Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੇ ਦੀਵਾਲੀ ਦੇ ਦਿਨ ਲਾਈਆਂ ਦੋ ਦੌੜਾਂ

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੇ ਦੀਵਾਲੀ ਦੇ ਦਿਨ ਲਾਈਆਂ ਦੋ ਦੌੜਾਂ

ਬਰੈਂਪਟਨ/ਡਾ.ਝੰਡ : ਆਮ ਤੌਰ ‘ਤੇ ਦੌੜਾਕ ਇਕ ਦਿਨ ਵਿਚ ਇਕ ਦੌੜ ਵਿਚ ਹੀ ਭਾਗ ਲੈਂਦੇ ਹਨ ਪਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਜੋ ਲੱਗਭੱਗ ਹਰੇਕ ਹਫ਼ਤੇ ਕਿਸੇ ਨਾ ਕਿਸੇ ਮਿਆਰੀ ਦੌੜ ਵਿਚ ਭਾਗ ਲੈਂਦਾ ਹੈ, ਨੇ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਦੋ ਦੌੜਾਂ ‘ਮੈੱਕ ਟੋਰਾਂਟੋ ਰੇਸ ਸੈਵਨ’ ਅਤੇ ਦੂਸਰੀ 31 ਅਕਤੂਬਰ ਨੂੰ ਆ ਰਹੇ ਹੈਲੋਵੀਨ ਦੇ ਤਿਓਹਾਰ ਨੂੰ ਸਮੱਰਪਿਤ ‘ਮੌਂਸਟਰ ਡੈਸ਼ ਰੱਨ’ ਵਿਚ ਭਾਗ ਲਿਆ।
ਟੋਰਾਂਟੋ ਡਾਊਨ ਟਾਊਨ ਵਿਚ ਹੋਈ ਮੈੱਕ ਟੋਰਾਂਟੋ ਸੀਰੀਜ਼ ਦੀ ਸੱਤਵੀਂ ਦੌੜ ਵਿਚ ਸੰਜੂ ਨੇ 5 ਕਿਲੋਮੀਟਰ ਦੀ ਦੌੜ ਸੱਜੇ ਪੈਰ ਵਿਚ ਆਈ ਮੋਚ ਜੋ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੋਈ, ਦੇ ਬਾਵਜੂਦ ਵੀ ਤੇਜ਼ੀ ਨਾਲ ਕੇਵਲ 36 ਮਿੰਟ ਤੇ 56 ਸਕਿੰਟ ਵਿਚ ਲਗਾਈ ਅਤੇ ਆਪਣੇ ਉਮਰ ਵਰਗ ਦੇ 21 ਦੌੜਾਕਾਂ ਵਿੱਚੋਂ 16ਵਾਂ ਸਥਾਨ ਪ੍ਰਾਪਤ ਕੀਤਾ। ਇਸ ਦੌੜ ਵਿਚ 299 ਦੌੜਾਕਾਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ 133 ਮਰਦ ਅਤੇ 166 ਇਸਤਰੀਆਂ ਸਨ। ਇਹ ਦੌੜ ਟੋਰਾਂਟੋ ਕੌਰੋਨੇਸ਼ਨ ਪਾਰਕ ਤੋਂ ਸਵੇਰੇ 9.00 ਵਜੇ ਸ਼ੁਰੂ ਹੋਈ ਅਤੇ ਸਾਰੇ ਦੌੜਾਕ ਮਾਰਟਿਨ ਗੁੱਡਮੈਨ ਟਰੇਲ ਤੋਂ ਗੁਜ਼ਰਦੇ ਹੋਏ ਲੇਕਸ਼ੋਰ ਤੀਕ ਪਹੁੰਚੇ। ਓਸੇ ਹੀ ਦਿਨ ਸ਼ਾਮ ਦੇ 5.30 ਦੂਸਰੀ ਦਿਲਚਸਪ ਦੌੜ, ਜਿਹੜੀ ਕਿ 31 ਅਕਤੂਬਰ ਨੂੰ ਆ ਰਹੀ ਹੈਲੋਵੀਨ ਨੂੰ ਸਮੱਰਪਿਤ ਕੀਤੀ ਗਈ ਸੀ ਅਤੇ ਇਸ ਵਿਚ ਹਰੇਕ ਦੌੜਾਕ ਨੇ ਇਕ ਵੱਡਾ ‘ਹਲਵਾ’ (ਪੌਂਪਕਿਨ) ਆਪਣੇ ਹੱਥਾਂ ਵਿਚ ਫੜ ਕੇ ਇਸ ਨੂੰ ਡਿੱਗਣ ਤੋਂ ਬਚਾਉਂਦਿਆਂ ਹੋਇਆਂ ਦੌੜਨਾ ਸੀ, ਵਿਚ ਵੀ ਸੰਜੂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌੜ ਵਿਚ ਸਫ਼ਲ ਹੋਣ ਵਾਲਿਆਂ ਲਈ ਉਸ ‘ਹਲਵੇ’ ਦਾ ਸਾਬਤ-ਸਬੂਤ ‘ਫਿਨਿਸ਼ ਲਾਈਨ’ ਤੱਕ ਪਹੁੰਚਾਉਣਾ ਜ਼ਰੂਰੀ ਸੀ ਅਤੇ ਫਿਰ ਇਹ ਖ਼ਾਸ ‘ਪੌਪਕਿਨ’ ਵੀ ਉਨ੍ਹਾਂ ਦੇ ਹੋ ਜਾਣੇ ਸਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਵਿਸ਼ੇਸ਼ ਕਿਸਮ ਦੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਣਾ ਸੀ । ਇਸ ਲਈ ਸਾਰੇ ਦੌੜਾਕ ਪੂਰੀ ਸਾਵਧਾਨੀ ਨਾਲ ਦੌੜੇ ਜਿਸ ਕਰਕੇ ਇਸ ਦੌੜ ਵਿਚ ਕੁਝ ਕੁ ਵਧੇਰੇ ਸਮਾਂ ਲੱਗਣਾ ਸੁਭਾਵਿਕ ਸੀ।
ਇਹ ਦੌੜ ਓਨਟਾਰੀਓ ਸਾਇੰਸ ਸੈਂਟਰ ਤੋਂ ਸ਼ੁਰੂ ਹੋਈ ਅਤੇ ਸੰਨੀ ਬਰੁੱਕ ਪਾਰਕ ਤੋਂ ਹੁੰਦੀ ਹੋਈ ਵਾਪਸ ਓਨਟਾਰੀਓ ਸਾਇੰਸ ਸੈਂਟਰ ਵਿਖੇ ਹੀ ਸਮਾਪਤ ਹੋਈ। ਸੰਜੂ ਗੁਪਤਾ ਨੇ ਇਸ 10 ਕਿਲੋਮੀਟਰ ਦੌੜ ਲਈ ਇਕ ਘੰਟਾ 13 ਮਿੰਟ ਤੇ 24 ਸਕਿੰਟ ਦਾ ਸਮਾਂ ਲਿਆ ਅਤੇ 176 ਦੌੜਾਕਾਂ ਵਿੱਚੋਂ 102ਵਾਂ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਦੋਹਾਂ ਦੌੜ ਨਾਲ ਉਹ ਇਸ ਸਾਲ 2019 ਦੌਰਾਨ ਹੁਣ ਤੀਕ 45 ਦੌੜਾਂ ਵਿਚ ਸਫ਼ਲਤਾ ਪੂਰਵਕ ਹਿੱਸਾ ਲੈ ਚੁੱਕਾ ਹੈ ਅਤੇ ਅਗਲੇ ਵੀਕ ਐਂਡ ‘ਤੇ ਤਿੰਨ ਹੋਰ ਦੌੜਾਂ ਵਿਚ ਭਾਗ ਲੈ ਰਿਹਾ ਹੈ ਜਿਨ੍ਹਾਂ ਵਿਚ ਸ਼ਨੀਵਾਰ ਨੂੰ ਦੋ ਦੌੜਾਂ 5 ਤੇ 10 ਕਿਲੋਮੀਟਰ ਦੀਆਂ ਹਨ ਅਤੇ ਐਤਵਾਰ ਵਾਲੀ ਹਾਫ਼ ਮੈਰਾਥਨ 21 ਕਿਲੋਮੀਟਰ ਦੀ ਹੈ। ਇਸ ਤਰ੍ਹਾਂ ਅਗਲੇ ਹਫ਼ਤੇ ਉਹ ਇਸ ਸਾਲ ਦੀਆਂ 48 ਦੌੜਾਂ ਦਾ ਅੰਕੜਾ ਪਾਰ ਕਰ ਲਵੇਗਾ, ਜਦਕਿ ਉਸ ਦਾ ਟੀਚਾ 55 ਦੌੜਾਂ ਤੋਂ ਉੱਪਰ ਦਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਟੀ.ਪੀ.ਏ.ਆਰ. ਕਲੱਬ ਦੇ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ ਜਿਨ੍ਹਾਂ ਨੇ ਬੋਸਟਨ ਮੈਰਾਥਨ ਲਈ ਕੁਆਲੀਫ਼ਾਈ ਕੀਤਾ ਹੈ, 20 ਅਪ੍ਰੈਲ 2020 ਨੂੰ ਇਸ ਵਿਚ ਭਾਗ ਲੈਣ ਲਈ ਕਲੱਬ ਦੇ ਆਪਣੇ ਕੁਝ ਸਾਥੀਆਂ ਨਾਲ 18 ਅਪ੍ਰੈਲ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਜਾ ਰਹੇ ਹਨ ਅਤੇ ਉਨ੍ਹਾਂ ਦੀ ਇਸ ਮੈਰਾਥਨ ਦੌੜ ਵਿਚ ਸਫ਼ਲਤਾ ਲਈ ਬਹੁਤ ਸਾਰੇ ਦੌੜ ਦੇ ਸ਼ੋਕੀਨਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਵਿਚੋਂ ਕਈਆਂ ਨੇ 500-500 ਡਾਲਰ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਏਸੇ ਸਿਲਸਿਲੇ ਵਿਚ ‘ਰੈੱਡ ਰੌਕ ਟਰੱਕਿੰਗ ਕੰਪਨੀ’ ਦੇ ਸੋਢੀ ਕੰਗ ਜੋ ਖ਼ੁਦ ਆਪ ਵੀ ਬਹੁਤ ਵਧੀਆ ਦੌੜਾਕ ਹਨ ਅਤੇ ਉਨ੍ਹਾਂ ਨੇ 20 ਅਕਤੂਬਰ ਨੂੰ ਹੋਈ ਸਕੋਸ਼ੀਆ ਵਾਟਰਫ਼ਰੰਟ ਹਾਫ਼ ਮੈਰਾਥਨ ਕਲੱਬ ਦੇ ਮੈਂਬਰਾਂ ਵਿੱਚੋਂ ਸੱਭ ਤੋਂ ਤੇਜ਼ ਦੌੜ ਕੇ 1 ਘੰਟਾ 49 ਮਿੰਟ ਵਿਚ ਸੰਪੰਨ ਕੀਤੀ ਸੀ, ਨੇ 600 ਡਾਲਰਾਂ ਨਾਲ ਧਿਆਨ ਸਿੰਘ ਸੋਹਲ ਨੂੰ ਇਸ ਮੈਰਾਥਨ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ਹਨ।

Check Also

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ : ਫੋਰਡ

Parvasi News, Ontario  ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਕਿਊਬਿਕ ਦੀ ਤਰਜ਼ ਉੱਤੇ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਖਿਲਾਫ ਟੈਕਸ ਨਹੀਂ ਲਾਵੇਗਾ। ਟੋਰਾਂਟੋ ਜ਼ੂ ਵਿੱਚ ਖੋਲ੍ਹੇ ਗਏ ਵੈਕਸੀਨੇਸ਼ਨ ਕਲੀਨਿਕ ਦਾ ਜਾਇਜ਼ਾ ਲੈਣ ਗਏ ਫੋਰਡ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਵੱਖਰੀ ਤਰ੍ਹਾਂ ਦੀ ਪਹੁੰਚ ਅਪਣਾ ਰਹੇ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨੇ ਆਖਿਆ ਕਿ ਕਿਊਬਿਕ ਦੀ ਯੋਜਨਾ ਉਨ੍ਹਾਂ ਨੂੰ ਦੰਡ ਦੇਣ ਵਰਗੀ ਲੱਗ ਰਹੀ ਹੈ ਤੇ ਉਨ੍ਹਾਂ ਦੇ ਪ੍ਰੋਵਿੰਸ ਵੱਲੋਂ ਇਸ ਤਰ੍ਹਾਂ ਦੇ ਮਾਪਦੰਡ ਲਿਆਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਡਾ· ਕੀਰਨ ਮੂਰ ਨੇ ਆਖਿਆ ਕਿ ਸਾਡੇ ਵੱਲੋਂ ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਸਰਕਾਰ ਨੂੰ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸੀਂ ਬਾਲਗਾਂ ਨੂੰ ਹਮੇਸ਼ਾਂ ਵੈਕਸੀਨੇਸ਼ਨ ਦੇ ਫਾਇਦੇ ਦੱਸ ਕੇ ਹੀ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤੇ ਇਸੇ ਤਰ੍ਹਾਂ ਹੀ ਅਸੀਂ ਉਪਲਬਧਤਾ ਤੇ ਪਹੁੰਚ ਨੂੰ ਵਧਾਉਣਾ ਚਾਹੁੰਦੇ ਹਾਂ। ਗੌਰਤਲਬ ਹੈ ਕਿ ਸਤੰਬਰ ਵਿੱਚ ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਸਬੂਤ ਸਬੰਧੀ ਸਿਸਟਮ ਸੁ਼ਰੂ ਕੀਤਾ ਗਿਆ ਸੀ, ਇਸ ਤਹਿਤ ਉਨ੍ਹਾਂ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਤੋਂ ਛੋਟ ਦਿੱਤੀ ਗਈ ਸੀ ਜਿਹੜੇ ਮੈਡੀਕਲ ਕਾਰਨਾਂ ਕਰਕੇ ਸ਼ੌਟਸ ਨਹੀਂ ਸਨ ਲਵਾ ਸਕਦੇ।