7.2 C
Toronto
Sunday, November 23, 2025
spot_img
Homeਪੰਜਾਬਮਰਿਆਦਾ ਦੀ ਉਲੰਘਣਾ ਕਰਨ ਵਾਲੇ ਪੰਜ ਜਣੇ ਪੰਥ 'ਚੋਂ ਛੇਕੇ

ਮਰਿਆਦਾ ਦੀ ਉਲੰਘਣਾ ਕਰਨ ਵਾਲੇ ਪੰਜ ਜਣੇ ਪੰਥ ‘ਚੋਂ ਛੇਕੇ

logo-2-1-300x105-3-300x105ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਨੂੰ ਆਸ਼ੂਤੋਸ਼ ਦੇ ਡੇਰੇ ‘ਤੇ ਜਾ ਕੇ ਕੀਰਤਨ ਕਰਨ
ਦੇ ਦੋਸ਼ ਹੇਠ ਤਨਖ਼ਾਹ ਲਾਈ, ਵਰਜੀਨੀਆ ਦੇ ਗੁਰਦੁਆਰੇ ‘ਚ ਹੋਈ ਸੀ ਉਲੰਘਣਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਅਮਰੀਕਾ ਦੇ ਸ਼ਹਿਰ ਵਰਜੀਨੀਆ ਦੇ ਗੁਰਦੁਆਰੇ ਵਿੱਚ ਅੰਮ੍ਰਿਤ ਸੰਚਾਰ ਮਰਿਆਦਾ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਬੰਧਤ ਪੰਜ ਵਿਅਕਤੀਆਂ ਨੂੰ ਪੰਥ ਵਿੱਚੋਂ ਛੇਕਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ઠਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਨੂੰ ਆਸ਼ੂਤੋਸ਼ ਦੇ ਡੇਰੇ ‘ਤੇ ਕੀਰਤਨ ਕਰਨ ਦੇ ਦੋਸ਼ ‘ਚ ਦਸ ਦਿਨ ਬਰਤਨ ਸਾਫ਼ ਕਰਨ ਦੀ ਤਨਖ਼ਾਹ ਲਾਈ ਗਈ ਹੈ। ਇਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਸ਼ਾਮਲ ਹੋਏ। ઠਜਥੇਦਾਰ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਵਰਜੀਨੀਆ ਦੇ ਗੁਰਦੁਆਰੇ ਦੇ ਪੰਜ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ। ਕੁਲਦੀਪ ਸਿੰਘ, ਗੁਰਦੀਪ ਸਿੰਘ, ઠਅਮਰਜੀਤ ਸਿੰਘ, ਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਨਰੂਲਾ ਨੂੰ ਅੰਮ੍ਰਿਤ ਸੰਚਾਰ ਦੀ ਮਰਿਆਦਾ ਦੀ ਉਲੰਘਣਾ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਮੂਹ ਸਿੱਖ ਸੰਗਤ ਨੂੰ ਇਨ੍ਹਾਂ ਨਾਲ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਮੇਲ ਮਿਲਾਪ ਨਾ ਰੱਖਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ 15 ਅਪਰੈਲ, 2016 ਨੂੰ ਵਰਜੀਨੀਆ ਦੇ ਗੁਰਦੁਆਰੇ ਦੇ ਇਨ੍ਹਾਂ ਵਿਅਕਤੀਆਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਅੰਮ੍ਰਿਤ ਸੰਚਾਰ ਕੀਤਾ ਸੀ ਅਤੇ ਮਰਿਆਦਾ ਦੀ ਉਲੰਘਣਾ ਕਰਦਿਆਂ ਪੰਜ ਬਾਣੀਆਂ ਦਾ ਪਾਠ ਕਰਨ ਦੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਅੰਗਾਂ ਦੀ ਬਾਣੀ ਪੜ੍ਹ ਕੇ ਅੰਮ੍ਰਿਤ ਸੰਚਾਰ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਮਾਮਲੇ ਦੀ ਜਾਂਚ ਕਰਾਈ ਗਈ ਸੀ ਅਤੇ ਰਿਪੋਰਟ ਦੇ ਆਧਾਰ ‘ਤੇ ਇਨ੍ਹਾਂ ਨੂੰ 4 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ ਸੀ ਪਰ ਇਨ੍ਹਾਂ ਵਿਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ ਅਤੇ ਨਾ ਹੀ ਕੋਈ ਸਪੱਸ਼ਟੀਕਰਨ ਭੇਜਿਆ। ਉਨ੍ਹਾਂ ਦੱਸਿਆ ਕਿ ਇਸੇ ਗੁਰਦੁਆਰੇ ਦੇ ਭਾਈ ਸੁਰਿੰਦਰ ਸਿੰਘ, ਜੋ ਉਸ ਵੇਲੇ ਗ੍ਰੰਥੀ ਵਜੋਂ ਹਾਜ਼ਰ ਸਨ, ਨੇ ਪਿਛਲੇ ਦਿਨੀਂ ਵਾਸ਼ਿੰਗਟਨ ਡੀਸੀ ਦੇ ਗੁਰਦੁਆਰੇ ਵਿੱਚ ਇਸ ਮਾਮਲੇ ਸਬੰਧੀ ਸਿੱਖ ਸੰਗਤ ਕੋਲੋਂ ਮੁਆਫ਼ੀ ਮੰਗੀ ਸੀ। ਉਸ ਨੇ ਇਹ ਮੁਆਫੀਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਭੇਜਿਆ ਸੀ, ਜਿਸ ਨੂੰ ਵਿਚਾਰਨ ਮਗਰੋਂ ਸੁਰਿੰਦਰ ਸਿੰਘ ਨੂੰ 30 ਜੂਨ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਾਜ਼ਰ ਹੋ ਕੇ ਸਪੱਸ਼ਟੀਕਰਨ ਦੇਣ ਦੀ ਹਦਾਇਤ ਕੀਤੀ ਹੈ। ਨਾ ਆਉਣ ਦੀ ਸੂਰਤ ਵਿਚ ਉਸ ਖ਼ਿਲਾਫ਼ ਵੀ ਇਨ੍ਹਾਂ ਪੰਜ ਵਿਅਕਤੀਆਂ ਵਾਲਾ ਹੁਕਮਨਾਮਾ ਲਾਗੂ ਹੋਵੇਗਾ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਨੂੰ ਆਸ਼ੂਤੋਸ਼ ਦੇ ਡੇਰੇ ‘ਤੇ ਜਾ ਕੇ ਉਸ ਦੀ ਵਡਿਆਈ ਕਰਦਿਆਂ ਸ਼ਬਦ ਗਾਇਨ ਕਰਨ ਦੇ ਦੋਸ਼ ਹੇਠ ਤਨਖ਼ਾਹ ਲਾਈ ਗਈ। ਉਨ੍ਹਾਂ ਨੂੰ ਆਦੇਸ਼ ਦਿੱਤਾ ਕਿ ਉਹ ਖ਼ੁਦ ਇਕ ਸਹਿਜ ਪਾਠ ਕਰਨ ਜਾਂ ਸੁਣਨ, 10 ਦਿਨ ਲੰਗਰ ਵਿੱਚ ਬਰਤਨਾਂ ਦੀ ਸੇਵਾ ਕਰਨ ਅਤੇ ਮਗਰੋਂ 100 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾਉਣ। ਇਸ ਮਗਰੋਂ ਸੌ ਰੁਪਏ ਗੁਰੂ ਦੀ ਗੋਲਕ ਵਿੱਚ ਪਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਉਣ। ਜਥੇਦਾਰ ਗੁਰਬਚਨ ਸਿੰਘ ਨੇ ਦੱਸਿਆ ਕਿ ਰਾਗੀ ਬਲਬੀਰ ਸਿੰਘ ਨੇ ਆਪਣੀ ਗਲਤੀ ਸਵੀਕਾਰ ਕਰਦਿਆਂ ਖਿਮਾ ਯਾਚਨਾ ਲਈ ਅਪੀਲ ਕੀਤੀ ਸੀ। ਇਸ ਦੌਰਾਨ ਬਜ਼ੁਰਗ ਰਾਗੀ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਅਤੇ ਇਥੋਂ ਲਾਈ ਗਈ ਤਨਖਾਹ ਨੂੰ ਪੂਰਾ ਕਰਨਗੇ। ਉਹ ਕਈ ਵਰ੍ਹੇ ਪਹਿਲਾਂ ਆਸ਼ੂਤੋਸ਼ ਦੇ ਡੇਰੇ ‘ਤੇ ਗਏ ਸਨ।

RELATED ARTICLES
POPULAR POSTS