Breaking News
Home / ਕੈਨੇਡਾ / ਪੰਜਾਬੀਆਂ ਨੇ ਰਲ ਮਿਲ ਕੇ ਮਨਾਇਆ ਕੈਨੇਡਾ ਡੇਅ

ਪੰਜਾਬੀਆਂ ਨੇ ਰਲ ਮਿਲ ਕੇ ਮਨਾਇਆ ਕੈਨੇਡਾ ਡੇਅ

ਪੈਰਿਟੀ ਰੋਡ ਵਿਖੇ ਮਨਾਏ ਕੈਨੇਡਾ ਡੇਅ ‘ਤੇ ਸੰਤ ਸੀਚੇਵਾਲ ਵੀ ਪਹੁੰਚੇ
ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੇ ਪੈਰਿਟੀ ਰੋਡ ਨੇੜਲੇ ਪੰਜਾਬੀਆਂ ਨੇ ਨਵੇਂ ਬਣੇ ਪਾਰਕ ਵਿਚ ਰਲ ਮਿਲ ਕੇ ‘ਕੈਨੇਡਾ ਡੇਅ’ ਮਨਾਇਆ ਜਿਸ ਵਿਚ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਸੰਤ  ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।  ਉਨ੍ਹਾਂ ਦੇ ਨਾਲ ਹੀ ਵੱਡੀ ਗਿਣਤੀ ਵਿਚ ਆਏ ਬਜ਼ੁਰਗਾਂ ਤੋਂ ਇਲਾਵਾ, ਇਸ ਇਲਾਕੇ ਦੀ ਮੈਂਬਰ ਪਾਰਲੀਮੈਂਟ ਕਮਲ ਖਹਿਰਾ, ਬ੍ਰਿਗੇਡੀਅਰ ਨਵਾਬ ਸਿੰਘ, ਭਗਤ ਪੂਰਨ ਸਿੰਘ ਪਿੰਗਲਵਾੜਾ ਸੋਸਾਇਟੀ ਅਮ੍ਰਿਤਸਰ ਦੀ ਕੈਨੇਡਾ ਵਿਚ ਨੁਮਾਇੰਦਗੀ ਕਰ ਰਹੀ  ਅਭਿਨਾਸ਼ ਕੌਰ ਅਤੇ ਉੱਘੇ ਪੱਤਰਕਾਰ ਸਤਪਾਲ ਜੌਹਲ ਨੇ ਵੀ ਇਸ ਸਮਾਗਮ ਦੀ ਸ਼ੋਭਾ ਵਧਾਈ।
ਸੰਤ ਸੀਚੇਵਾਲ ਨੇ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਗੰਦੇ ਪਾਣੀ ਦਾ ਨਿਕਾਸੀ ਨਾਲਾ ਬਣ ਚੁੱਕੀ 160 ਕਿਲੋਮੀਟਰ ਲੰਬੀ, ਪਵਿਤਰ ਕਾਲ਼ੀ ਬੇਈ ਦੀ ਸਫ਼ਾਈ ਬਾਰੇ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਪਹਿਲਾਂ ਸਭ ਨੇ ਅਸੰਭਵ ਕਿਹਾ ਪਰ ਹੌਲੀ-ਹੌਲੀ ਲੋਕ ਨਾਲ ਜੁੜਦੇ ਗਏ ਅਤੇ ਇਹ ਔਖਾ ਕੰਮ ਸੰਭਵ ਹੋ ਸਕਿਆ।  ਇਸੇ ਇਲਾਕੇ ਵਿਚਲੇ ਕੱਚੇ ਵਿੰਗ ਤੜਿੰਗੇ ਰਾਹਾਂ ਨੂੰ ਆਮ ਲੋਕਾਂ ਦੀ ਸਹਾਇਤਾ ਨਾਲ ਸਿੱਧੇ ਕਰਵਾਕੇ, ਕੱਚੇ ਤੋਂ ਪੱਕੇ ਕਰਨ ਬਾਰੇ ਵੀ ਦੱਸਿਆ।  ਉਨ੍ਹਾਂ ਦੱਸਿਆ ਕਿ ਬਹੁੱਤ ਸਧਾਰਨ ਢੰਗਾਂ ਨਾਲ ਪਿੰਡਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਕੇ ਖੇਤੀ ਲਈ ਵਰਤਣ ਯੋਗ ਬਣਾਇਆ ਜਾਣ ਲੱਗਾ। ਇਸ ਨਾਲ ਜਿੱਥੇ ਪ੍ਰਦੂਸ਼ਣ ਘਟਿਆ ਉੱਥੇ ਪਾਣੀ ਦੀ ਬੱਚਤ ਵੀ ਹੋਈ।  ਉਨ੍ਹਾਂ ਦੱਸਿਆ ਕਿ ਇਸ ਮਾਡਲ ਨੂੰ ਵੇਖਣ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਦੋ ਵਾਰ ਆਏ ਅਤੇ ਸਰਕਾਰ ਵਲੋਂ ਉਨ੍ਹਾਂ ਨੂੰ ਪਦਮ ਸ੍ਰੀ ਦਾ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ।  ਉਨ੍ਹਾਂ ਦੁਆਰਾ ਪਾਣੀ ਨੂੰ ਸਾਫ਼ ਕਰਨ ਵਾਲਾ ਮਾਡਲ ਜੋ 14-15 ਹਜ਼ਾਰ ਦੀ ਅਬਾਦੀ ਵਾਲੇ ਪਿੰਡ ਜਾਂ ਸ਼ਹਿਰ ਲਈ ਵਰਤਿਆ ਜਾ ਸਕਦਾ ਹੈ, ਨੂੰ ਭਾਰਤ ਵਿਚ ਚੱਲ ਰਹੇ ਗੰਗਾਂ ਸਫ਼ਾਈ ਯੋਜਨਾ ਵਿਚ ਵਰਤਿਆ ਜਾ ਰਿਹਾ ਹੈ, ਜਿਸ ਲਈ ਹਰ ਹਫ਼ਤੇ ਗੰਗਾ ਕਿਨਾਰੇ ਦੇ ਪਿੰਡਾਂ ਵਿਚਲੇ ਲੋਕ ਇਸ ਕਾਰਜ ਨੂੰ ਵੇਖਣ ਆਉਂਦੇ ਹਨ।
ਪ੍ਰੋਗਰਾਮ ਦੇ ਸ਼ੁਰੂ ਵਿਚ ਪੱਤਰਕਾਰ ਸਤਪਾਲ ਜੌਹਲ ਅਤੇ ਬ੍ਰਿਗੇਡੀਅਰ ਨਵਾਬ ਸਿੰਘ ਨੇ ਸੰਤ ਸੀਚੇਵਾਲ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਦਸਦਿਆਂ ਉਨ੍ਹਾਂ ਦੇ ਚੰਗੇ ਕੰਮ ਦੀ ਪ੍ਰਸੰਸਾ ਕੀਤੀ।  ਬ੍ਰਿਗੇਡੀਅਰ ਨਵਾਬ ਸਿੰਘ ਨੇ ਸੰਤਾਂ ਵਲੋਂ ਇਲਾਕੇ ਨੂੰ ਹਰਾ ਭਰਾ ਬਣਾਉਣ ਲਈ ਦਰਖਤ ਲਾਉਣ ਵਿਚ ਪਾਏ ਜਾ ਰਹੇ ਯੋਗਦਾਨ ਬਾਰੇ ਵੀ ਦੱਸਿਆ।  ਉਨ੍ਹਾਂ ਕਿਹਾ ਕਿ ਪਾਰਕ ਦਾ ਨਾ ਵਾਤਵਰਣ ਪ੍ਰੇਮੀ ਸੰਤ ਸੀਚੇਵਾਲ ਦੇ ਨਾ ਤੇ ਰੱਖਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।  ਸ੍ਰੀਮਤੀ ਅਭਿਨਾਸ਼ ਕੌਰ, ਜਿਨ੍ਹਾਂ ਨੂੰ ਅਮ੍ਰਿਤਸਰ ਪਿੰਗਲਵਾੜੇ ਦੀ ਸਰਪ੍ਰਸਤ ਡਾ ਇੰਦਰਜੀਤ ਕੌਰ ਨੇ ਕਨੇਡਾ ਵਿਚ ਜੁਮੇਵਾਰੀ ਸੌਂਪੀ ਹੋਈ ਹੈ, ਨੇ ਦੱਸਿਆ ਕਿ ਇਸ ਦੇਸ਼ ਵਿਚਲੇ ਗੁਰੂ ਘਰਾਂ ਵਿਚ ਰੱਖੀਆਂ ਦਾਨ ਪੇਟੀਆਂ ਵਿਚੋਂ ਹਰ ਮਹੀਨੇ ਇਕੱਠਾ ਹੋਇਆ ਤਕਰਬੀਨ 50,000 ਡਾਲਰ ਪਿੰਗਲਵਾੜੇ ਦੀ ਸਹਾਇਤਾ ਲਈ ਭੇਜਿਆ ਜਾ ਰਿਹਾ ਹੈ।  ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੇ ਅਪਣੇ ਆਪ ਨੂੰ ਲੋਕਾਂ ਦੀ ਸੇਵਕ ਦਸਦਿਆਂ ਕਿਹਾ ਕਿ ਉਨ੍ਹਾਂ ਦਾ ਦਫ਼ਤਰ ਲੋਕਾਂ ਦੀਆਂ ਮੁਸ਼ਕਲਾਂ  ਦੂਰ ਕਰਨ ਲਈ ਹਮੇਸ਼ਾ ਖੁਲ੍ਹਾ ਹੈ, ਜਿਸ ਵਿਚ ਹਰ ਸਮੇਂ ਵਸਨੀਕਾਂ ਦਾ ਸੁਆਗਤ ਹੈ।
ਇਸ ਸਮਾਗਮ ਦਾ ਪ੍ਰਬੰਧ ਕੈਪਟਨ ਇਕਬਾਲ ਸਿੰਘ ਵਿਰਕ (647 631 9445) ਨੇ ਅਪਣੇ ਸਾਥੀਆਂ ਨਾਲ ਰਲ ਕੇ ਕੀਤਾ। ਇਸ ਸਮੇਂ ਉਨ੍ਹਾਂ ਵਲੋਂ ਚੰਗੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਸੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …