10.3 C
Toronto
Friday, November 7, 2025
spot_img
HomeSpecial Storyਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸਿਆਸੀ ਦੂਸ਼ਣਬਾਜ਼ੀ ਦੀ 'ਵਾਢੀ'

ਤਲਵੰਡੀ ਸਾਬੋ ਵਿਖੇ ਵਿਸਾਖੀ ਮੌਕੇ ਸਿਆਸੀ ਦੂਸ਼ਣਬਾਜ਼ੀ ਦੀ ‘ਵਾਢੀ’

kulbirbeera3 copy copyਕਾਂਗਰਸ ਤੇ ‘ਆਪ’ ਵੱਲੋਂ ਇਕੱਠ ਪੱਖੋਂ ਪ੍ਰਭਾਵਸ਼ਾਲੀ ਰੈਲੀਆਂ; ਅਕਾਲੀ ਦਲ ਦੀ ਰੈਲੀ ਤੋਂ ਭਾਜਪਾ ਰਹੀ ਦੂਰ
ਗ਼ੈਰਹਾਜ਼ਰੀ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਰਿਹਾ
ਭਾਸ਼ਣਾਂ ਦਾ ਕੇਂਦਰ
ਸ਼੍ਰੋਮਣੀ ਅਕਾਲੀ ਦਲ (ਅ) ਤੇ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਦੀ ਕਾਨਫਰੰਸ ‘ਚ ਗੂੰਜੇ ਖ਼ਾਲਿਸਤਾਨ ਦੇ ਨਾਅਰੇ
ਤਲਵੰਡੀ ਸਾਬੋ/ਬਿਊਰੋ ਨਿਊਜ਼
ਤਲਵੰਡੀ ਸਾਬੋ ਵਿਖੇ ਖਾਲਸਾ ਪੰਥ ਦੇ ਜਨਮ ਦਿਹਾੜੇ ਮੌਕੇ ਇਥੇ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਵਿੱਚ ਸੰਕਟਗ੍ਰਸਤ ਪੰਜਾਬ ਨੂੰ ਰਾਹਤ ਦੇਣ ਦਾ ਕੋਈ ਪ੍ਰੋਗਰਾਮ ਐਲਾਨਣ ਦੇ ਬਜਾਏ ਦੂਸ਼ਣਬਾਜ਼ੀ ਭਾਰੂ ਰਹੀ। ਮੁਕਤਸਰ ਵਿੱਚ ਮਾਘੀ ਮੇਲੇ ਬਾਅਦ ਆਮ ਆਦਮੀ ਪਾਰਟੀ, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਵੱਡੀਆਂ ਰੈਲੀਆਂ ਵਿੱਚ ‘ਮਿਸ਼ਨ 2017’ ਲਈ ਚੁਣਾਵੀਂ ਜੰਗ ਦਾ ਬਿਗਲ ਵਜਾ ਦਿੱਤਾ ਹੈ। ‘ਆਪ’ ਤੇ ਕਾਂਗਰਸ ਨੇ ਇਕੱਠ ਪੱਖੋਂ ਪ੍ਰਭਾਵਸ਼ਾਲੀ ਰੈਲੀਆਂ ਕੀਤੀਆਂ ਪਰ ਅਕਾਲੀਆਂ ਦੀ ਰੈਲੀ ਕੁੱਝ ਫਿੱਕੀ ਦਿਖਾਈ ਦਿੱਤੀ। ਅਕਾਲੀਆਂ ਦੀ ਰੈਲੀ ਤੋਂ ਉਸ ਦੀ ਭਾਈਵਾਲ ਭਾਜਪਾ ਨੇ ਦੂਰੀ ਬਣਾਈ ਰੱਖੀ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਰਬੱਤ ਖਾਲਸਾ ਨਾਲ ਜੁੜੀਆਂ ਪੰਥਕ ਧਿਰਾਂ ਨੇ ਵੀ ਕਾਨਫਰੰਸ ਕੀਤੀ। ਇਸ ਵਿੱਚ ਖਾਲਿਸਤਾਨ ਦੇ ਨਾਅਰੇ ਲੱਗਦੇ ਰਹੇ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਣੀਆਂ ‘ਤੇ ਪੰਜਾਬ ਨਾਲ ਧੱਕਾ ਕਰਨ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸਥਿਤ ਗੁਰਦੁਆਰਾ ਸੀਸਗੰਜ ਸਾਹਿਬ ਸਾਹਮਣੇ ਬਣੇ ਪਿਆਉ ਨੂੰ ਤੋੜਨ ਲਈ ਦੋਸ਼ੀ ਠਹਿਰਾਉਂਦਿਆਂ ਸਿੱਖ ਵਿਰੋਧੀ ਕਰਾਰ ਦਿੱਤਾ।
‘ਆਪ’ ਦਾ ਕਨਵੀਨਰ ਤੇ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ਼ੈਰਹਾਜ਼ਰੀ ਵਿੱਚ ਵੀ ਕਾਨਫਰੰਸਾਂ ਦਾ ਕੇਂਦਰ ਬਿੰਦੂ ਰਿਹਾ। ‘ਆਪ’ ਦੀ ਸਟੇਜ ਤੋਂ ਕੇਜਰੀਵਾਲ ਨੂੰ ਸਭ ਮਰਜ਼ਾਂ ਦੀ ਦਾਰੂ ਦੇ ਰੂਪ ਵਿਚ ਪੇਸ਼ ਕੀਤਾ ਗਿਆ ਜਦੋਂ ਕਿ ਅਕਾਲੀ ਦਲ ਤੇ ਕਾਂਗਰਸ ਦੀ ਰੈਲੀ ਵਿੱਚ ਕੇਜਰੀਵਾਲ ਨੂੰ ਸਿਖਾਂਦਰੂ ਤੇ ਹਰ ਮੁੱਦੇ ਉੱਤੇ ਦੋਗਲੇ ਸਟੈਂਡ ਲੈਣ ਲਈ ਦੋਸ਼ੀ ਠਹਿਰਾਇਆ ਗਿਆ। ‘ਆਪ’ ਆਗੂਆਂ ਨੇ ਪੰਜਾਬ ਨੂੰ ਬਰਬਾਦ ਕਰਨ ਲਈ ਬਾਦਲ ਪਰਿਵਾਰ ਤੇ ਕਾਂਗਰਸ ਨੂੰ ਦੋਸ਼ੀ ਠਹਿਰਾਉਂਦਿਆਂ ਲੋਕਾਂ ਨੂੰ ਪਰਿਵਾਰਵਾਦ ਵਾਲੇ ਰਾਜ ਦਾ ਅੰਤ ਕਰਨ ਦਾ ਸੱਦਾ ਦਿੱਤਾ। ઠ’ਆਪ’ ਦੇ ਪੰਜਾਬ ਮਾਮਲਿਆਂ ਦੇ ઠਇੰਚਾਰਜ ਸੰਜੈ ਸਿੰਘ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਉੱਤੇ ਬਿਕਰਮ ਮਜੀਠੀਆ ਨੂੰ ਜੇਲ੍ਹ ਅੰਦਰ ਬੰਦ ਕੀਤਾ ਜਾਵੇਗਾ। ‘ਆਪ’ ਦੀ ਰੈਲੀ ਵਿੱਚ ਭਗਵੰਤ ਮਾਨ ਖਿੱਚ ਦਾ ਕੇਂਦਰ ਬਣਿਆ ਰਿਹਾ। ਲੋਕਾਂ ਦਾ ਰੁਖ਼ ਵੇਖ ਕੇ ਮਾਨ ਨੂੰ ਸੰਜੈ ਸਿੰਘ ਅਤੇ ਸੁੱਚਾ ਸਿੰਘ ਛੋਟੇਪੁਰ ਬਾਅਦ ਬੁਲਾਇਆ ਗਿਆ। ਕੇਜਰੀਵਾਲ ਦੀ ਗ਼ੈਰਮੌਜੂਦਗੀ ਵਿਚ ‘ਆਪ’ ਦੀ ਪੰਜਾਬ ਵਿਚ ਇਹ ਵੱਡੀ ਰੈਲੀ ਸੀ।
ਪੰਜਾਬ ਕਾਂਗਰਸ ਦਾ ਪੰਡਾਲ ਸਭ ਤੋਂ ਵੱਡਾ ਸੀ ਅਤੇ ਕਾਂਗਰਸ ਇਕੱਠ ਕਰਨ ਵਿੱਚ ਵੀ ਕਾਮਯਾਬ ਰਹੀ। ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਰੰਗ ਵਿੱਚ ਨਜ਼ਰ ਆਏ। ਪ੍ਰਧਾਨ ਬਣਨ ਬਾਅਦ ਕੁੱਝ ਠੰਢੀ ਸੁਰ ਰੱਖਣ ਵਾਲੇ ਅਮਰਿੰਦਰ ਨੇ ਕਿਹਾ ਕਿ ਉਹ ਪੰਜਾਬ ਦੀ ਬਰਬਾਦੀ ਦੇ ਕਾਰਨ ਦੋਵੇਂ ਬਾਦਲ ਪਿਉ-ਪੁੱਤ ਨੂੰ ਜੇਲ੍ਹ ਵਿੱਚ ਬੰਦ ਕਰਨਗੇ।
ਬਾਦਲਾਂ ਨੇ ਕੇਂਦਰ ਵਿਚ ਪਿਛਲੀਆਂ ਕਾਂਗਰਸ ਸਰਕਾਰਾਂ, ਕੈਪਟਨ ਤੇ ਕੇਜਰੀਵਾਲ ਨੂੰ ਲਾਏ ਰਗੜੇ
ਤਲਵੰਡੀ ਸਾਬੋ : ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸਾਖੀ ਮੇਲੇ ਮੌਕੇ ਤਲਵੰਡੀ ਸਾਬੋ ਵਿਖੇ ਕੀਤੀ ਗਈ ਸਿਆਸੀ ਕਾਨਫਰੰਸ ਵਿੱਚ ਜਿਥੇ ਐਸ.ਵਾਈ.ਐਲ. ਨਹਿਰ ਦਾ ਮੁੱਦਾ ਛਾਇਆ ਰਿਹਾ, ਉਥੇ ਆਉਣ ਵਾਲੀਅੲ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਵਿਰੋਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਬੁਲਾਰਿਆਂ ਨੇ ਤਿੱਖੇ ਹਮਲੇ ਕਰਕੇ ਪੰਜਾਬ ਵਿੱਚ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਆਗੂਆਂ ਨੇ ਆਪਣੀ ਸਰਕਾਰ ਦੇ ਸੋਹਲੇ ਵੀ ਗਾਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੋ ਫ਼ੀਸਦ ਆਬਾਦੀ ਵਾਲੇ ਪੰਜਾਬੀਆਂ ਦਾ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਿੱਚ 80 ਫ਼ੀਸਦੀ ਯੋਗਦਾਨ ਰਿਹਾ ਪਰ ਆਜ਼ਾਦੀ ਤੋਂ ਬਾਅਦ ਕੇਂਦਰ ਵਿੱਚ ਬਣੀਆਂ ਕਾਂਗਰਸ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਰ ਪੱਖ ‘ਤੇ ਵਿਤਕਰੇਬਾਜ਼ੀ ઠਅਤੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਕੱਢਣ ਦੀ ਨਾ ਕੋਈ ਲੋੜ ਸੀ, ਨਾ ਹੈ ਅਤੇ ਨਾ ਹੀ ਇਸ ਨੂੰ ਬਣਨ ਦਿੱਤਾ ਜਾਵੇਗਾ।
ਚਾਹੇ ਅਕਾਲੀ ਦਲ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। ਮੁੱਖ ਮੰਤਰੀ ਨੇ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੂੰ ਕੋਸਿਆ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਜ਼ਿੰਮੇਵਾਰ ਕੇਂਦਰ ਵਿੱਚ ਬਣੀਆਂ ਕਾਂਗਰਸ ਸਰਕਾਰਾਂ ਹਨ, ਜਿਨ੍ਹਾਂ ਨੇ ਕਿਸਾਨੀ ਜਿਣਸਾਂ ਦੇ ਯੋਗ ਭਾਅ ਨਹੀਂ ਦਿੱਤੇ ਅਤੇ ਖੇਤੀ ਲਾਗਤ ਵਸਤਾਂ ਦੇ ਰੇਟਾਂ ਵਿੱਚ ਕਦੇ ਕਟੌਤੀ ਨਹੀਂ ਕੀਤੀ। ઠਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ‘ਟੋਪੀ ਵਾਲਾ’ ਕਹਿ ਕੇ ਸੰਬੋਧਨ ਕਰਦਿਆਂ ਆਖਿਆ ਕਿ ਪਾਣੀਆਂ ਦੇ ਮੁੱਦੇ ‘ਤੇ ਦੋਗਲੇ ਸਟੈਂਡ ਵਾਲੇ ਆਗੂ ਨੂੰ ਪੰਜਾਬ ਦੇ ਲੋਕ ਕਦੇ ਵੀ ਨਹੀਂ ਚਾਹੁਣਗੇ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇ ਕੇ ਵਾਪਸ ਤੋਰਨਗੇ। ਉਨ੍ਹਾਂ ਕਾਂਗਰਸ ਪਾਰਟੀ ਨੂੰ ਸਿੱਖਾਂ ਅਤੇ ਪੰਜਾਬ ਦੀ ਵੱਡੀ ਦੁਸ਼ਮਣ ਆਖਦਿਆਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਦੁਨੀਆ ਵਿੱਚ ਬਦਨਾਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਵਿਕਾਸ ਦੇ ਮੁੱਦੇ ‘ਤੇ ਲੜੇਗਾ ਅਤੇ ਤੀਜੀ ਵਾਰ ਸਰਕਾਰ ਬਣਾਏਗਾ।
ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਯੋਜਨਾਬੱਧ ਤਰੀਕੇ ਨਾਲ ਦਾਖ਼ਲ ਹੋਏ ਬੇਰੁਜ਼ਗਾਰ ਲਾਈਨਮੈਨਾਂ ਨੇ ਉਸ ਸਮੇਂ ਪੰਡਾਲ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣਾ ਭਾਸ਼ਣ ਦੇ ਰਹੇ ਸਨ।
ਕੈਪਟਨ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਲੋਕ ਸਭਾ ਤੋਂ ਅਸਤੀਫ਼ਾ ਦੇਣ ਦਾ ਐਲਾਨ
ਤਲਵੰਡੀ ਸਾਬੋ : ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਵਿਖੇ ਵਿਸਾਖੀ ਕਾਨਫਰੰਸ ਮੌਕੇ ਪਾਣੀਆਂ ਦੇ ਮਾਮਲੇ ‘ਤੇ ਹਾਕਮ ਧਿਰ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਆਪਣੀ ਰਣਨੀਤੀ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਜੇਕਰ ਸੁਪਰੀਮ ਕੋਰਟ ਵਿੱਚੋਂ ਸਤਲੁਜ-ਯਮਨਾ ਲਿੰਕ ਨਹਿਰ ਦੇ ਮਾਮਲੇ ‘ਤੇ ਫ਼ੈਸਲਾ ਪੰਜਾਬ ਦੇ ਵਿਰੋਧ ਵਿੱਚ ਆਇਆ ਤਾਂ ਉਹ ਮੈਂਬਰ ਪਾਰਲੀਮੈਂਟ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੀ ਕਿਸਾਨੀ ਲਈ ਸੜਕਾਂ ‘ਤੇ ਲੜਾਈ ਲੜਣਗੇ।
ਉਨ੍ਹਾਂ ਆਖਿਆ ਕਿ ਪੰਜਾਬ ਦੇ ਪਾਣੀਆਂ ਦੀ ਜ਼ਮੀਨੀ ਹਕੀਕਤ ਨੂੰ ਦੇਖ ਕੇ ਹੀ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾਵੇ। ਪੰਜਾਬ ਕਾਂਗਰਸ ਨੇ ਇੱਥੇ ਵਿਸਾਖੀ ਮੌਕੇ ਪੰਜਾਬ ਦੀ ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਵੀ ਜੇਲ੍ਹਾਂ ਵਿੱਚ ਡੱਕਣ ਦਾ ਪ੍ਰਣ ਕੀਤਾ। ਕਾਂਗਰਸ ਨੇ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੇ ਆਖਰੀ ਵੱਡੇ ਮੇਲੇ ਵਿੱਚ ਪੰਜਾਬ ਨੂੰ ਬਚਾਉਣ ਲਈ ਲੋਕਾਂ ਤੋਂ ਸਾਥ ਮੰਗਿਆ। ਕਾਂਗਰਸ ਲੀਡਰਸ਼ਿਪ ਨੇ ਅਗਾਮੀ ਚੋਣਾਂ ਦਾ ਇੱਥੋਂ ਬਿਗਲ ਵਜਾਉਂਦੇ ਹੋਏ ਪੰਜਾਬ ਨੂੰ ਬਾਦਲਾਂ ਅਤੇ ਅਰਵਿੰਦ ਕੇਜਰੀਵਾਲ ਤੋਂ ਇੱਕੋ ਜਿੰਨਾ ਖਤਰਾ ਦੱਸਿਆ।
ਕਾਂਗਰਸੀ ਲੀਡਰਾਂ ਨੇ ਅਕਾਲੀਆਂ ਨਾਲ ਘਿਓ-ਖਿਚੜੀ ਹੋਣ ਦੇ ਲੱਗਦੇ ਇਲਜ਼ਾਮਾਂ ‘ਤੇ ਸਫਾਈ ਵੀ ਦਿੱਤੀ। ਇਸ ਰੈਲੀ ਵਿੱਚੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅਤੇ ਐਮ.ਪੀ. ਸਮਸ਼ੇਰ ਸਿੰਘ ਦੂਲੋ ਗੈਰਹਾਜ਼ਰ ਰਹੇ। ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ਼ਕੀਲ ਅਹਿਮਦ ਨੇ ਡਰ ਜ਼ਾਹਰ ਕਰਦਿਆਂ ਲੋਕਾਂ ਨੂੰ ਚੌਕਸ ਕੀਤਾ ਕਿ ਅਗਾਮੀ ਚੋਣਾਂ ਵਿਚ ਕੇਜਰੀਵਾਲ ਨੂੰ ਵੋਟ ਦੇਣ ਦਾ ਮਤਲਬ ਅਕਾਲੀ-ਭਾਜਪਾ ਨੂੰ ਮੁੜ ਮਜ਼ਬੂਤ ਕਰਨਾ ਹੈ। ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਵੁਕ ਤਕਰੀਰ ਵਿੱਚ ਲੋਕ ਸਭਾ ਚੋਣਾਂ ਵਿੱਚ ਬਾਦਲਾਂ ਨਾਲ ਰਲੇ ਹੋਣ ਦੇ ਮਾਮਲੇ ‘ਤੇ ਸਫਾਈ ਦਿੱਤੀ।
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸੱਤਾ ਬਦਲਣ ਦਾ ਸੱਦਾ
ਭਗਵੰਤ ਮਾਨ ਬਣਿਆ ਰਿਹਾ ਰੈਲੀ ਦੀ ਖਿੱਚ ਦਾ ਕੇਂਦਰ
ਤਲਵੰਡੀ ਸਾਬੋ : ਆਮ ਆਦਮੀ ਪਾਰਟੀ ਵੱਲੋਂ ਵਿਸਾਖੀ ਮੌਕੇ ਤਲਵੰਡੀ ਸਾਬੋ ਵਿਖੇ ਕੀਤੀ ਗਈ ਕਾਨਫਰੰਸ ਦੌਰਾਨ ਪੰਜਾਬ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਵਿੱਚ ਸੱਤਾ ਤਬਦੀਲੀ ਦਾ ਸੱਦਾ ਦਿੰਦਿਆਂ ਪੰਜਾਬ ਵਿੱਚੋਂ ਪਰਿਵਾਰਵਾਦ ਨੂੰ ਖ਼ਤਮ ਕਰਨ ਦਾ ਹੋਕਾ ਦਿੱਤਾ ਗਿਆ। ਪਾਰਟੀ ਆਗੂਆਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ, ਇਸ ਲਈ ਲੋਕ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ ਅਤੇ ‘ਆਪ’ ਦੇ ਹੱਕ ਵਿੱਚ ਭੁਗਤਣਗੇ। ‘ਆਪ’ ਦੀ ਰੈਲੀ ਵਿੱਚ ਇਸ ਵਾਰ ਔਰਤਾਂ ਦੀ ਭਰਵੀਂ ਰਹੀ। ਰੈਲੀ ਦੌਰਾਨ ਲੋਕਾਂ ਨੇ ਭਗਵੰਤ ਮਾਨ ਦਾ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਹਾਲਾਂਕਿ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਕਰੀਬ ਦੋ ਵਜੇ ਪਹੁੰਚੇ। ਮਾਨ ਦੇ ਸਟੇਜ ‘ਤੇ ਪੁੱਜਣ ਤੋਂ ਪਹਿਲਾਂ ਹੀ ਵੱਡੀ ਗਿਣਤੀ ਨੌਜਵਾਨ ਉਸ ਨਾਲ ਹੋ ਤੁਰੇ ਅਤੇ ਸਟੇਜ ਉੱਤੇ ਪੁੱਜਣ ਉੱਤੇ ਪੰਡਾਲ ਵਿੱਚ ਲੋਕ ਖੜ੍ਹੇ ਹੋ ਗਏ ਅਤੇ ਕੁੱਝ ਮਿੰਟ ਲਈ ਬੁਲਾਰੇ ਨੂੰ ਭਾਸ਼ਣ ਰੋਕਣਾ ਪਿਆ। ਭਗਵੰਤ ਮਾਨ ਨੇ ਜਜ਼ਬਾਤੀ ਭਾਸ਼ਣ ਦਿੰਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਸੱਤਾ ਤਬਦੀਲੀ ਲਈ ਖੁਦ ਮਨ ਬਣਾਉਣਾ ਪਵੇਗਾ। ਪਾਰਟੀ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਮੱਸਿਆਵਾਂ ਗੰਭੀਰ ਹਨ ਅਤੇ ਲੋਕਾਂ ਨੂੰ ਗੰਭੀਰ ਗੱਲਾਂ ਵੀ ਸੁਣਨੀਆਂ ਪੈਣਗੀਆਂ। ਸੰਜੈ ਸਿੰਘ ਨੇ ਕਿਹਾ ਕਿ ਰਾਜਿਆਂ ਅਤੇ ਜਾਗੀਰਦਾਰਾਂ ਦਾ ਰਾਜ ਖ਼ਤਮ ਕਰਨ ਲਈ ‘ਆਪ’ ਹੀ ਇੱਕ ਪਾਰਟੀ ਹੈ। ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਸਮੇਤ ਸਭ ਮੌਜੂਦਾ ਰਾਜ ਸਰਕਾਰ ਤੋਂ ਛੁਟਕਾਰਾ ਚਾਹੁੰਦੇ ਹਨ।
ਪੰਥਕ ਧਿਰਾਂ ਵੱਲੋਂ 10 ਨਵੰਬਰ ਨੂੰ ਸਰਬੱਤ ਖ਼ਾਲਸਾ ਸੱਦਣ ਦਾ ਐਲਾਨ
ਤਲਵੰਡੀ ਸਾਬੋ : ਪੰਥਕ ਧਿਰਾਂ ਨੇ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ ਵਿਸ਼ਾਲ ਪੰਥਕ ਕਾਨਫਰੰਸ ਕਰਕੇ ਅਗਲਾ ਸਰਬੱਤ ਖ਼ਾਲਸਾ 10 ਨਵੰਬਰ 2016 ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦਾ ਐਲਾਨ ਕੀਤਾ। ਸਰਬੱਤ ਖ਼ਾਲਸਾ 2015 ਵਿੱਚੋਂ ਲਾਂਭੇ ਰਹੀਆਂ ਪੰਥਕ ਸ਼ਖ਼ਸੀਅਤਾਂ ਅਤੇ ਸਿੱਖ ਧਿਰਾਂ ਨੂੰ ਅਗਲੇ ਸਰਬੱਤ ਖ਼ਾਲਸਾ ਵਿੱਚ ਹਿੱਸਾ ਬਣਾਉਣ ਲਈ ਗੰਭੀਰ ਯਤਨ ਕੀਤੇ ਜਾਣ ਦੀ ਗੱਲ ਵੀ ਆਖੀ ਗਈ। ਨਾਲ ਹੀ ਕੌਮਾਂਤਰੀ ਪੱਧਰ ‘ਤੇ 150 ਮੈਂਬਰੀ ਵਿਦੇਸ਼ੀ ਸਿੱਖਾਂ ਦੀ ਕਮੇਟੀ ਬਣਾਏ ਜਾਣ ਤੋਂ ਇਲਾਵਾ ਭਾਰਤ ਦੇ 150 ਮੈਂਬਰੀ ਕਮੇਟੀ ਬਣਾਏ ਜਾਣ ਦਾ ਐਲਾਨ ਵੀ ਕੀਤਾ। ਪੰਥਕ ਆਗੂਆਂ ਨੇ ਸਪੱਸ਼ਟ ਕੀਤਾ ਕਿ ਸਰਬੱਤ ਖ਼ਾਲਸਾ 2015 ਵਿੱਚ ਸਿੱਖ ਪੰਥ ਵੱਲੋਂ ਐਲਾਨੇ ਸਿੰਘ ਸਾਹਿਬਾਨਾਂ ਦੇ ਹੁਕਮਾਂ ਉਪਰ ਹੀ ਅਗਲਾ ਸਰਬੱਤ ਖ਼ਾਲਸਾ ਸੱਦਿਆ ਗਿਆ ਹੈ। ਪੰਥਕ ਧਿਰਾਂ ਨੇ ਕਾਨਫਰੰਸ ਵਿੱਚ ਪੰਥ ਬਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਬਚਾਉਣ ਲਈ ਸਰਕਾਰ ਵਿੱਚ ਸੁਧਾਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪੰਥਕ ਕਾਨਫਰੰਸ ਵਿੱਚ ਕੈਨੇਡਾ ਸਰਕਾਰ ਵਿਚ ਚਾਰ ਸਿੱਖ ਮੰਤਰੀ ਬਣਾਏ ਜਾਣ ਅਤੇ ਕਾਮਾਗਾਟਾਮਾਰੂ ਜਹਾਜ਼ ਕਾਂਡ ਲਈ ਮੁਆਫੀ ਮੰਗਣ ਦੇ ਐਲਾਨ ਦੀ ਸ਼ਲਾਘਾ ਕੀਤੀ ਗਈ।

RELATED ARTICLES
POPULAR POSTS