Breaking News
Home / ਪੰਜਾਬ / ਭਾਜਪਾ ਸਿੱਖ ਆਗੂਆਂ ਨੂੰ ਮੂਹਰਲੀ ਕਤਾਰ ‘ਚ ਬਿਠਾਉਣ ਲੱਗੀ

ਭਾਜਪਾ ਸਿੱਖ ਆਗੂਆਂ ਨੂੰ ਮੂਹਰਲੀ ਕਤਾਰ ‘ਚ ਬਿਠਾਉਣ ਲੱਗੀ

ਕੈਪਟਨ ਸਰਕਾਰ ਦੇ ਇਸ਼ਾਰੇ ‘ਤੇ ਹੋ ਰਹੇ ਨੇ ਪੰਜਾਬ ‘ਚ ਭਾਜਪਾ ਆਗੂਆਂ ‘ਤੇ ਹਮਲੇ: ਅਸ਼ਵਨੀ ਸ਼ਰਮਾ
ਲੁਧਿਆਣਾ/ਬਿਊਰੋ ਨਿਊਜ਼ : ਤਿੰਨ ਖੇਤੀ ਕਾਨੂੰਨਾਂ ਕਾਰਨ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਨੇ ਹੁਣ ਕਿਸਾਨਾਂ ਨੂੰ ਭਰਮਾਉਣ ਲਈ ਆਪਣੇ ਸਮਾਗਮਾਂ ‘ਚ ਆਪਣੇ ਸਿੱਖ ਆਗੂਆਂ ਨੂੰ ਮੂਹਰਲੀਆਂ ਕਤਾਰਾਂ ‘ਚ ਬਿਠਾਉਣਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਵਿੱਚ ਹੋਈ ਭਾਜਪਾ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਮੂਹਰਲੀ ਕਤਾਰ ਵਿੱਚ ਸਿੱਖ ਆਗੂਆਂ ਨੂੰ ਬਿਠਾਇਆ ਗਿਆ ਜਦਕਿ ਭਾਜਪਾ ਦੇ ਸੂਬਾ ਉਪ ਪ੍ਰਧਾਨ ਤੇ ਹੋਰ ਆਗੂ ਪਿਛਲੀਆਂ ਕੁਰਸੀਆਂ ‘ਤੇ ਬੈਠੇ ਸਨ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਵਰਕਰਾਂ ਨੂੰ ਚੋਣਾਂ ਦੀ ਤਿਆਰੀ ਕਰਨ ਲਈ ਕਿਹਾ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਮਲੋਟ ‘ਚ ਭਾਜਪਾ ਵਿਧਾਇਕ ‘ਤੇ ਹਮਲਾ, ਪੂਰੀ ਵਿਧਾਨ ਸਭਾ ‘ਤੇ ਹਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ‘ਤੇ ਵੀ ਹਮਲਾ ਹੋ ਚੁੱਕਿਆ ਹੈ। ਇਨ੍ਹਾਂ ਹਮਲਿਆਂ ਪਿੱਛੇ ਸਿੱਧੇ ਤੌਰ ‘ਤੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਇਨ੍ਹਾਂ ਹਮਲਿਆਂ ਦੀ ਨਿਖੇਧੀ ਕਰਦੇ ਹਨ ਪਰ ਅਖ਼ੀਰ ‘ਚ ਦੋ ਲਾਈਨਾਂ ਬੋਲ ਕੇ ਹਮਲਾ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਦੇ ਦਿੰਦੇ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੋਕਤੰਤਰ ‘ਚ ਹਰ ਕਿਸੇ ਨੂੰ ਵਿਰੋਧ ਕਰਨ ਦਾ ਹੱਕ ਹੈ, ਪਰ ਕਿਸੇ ਦੇ ਪ੍ਰੋਗਰਾਮ ‘ਚ ਜਾ ਕੇ ਵਿਘਨ ਪਾਉਣ ਦਾ ਹੱਕ ਕਿਸੇ ਨੂੰ ਨਹੀਂ ਹੈ। ਇਨ੍ਹਾਂ ਹਮਲਿਆਂ ਪਿੱਛੇ ਗੁੰਡਾਤੰਤਰ ਹੈ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦਾ ਹੈ। ਹਮਲਾ ਰੋਕਣ ‘ਚ ਪੰਜਾਬ ਦੀ ਕੈਪਟਨ ਸਰਕਾਰ ਫੇਲ੍ਹ ਹੋ ਚੁੱਕੀ ਹੈ। ਅਸ਼ਵਨੀ ਸ਼ਰਮਾ ਅਨੁਸਾਰ ਕੁਝ ਸ਼ਰਾਰਤੀ ਅਨਸਰ ਤੇ ਸਿਆਸੀ ਪਾਰਟੀਆਂ ਦੇ ਆਗੂ ਆਪਣੇ ਫਾਇਦੇ ਲਈ ਇਸ ਅੰਦੋਲਨ ਨੂੰ ਤੂਲ ਦੇ ਰਹੇ ਹਨ ਤਾਂ ਕਿ ਉਹ ਆਪਣਾ ਵੋਟ ਬੈਂਕ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੀ ਨਹੀਂ ਹੈ। ਭਾਜਪਾ ਵਰਕਰ ਸਿਪਾਹੀ ਵਾਂਗ ਆਪਣਾ ਕੰਮ ਕਰਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦੌਰੇ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਸਨ। ਸਰਕਟ ਹਾਊਸ ਵਿੱਚ ਬਿਨਾਂ ਚੈਕਿੰਗ ਤੋਂ ਕਿਸੇ ਵੀ ਵਿਅਕਤੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਪੰਜਾਬ ਪੁਲਿਸ ਨਾਲ ਕਮਾਂਡੋ ਵੀ ਸੁਰੱਖਿਆ ਵਿੱਚ ਲਗਾਏ ਗਏ ਸਨ।

 

Check Also

ਪੰਜਾਬ ਦੇ ਬਜਟ ਇਜਲਾਸ ਦਾ ਅੱਜ ਦਾ ਦਿਨ ਹੰਗਾਮਿਆਂ ਭਰਪੂਰ ਰਿਹਾ

ਮੀਡੀਆ ਨਾਲ ਗੱਲਬਾਤ ਕਰਦਿਆਂ ਰੋ ਪਏ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ …