ਕੁਝ ਅਰਬਪਤੀਆਂ ਲਈ ਕੰਮ ਕਰਨ ਦੇ ਆਰੋਪ ਲਗਾਏ
ਸੋਨੀਪਤ/ਬਿਊਰੋ ਨਿਊਜ਼ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ‘ਤੇ ਸੰਵਿਧਾਨ ‘ਤੇ ਹਮਲਾ ਕਰਨ ਦੇ ਆਰੋਪ ਲਗਾਏ। ਉਨ੍ਹਾਂ ਬੇਰੁਜ਼ਗਾਰੀ, ਅਗਨੀਵੀਰ ਯੋਜਨਾ ਤੇ ਕਿਸਾਨਾਂ ਦੀ ਭਲਾਈ ਸਣੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਭਗਵਾਂ ਪਾਰਟੀ ਨੂੰ ਭੰਡਿਆ।
5 ਅਕਤੂਬਰ ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੀਤੇ ਪ੍ਰਚਾਰ ਦੌਰਾਨ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਆਰੋਪ ਲਗਾਇਆ ਕਿ ਮੋਦੀ ਸਰਕਾਰ ਦੇਸ਼ ਵਿੱਚ ਕੁਝ ਕੁ ਅਰਬਪਤੀਆਂ ਲਈ ਕੰਮ ਕਰ ਰਹੀ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਹਰੇਕ ਕੋਈ ਜਾਣਦਾ ਹੈ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਦੋ-ਤਿੰਨ ਅਰਬਪਤੀਆਂ ਦੀ ਮਦਦ ਕਰਨ ਲਈ ਚੱਲ ਰਹੀ ਹੈ। ਤੁਹਾਡੇ ਕੋਲ ਰੁਜ਼ਗਾਰ ਦੇ ਜੋ ਵੀ ਰਸਤੇ ਸਨ, ਉਹ ਬੰਦ ਕਰ ਦਿੱਤੇ ਗਏ ਹਨ।’
ਰਾਹੁਲ ਨੇ ਆਰੋਪ ਲਗਾਇਆ ਕਿ ਅਗਨੀਵੀਰ ਯੋਜਨਾ ਫੌਜੀ ਸੈਨਿਕਾਂ ਦੀ ਪੈਨਸ਼ਨ, ਕੰਟੀਨ ਦੀ ਸਹੂਲਤ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਸ਼ਹੀਦ ਦੇ ਦਰਜੇ ਨੂੰ ਚੋਰੀ ਕਰਨ ਦਾ ਇਕ ਤਰੀਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਵਾਨਾਂ ਦੀ ਪੈਨਸ਼ਨ ਚੋਰੀ ਕਰਨ ਦਾ ਮਕਸਦ ਰੱਖਿਆ ਬਜਟ ਅਡਾਨੀ ਨੂੰ ਸੌਂਪਣਾ ਸੀ।
ਰਾਹੁਲ ਨੇ ਆਰੋਪ ਲਗਾਇਆ ਕਿ ਅਡਾਨੀ ਦੀ ਮਲਕੀਅਤ ਵਾਲੀ ਇਕ ਕੰਪਨੀ ਵਿਦੇਸ਼ ਵਿੱਚ ਬਣੇ ਹਥਿਆਰਾਂ ‘ਤੇ ਆਪਣਾ ਲੇਬਲ ਲਗਾ ਰਹੀ ਹੈ। ਉਨ੍ਹਾਂ ਕਿਹਾ, ‘ਮੋਦੀ ਸਿਰਫ਼ ਅਡਾਨੀ ਨੂੰ ਰੱਖਿਆ ਵਿਭਾਗ ਦੇ ਠੇਕੇ ਦੇਣਾ ਚਾਹੁੰਦੇ ਹਨ।’ ਕਾਂਗਰਸੀ ਆਗੂ ਨੇ ਹਰਿਆਣਾ ਵਿੱਚ ਨਸ਼ੀਲੇ ਪਦਾਰਥਾਂ ਦਾ ਮੁੱਦਾ ਵੀ ਉਠਾਇਆ।
ਉਨ੍ਹਾਂ ਕਿਹਾ, ‘ਮੈਂ ਮੋਦੀ ਜੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਤੁਹਾਡੇ ਦੋਸਤ ਅਡਾਨੀ ਦੇ ਮੁੰਦਰਾ ਬੰਦਰਗਾਹ ਤੋਂ ਹਜ਼ਾਰਾਂ ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਸੀ ਤਾਂ ਤੁਸੀਂ ਕੀ ਕਾਰਵਾਈ ਕੀਤੀ। ਤੁਸੀਂ ਇਸ ਵਾਸਤੇ ਕਿੰਨੇ ਲੋਕਾਂ ਨੂੰ ਜੇਲ੍ਹ ਭੇਜਿਆ।” ਉਨ੍ਹਾਂ ਭਾਜਪਾ ‘ਤੇ ਸੰਵਿਧਾਨ ‘ਤੇ ਹਮਲਾ ਕਰਨ ਦੇ ਦੋਸ਼ ਵੀ ਲਗਾਏ।