ ਅਵਤਾਰ ਸਿੰਘ ਈਸੇਵਾਲ, ਸ਼ਾਇਰ ਫਤਿਹਜੀਤ ਦੇ ਸਦੀਵੀ ਵਿਛੋੜੇ ‘ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸ਼ਰਧਾ ਦੇ ਅਕੀਦੇ ਭੇਂਟ ਕੀਤੇ ਗਏ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹਰਮਿੰਦਰ ਚੁੱਘ ਨੇ ‘ਨੀਹਾਂ ‘ਚ ਸ਼ਹੀਦ ਹੋ ਗਏ’ ਸੁਰ ਵਿਚ ਗਾਇਆ ਤੇ ਗੁਰਦੀਸ਼ ਕੌਰ ਗਰੇਵਾਲ ਨੇ ‘ਧੰਨ ਮਾਤਾ ਗੁਜਰੀ’ ਧਾਰਮਿਕ ਗੀਤਾਂ ਨਾਲ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕੀਤੀ ਤੇ ਤਿੰਨ ਕਿਤਾਬਾਂ ਦੇ ਰਚੇਤਾ ਸੁਜਾਨ ਸਿੰਘ ਸੁਜਾਨ ਨੇ ਪਹਿਲੀ ਵਾਰ ਸਭਾ ਦੀ ਮੀਟਿੰਗ ਵਿਚ ਹਾਜ਼ਰੀ ਲਵਾਈ। ਬਚਨ ਸਿੰਘ ਗੁਰਮ ਨੇ ‘ਲੋਕ ਸ਼ਕਤੀ ਦੀ ਤਾਕਤ’ ਕਵਿਤਾ ‘ਦਿੱਲੀ ਦੀਆਂ ਬਰੂਹਾਂ’ ਵਿੱਚ ਕਾਲੇ ਕਾਨੂੰਨਾਂ ਦੇ ਰੱਦ ਹੋਣ ਦੀ ਗੱਲ ਕੀਤੀ। ਕਿਸਾਨੀ ਸੰਘਰਸ਼ ਨਾਲ ਹੀ ਸੰਬੰਧਿਤ ਮਨਮੋਹਨ ਬਾਠ ਨੇ ਸੁਰੀਲੀ ਆਵਾਜ਼ ਵਿੱਚ ‘ਬੱਲੇ ਸ਼ੇਰ ਜਵਾਨੋ ਜੰਗ ਜਿੱਤ ਕੇ ਆਏ ਹੋ’ ਸੁਣਾਇਆ ਤੇ ਇਸੇ ਸੰਦਰਭ ਵਿੱਚ ਰਾਜਵੰਤ ਮਾਨ ਨੇ ‘ਹੱਕ ਹਕੂਕ’ ਕਵਿਤਾ ਸਾਂਝੀ ਕੀਤੀ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ। ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS