Breaking News
Home / ਪੰਜਾਬ / ਮਹਿਲਾਵਾਂ ਨੂੰ ਆਪਣੀ ਸੁਰੱਖਿਆ ਲਈ ਕਰਨਾ ਪੈਂਦਾ ਹੈ ਸੰਘਰਸ਼

ਮਹਿਲਾਵਾਂ ਨੂੰ ਆਪਣੀ ਸੁਰੱਖਿਆ ਲਈ ਕਰਨਾ ਪੈਂਦਾ ਹੈ ਸੰਘਰਸ਼

ਚੰਡੀਗੜ੍ਹ : ਮਹਿਲਾਵਾਂ ਵਿਰੁੱਧ ਹੁੰਦੇ ਅਪਰਾਧਾਂ ‘ਚੋਂ ਜਿੰਨੇ ਵਿਅਕਤੀਆਂ ਵਿਰੁੱਧ ਮਾਮਲੇ ਦਰਜ ਹੁੰਦੇ ਹਨ, ਉਨ੍ਹਾਂ ‘ਚੋਂ ਸਾਫ਼ ਬਰੀ ਹੋ ਜਾਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਅਰਥ ਹੈ ਕਿ ਜਾਂ ਤਾਂ ਕਿਧਰੇ ਪੁਲਿਸ ਤਫਤੀਸ਼ ਵਿੱਚ ਕਮੀ ਰਹਿੰਦੀ ਹੈ, ਜਾਂ ਇਹ ਤੱਤ ਭੜੱਤੀ ਵਿੱਚ (ਦਬਾਅ ਵਧਣ ‘ਤੇ) ਕੇਸ ਦਰਜ ਕਰਕੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ, ਜੋ ਤਫਤੀਸ਼ ਵਿਚਲੀਆਂ ਚੋਰ ਮੋਰੀਆਂ ਤੇ ਢਿੱਲਮੱਠ ਕਾਰਨ ਬਚ ਨਿਕਲਦੇ ਹਨ। ਜਾਂ ਇਹ ਕਹਿ ਸਕਦੇ ਹਾਂ ਕਿ ਮਹਿਲਾਵਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਓਨੀ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਬਹੁਤੀ ਵਾਰ ਪੁਲਿਸ ਦੀ ਭੂਮਿਕਾ ‘ਰਾਜ਼ੀਨਾਮਾ’ ਕਰਾਉਣ ਵਾਲੀ ਜਾਂ ‘ਗੱਲ ਉਤੇ ਮਿੱਟੀ’ ਪਾਉਣ ਦਾ ਦਬਾਅ ਬਣਾਉਣ ਵਾਲੀ ਹੁੰਦੀ ਹੈ। ਪਿਛਲੇ ਪੰਜ ਸਾਲਾਂ ਦੇ ਅੰਕੜੇ ਤਾਂ ਇਹੋ ਦਰਸਾਉਂਦੇ ਹਨ। ਵਰ੍ਹਾ 2019 ਬੀਤ ਗਿਆ ਹੈ। ਇਸ ਵਰ੍ਹੇ ਵੀ ਮਹਿਲਾਵਾਂ ਨੂੰ ਸੁਰੱਖਿਆ ਪੱਖੋਂ ਬੇਯਕੀਨੀ ਵਿੱਚ ਹੀ ਜਿਉਣਾ ਪਿਆ ਤੇ ਬਹੁਤੀਆਂ ਘਟਨਾਵਾਂ ਵਿੱਚ ਤਾਂ ਅੰਦੋਲਨ ਕਰਕੇ, ਧਰਨੇ ਮੁਜ਼ਾਹਰੇ ਲਾ ਕੇ ਕੇਸ ਦਰਜ ਕਰਾਉਣੇ ਪਏ ਹਨ। 2019 ਦੇ ਵਰ੍ਹੇ ਦੌਰਾਨ ਵੀ ਮਹਿਲਾਵਾਂ ਨੂੰ ਆਪਣੇ ਆਮ ਜਿਹੇ ਮਸਲਿਆਂ ਦੇ ਹੱਲ ਲਈ ਸਿਰਤੋੜ ਜੱਦੋਜਹਿਦ ਕਰਨੀ ਪਈ। ਪੰਜਾਬ ਭਰ ਵਿੱਚ ਜ਼ਮੀਨਾਂ, ਫ਼ਸਲਮਾਰੀ, ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ, ਬੇਰੁਜ਼ਗਾਰੀ (ਖ਼ਾਸ ਕਰ ਟ੍ਰੇਂਡ ਅਧਿਆਪਕਾਂ ਦੀ ਬੇਰੁਜ਼ਗਾਰੀ) ਨੂੰ ਲੈ ਕੇ ਸਾਲ ਭਰ ਸੰਘਰਸ਼ ਦੇ ਪਿੜ ਮਘੇ ਰਹੇ। ਇਨ੍ਹਾਂ ਸਾਰੇ ਸੰਘਰਸ਼ਾਂ ਵਿੱਚ ਮੁਟਿਆਰਾਂ, ਮਹਿਲਾਵਾਂ ਦੀ ਜ਼ੋਰਦਾਰ ਹਾਜ਼ਰੀ ਲੱਗਦੀ ਰਹੀ ਹੈ। ਪੰਜਾਬਣ ਘਰੋਂ ਤੁਰ ਪਈ ਹੈ, ਜਿਹੜੀ ਪੰਜਾਬਣ ਹਾਲੇ ਜੱਕਾਂ ਤੱਕਾਂ ਵਿੱਚ ਹੈ, ਉਹ ਵੀ ਸੰਘਰਸ਼ ਦੇ ਰਾਹ ਪੈਣ ਲਈ ਆਪਣੀ ਸਮਰੱਥਾ ਪਰਖ ਰਹੀ ਹੈ। ਵਰ੍ਹੇ ਭਰ ਦੌਰਾਨ ਪ੍ਰਮੁੱਖ ਸੰਘਰਸ਼ਾਂ ਵਿੱਚ ਔਰਤ ਨੇ ਆਪਣੀ ਭੂਮਿਕਾ ਨਿਭਾਈ ਹੈ। ਪੰਜਾਬ ਭਰ ਵਿੱਚ 2019 ਵਿੱਚ ਟਰੇਨਿੰਗ ਯਾਫ਼ਤਾ ਅਧਿਆਪਕਾਂ ਦੇ ਰੋਸ ਪ੍ਰਦਰਸ਼ਨ ਚੱਲਦੇ ਰਹੇ ਹਨ। ਟੈੱਟਪਾਸ ਈਟੀਟੀ ਤੇ ਬੀਐੱਡ ਅਧਿਆਪਕਾਂ ਦਾ 8 ਸਤੰਬਰ 2019 ਤੋਂ ਸੰਗਰੂਰ ਵਿੱਚ ਪੱਕਾ ਧਰਨਾ ਚੱਲ ਰਿਹਾ ਹੈ। ਇਹ ਖੇਤਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਹਲਕਾ ਹੋਣ ਕਰਕੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਇਸ ਨੂੰ ਰਣਖੇਤਰ ਵਜੋਂ ਚੁਣਿਆ ਹੈ। ਇਸੇ ਸਾਲ ਐੱਸਐੱਸਏ ਰਮਸਾ ਅਧਿਆਪਕਾਂ ਦੀ ਤਨਖ਼ਾਹ 42,000 ਤੋਂ 15,000 ਰੁਪਏ ਕਰ ਦੇਣ (ਪੱਕੇ ਕੀਤੇ ਜਾਣ ਦੀ ਸ਼ਰਤ) ‘ਤੇ ਇਨ੍ਹਾਂ ਨੌਜਵਾਨਾਂ ਤੇ ਮੁਟਿਆਰਾਂ ਨੂੰ ਵੀ ਸੜਕਾਂ ‘ਤੇ ਉੱਤਰਨਾ ਪਿਆ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦਾ ਘਿਰਾਓ ਕਰਨ ਜਾਂਦਿਆਂ, ਇਨ੍ਹਾਂ ਉੱਤੇ ਪਟਿਆਲੇ ਵਿੱਚ ਭਾਰੀ ਲਾਠੀਚਾਰਜ ਹੋਏ। 2018-2019 ਦਾ ਵੱਡਾ ਹਾਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬ ਦੇ ਸਰਹੱਦੀ ਨੁੱਕਰ ਦੇ ਸ਼ਹਿਰ ਪੱਟੀ ਦੀ ਜੰਮਪਲ ਕਨੂੰ ਪ੍ਰਿਆ ਦਾ ਪ੍ਰਧਾਨ ਬਣਨਾ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਐੱਸਐੱਫਐੱਸ ਸਮੂਹ ਨੇ ਐਤਕੀਂ ਸੰਗਰੂਰ ਦੀ ਪ੍ਰਿਆ ਨੂੰ ਪ੍ਰਧਾਨ ਦੇ ਅਹੁਦੇ ਦੀ ਉਮੀਦਵਾਰ ਵਜੋਂ ਪੇਸ਼ ਕੀਤਾ ਸੀ, ਜੋ ਭਾਵੇਂ ਜਿੱਤੀ ਨਹੀਂ, ਪਰ ਵੱਡੀ ਗਿਣਤੀ ‘ਚ ਵੋਟਾਂ ਜ਼ਰੂਰ ਲੈ ਗਈ। ਖੱਬੇ ਪੱਖੀ ਤੇ ਉਦਾਰ ਵਿਦਿਆਰਥੀ ਜਥੇਬੰਦੀਆਂ ਨੇ ਲੜਕੀਆਂ ਦੇ ਹੋਸਟਲ ਖੁੱਲ੍ਹੇ ਰੱਖਣ ਤੇ ਲੜਕਿਆਂ ਵਾਂਗ ਹੀ ਉਨ੍ਹਾਂ ਨੂੰ ਵੀ ਦੇਰ ਤੱਕ ਲਾਇਬ੍ਰੇਰੀ ਦੀ ਸਹੂਲਤ ਹਾਸਲ ਕਰਨ ਲਈ ਕਾਫ਼ੀ ਸੰਘਰਸ਼ ਕੀਤਾ। ਮਗਰੋਂ ਅਥਾਰਟੀ ਨੂੰ ਇਹ ਮੰਗ ਮੰਨਣੀ ਪਈ। ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਵਿੱਚ ਲੜਕੀਆਂ ਦੀ ਸ਼ਮੂਲੀਅਤ ਵਧ ਰਹੀ ਹੈ। ਪੀਐੱਸਯੂ ਦੀ ਸੂਬਾ ਕਮੇਟੀ ਵਿੱਚ 2012 ‘ਚ ਸਿਰਫ਼ ਇੱਕ ਲੜਕੀ ਸ਼ਾਮਲ ਸੀ, ਪਰ 2019 ਵਿੱਚ 3-4 ਮੁਟਿਆਰਾਂ ਲੀਡਰਸ਼ਿਪ ‘ਚ ਸ਼ਾਮਲ ਹਨ। ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਇੱਕ ਯੂਨੀਵਰਸਿਟੀ ਵਿੱਚ (ਅਪਰੈਲ 2019) ਵਿਦਿਆਰਥਣਾਂ ਨੂੰ ਨਿਰਵਸਤਰ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਵਿਦਿਆਰਥੀਆਂ ਨੂੰ ‘ਵਰਸਿਟੀ ਅਥਾਰਟੀ ਖਿਲਾਫ ਸੰਘਰਸ਼ ਕਰਨਾ ਪਿਆ ਸੀ। ਇਸ ਯੂਨੀਵਰਸਿਟੀ ਨੂੰ ਹੋਸਟਲ ਵਾਰਡਨ ਸਣੇ ਕਈਆਂ ਵਿਰੁੱਧ ਕਾਰਵਾਈ ਕਰਨੀ ਪਈ। ਆਈਟੀਬੀਪੀ ਦੀ ਡਿਪਟੀ ਕਮਾਂਡੈਂਟ ਕਰੁਨਾਜੀਤ ਕੌਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਨਿਆਂ ਲੈਣ ਲਈ ਨਿੱਤਰ ਪਈ ਹੈ। ਡਿਊਟੀ ਦੌਰਾਨ ਅੱਧੀ ਰਾਤ ਨੂੰ ਇੱਕ ਸਿਪਾਹੀ ਇਸ ਦੇ ਕਮਰੇ ਵਿੱਚ ਆ ਵੜਿਆ ਸੀ। ਅਧਿਕਾਰੀਆਂ ਵੱਲੋਂ ‘ਮਾਮਲਾ ਦਬਾਉਣ’ ਦੇ ਯਤਨ ਕਰਨ ਅਤੇ ਉਸ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਦੇ ਰੋਸ ਵਜੋਂ ਉਸ ਨੇ ਅਸਤੀਫ਼ਾ ਦੇ ਦਿੱਤਾ ਤੇ ਨਿਆਂ ਲਈ ਲੜ ਰਹੀ ਹੈ। ਉਸ ਦਾ ਕਹਿਣਾ ਹੈ ਕਿ ਵੱਖ ਵੱਖ ਬਲਾਂ ਵਿੱਚ ਲੜਕੀਆਂ, ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੋਈ ਬਣਦੇ ਪ੍ਰਬੰਧ ਨਹੀਂ ਹਨ। ਬਾਬਾ ਫਰੀਦ ਮੈਡੀਕਲ ਸਾਇੰਸਿਜ਼ ਯੂਨੀਵਰਸਿਟੀ ਫਰੀਦਕੋਟ ਵਿੱਚ ਇੱਕ ਮਹਿਲਾ ਡਾਕਟਰ ਨਾਲ ਪੁਰਸ਼ ਡਾਕਟਰ ਵੱਲੋਂ ਛੇੜਛਾੜ ਕੀਤੇ ਜਾਣ ‘ਤੇ ਉਥੇ ਸੰਘਰਸ਼ ਲਗਾਤਾਰ ਜਾਰੀ ਹੈ। ਨੌਜਵਾਨ, ਮੁਟਿਆਰਾਂ ਤੇ ਕਿਸਾਨ ਮਜ਼ਦੂਰ ਯੂਨੀਅਨਾਂ ਇਸ ਸੰਘਰਸ਼ ਵਿੱਚ ਮਹਿਲਾ ਡਾਕਟਰ ਨਾਲ ਵਾਰੋ-ਵਾਰ ਧਰਨੇ ‘ਤੇ ਬੈਠਦੇ ਹਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …