8 C
Toronto
Wednesday, October 29, 2025
spot_img
Homeਪੰਜਾਬਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਯੋਗਾ ਕਰਦੀ ਲੜਕੀ ਦੀਆਂ ਤਸਵੀਰਾਂ ਹੋਈਆਂ...

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਦੀ ਲੜਕੀ ਦੀਆਂ ਤਸਵੀਰਾਂ ਹੋਈਆਂ ਵਾਇਰਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ‘ਚ ਮਚਿਆ ਹੜਕੰਪ
ਅੰਮ੍ਰਿਤਸਰ/ਬਿਊਰੋ ਨਿਊਜ਼ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਘੇ ਦਿਨੀਂ ਕੌਮਾਂਤਰੀ ਯੋਗ ਦਿਵਸ ਮੌਕੇ ਪਰਿਕਰਮਾ ਵਿਚ ਇਕ ਲੜਕੀ ਦੀ ਯੋਗਾ ਕਰਦਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਜਿਸ ਦੀ ਸਿੱਖ ਸੰਗਤਾਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਰਚਨਾ ਮਕਬਾਨਾ ਨਾਂ ਦੀ ਇਸ ਲੜਕੀ ਨੇ ਲੰਘੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ‘ਚ ਯੋਗਾ ਕਰਦਿਆਂ ਦੀਆਂ ਤਸਵੀਰਾਂ ਖਿਚਵਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਾਇਰਲ ਕੀਤੀਆਂ ਸਨ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰਿਆਂ ਵਿਚ ਹੜਕੰਪ ਮਚ ਗਿਆ। ਸ਼੍ਰੋਮਣੀ ਕਮੇਟੀ ਦੇ ਇਕ ਕਰਮਚਾਰੀ ਨੇ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅਤੇ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸੇ ਦੌਰਾਨ ਜਾਣਕਾਰੀ ਅਨੁਸਾਰ ਉਕਤ ਬੀਬੀ ਵਲੋਂ ਸੋਸ਼ਲ ਮੀਡੀਆ ‘ਤੇ ਹੀ ਪੋਸਟ ਅਪਲੋਡ ਕਰਕੇ ਹੁਣ ਆਪਣੀ ਇਸ ਗਲਤੀ ਦੀ ਮੁਆਫ਼ੀ ਮੰਗ ਲਈ ਹੈ। ਪਰਿਕਰਮਾ ਵਿਚ ਯੋਗਾ ਕਰਨ ਦੇ ਮਾਮਲੇ ਨੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ ਕੇ ਰੱਖ ਦਿੱਤੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਫੋਟੋ ਖਿੱਚਣ ਤੇ ਵੀਡੀਓਗ੍ਰਾਫ਼ੀ ਕਰਨ ‘ਤੇ ਲਗਾਈ ਪਾਬੰਦੀ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੁਣ ਵੀਡੀਓਗ੍ਰਾਫ਼ੀ ਕਰਨ ਅਤੇ ਫੋਟੋ ਖਿੱਚਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ‘ਚ ਵੱਡੀ ਗਿਣਤੀ ‘ਚ ਸੰਗਤ ਮੱਥਾ ਟੇਕਣ ਲਈ ਆਉਂਦੀ ਹੈ ਪਰ ਸੰਗਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ ਆ ਕੇ ਫੋਟੋਆਂ ਨਾ ਖਿੱਚਿਆ ਕਰੋ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਕਈ ਫਿਲਮਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫ਼ਿਲਮ ਦੀ ਪੂਰੀ ਟੀਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਉਂਦੀ ਹੈ। ਅਜਿਹੇ ‘ਚ ਉਨ੍ਹਾਂ ਦੇ ਨਾਲ ਵੀਡੀਓਗ੍ਰਾਫ਼ੀ ਦੀ ਟੀਮ ਵੀ ਹੁੰਦੀ ਹੈ ਪਰ ਉਹ ਹੁਣ ਵੀਡੀਓਗ੍ਰਾਫ਼ੀ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਸੰਗਤ ਦੇ ਤੌਰ ‘ਤੇ ਦਰਬਾਰ ਸਾਹਿਬ ਆਉਂਦਾ ਹੈ ਤਾਂ ਉਹ ਮੱਥਾ ਟੇਕ ਸਕਦਾ ਹੈ ਅਤੇ ਅਰਦਾਸ ਕਰ ਸਕਦਾ ਹੈ ਪਰ ਹੁਣ ਫਿਲਮੀ ਸਿਤਾਰੇ ਸ੍ਰੀ ਦਰਬਾਰ ਸਾਹਿਬ ਵਿਖੇ ਆ ਕੇ ਫ਼ਿਲਮ ਸਬੰਧੀ ਪ੍ਰਚਾਰ ਨਹੀਂ ਕਰ ਸਕਣਗੇ।
ਪਰਿਕਰਮਾ ‘ਚ ਯੋਗਾ ਕਰਨ ਵਾਲੀ ਲੜਕੀ ਨੂੰ ਪੁਲਿਸ ਨੇ ਭੇਜਿਆ ਨੋਟਿਸ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਨਵੇਂ ਨਿਯਮ ਬਣਾ ਦਿੱਤੇ ਹਨ। ਜਿਵੇਂ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਅੰਦਰ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਲਿਜਾਣ ਦੀ ਪੂਰਨ ਤੌਰ ‘ਤੇ ਪਾਬੰਦੀ ਹੈ, ਉਸੇ ਤਰ੍ਹਾਂ ਪਰਿਕਰਮਾ ਦੌਰਾਨ ਤੁਸੀਂ ਫੋਟੋਗ੍ਰਾਫ਼ੀ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਹਰ ਵਿਅਕਤੀ ਦਾ ਸਿਰ ਢਕਿਆ ਹੋਣਾ ਚਾਹੀਦਾ ਤੇ ਪਵਿੱਤਰ ਸਰੋਵਰ ਵਿਚ ਵੀ ਸਿਰਫ਼ ਤੁਸੀਂ ਡੁਬਕੀ ਹੀ ਲਗਾ ਸਕਦੇ ਹੋ ਪਰ ਤੈਰ ਨਹੀਂ ਸਕਦੇ। ਇਸੇ ਤਰ੍ਹਾਂ ਪਰਿਕਰਮਾ ਦੌਰਾਨ ਹਰ ਸ਼ਰਧਾਲੂ ਨੂੰ ਆਪਣਾ ਮੋਬਾਇਲ ਫੋਨ ਬੰਦ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ। ਉਧਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ‘ਤੇ ਪੰਜਾਬ ਪੁਲਿਸ ਵੱਲੋਂ ਨੋਟਿਸ ਭੇਜ ਦਿੱਤਾ ਗਿਆ ਹੈ।

 

RELATED ARTICLES
POPULAR POSTS