Breaking News
Home / Special Story / ਉਸਤਾਦ ਮੰਚ ਸੰਚਾਲਕ

ਉਸਤਾਦ ਮੰਚ ਸੰਚਾਲਕ

ਗੁਰਮੇਲ ਸਿੰਘ ਸਿਆੜ
ਮੁਕਾਬਲੇਬਾਜ਼ੀ ਯੁੱਗ ਵਿੱਚ ਹਰ ਇਨਸਾਨ ਅੰਦਰ ਕੁਝ ਨਾ ਕੁਝ ਕਰ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਪਰ ਲਗਨ, ਮਿਹਨਤ, ਆਤਮ ਵਿਸ਼ਵਾਸ, ਦ੍ਰਿੜ ਇਰਾਦੇ ਅਤੇ ਤਜ਼ਰਬੇਕਾਰ ਵਿਅਕਤੀ ਬਹੁਤ ਘੱਟ ਮਿਲਦੇ ਹਨ, ਜਿਹੜੇ ਆਪਣੇ ਖੇਤਰ ਵਿੱਚ ਮੁਹਾਰਤ ਸਦਕਾ ਸਫਲਤਾ ਦੇ ਪਰਚਮ ਲਹਿਰਾਉਂਦੇ ਹਨ। ਸਬਦਾਂ ਦੇ ਜਾਲ ਪਰੋਅ ਕੇ ਘੰਟਿਆਂ ਬੱਧੀ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਣ ਵਿੱਚ ਸਦਾ ਕਾਮਯਾਬ ਰਹੇ ਗੁਰਮੇਲ ਸਿੰਘ ਸਿਆੜ ਵੀ ਅਜਿਹੇ ਖੁਸ਼ਕਿਸਮਤ ਮੰਚ ਸੰਚਾਲਕ ਹਨ, ਜਿਸ ਨੂੰ ਅਜੋਕੇ ਮੰਚ ਸੰਚਾਲਕ ਉਸਤਾਦ ਵਜੋਂ ਸਤਿਕਾਰ ਦਿੰਦੇ ਹਨ।
ਪਹਿਲੀ ਵਾਰ ਜਦੋਂ ਗੁਰਮੇਲ ਸਿੰਘ ਸਿਆੜ ਨੂੰ ਮੈਂ ਦੀਦਾਰ ਸੰਧੂ ਯਾਦਗਾਰੀ ਸੱਭਿਆਚਾਰਕ ਮੇਲੇ ‘ਤੇ ਵੇਖਿਆ ਤਾਂ ਉਹ ਸਟਾਰ ਕਲਾਕਾਰਾਂ ਨੂੰ ਐਨੇ ਸਤਿਕਾਰਤ ਢੰਗ ਨਾਲ ਪੇਸ਼ ਕਰ ਰਿਹਾ ਸੀ ਤੇ ਉਹ ਵੀ ਉਸਦੇ ਗੋਡੇ ਹੱਥ ਲਾ ਸਟੇਜ ‘ਤੇ ਚੜ੍ਹਦੇ। ਗੁਰਮੇਲ ਸਿੰਘ ਸਿਆੜ ਸ਼ਬਦਾਂ ਦਾ ਐਸਾ ਜਾਦੂਗਰ ਹੈ ਜੋ ਗੂੰਗਿਆਂ ਨੂੰ ਵੀ ਬੋਲਣ ਲਾ ਦੇਵੇ। ਉਸਦੇ ਅੰਦਰ ਸ਼ਬਦਾਂ ਦਾ ਅਤੁੱਟ ਭੰਡਾਰ ਹੈ। ਉਹ ਜਦ ਮੰਚ ਸੰਚਾਲਨ ਕਰਦਾ ਹੈ ਤਾਂ ਆਪਣੀ ਜ਼ੁਬਾਨ ਅੰਦਰੋਂ ਹਰ ਸ਼ਬਦ ਨੂੰ ਮਿਸਰੀ ਤੋਂ ਵੱਧ ਮਿਠਾਸ ਭਰ ਕੇ ਸਰੋਤਿਆਂ ਨੂੰ ਆਪਣੇ ਨਾਲ ਤੋਰਦਾ ਨਜ਼ਰ ਆਉਂਦਾ ਹੈ। ਉਹ ਸਰੋਤਿਆਂ ਦੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਵੀ ਸਮਝ ਲੈਂਦਾ ਹੈ ਕਿ ਸਰੋਤੇ ਕਲਾਕਾਰ ਕੋਲੋਂ ਕਿਹੋ ਜਿਹੀ ਆਇਟਮ ਚਾਹੁੰਦੇ ਹਨ। ਉਸ ਦੀ ਸਿਲੈਕਸ਼ਨ ਉਹ ਖੁਦ ਕਰਦਾ ਹੈ।
9-4-1957 ਨੂੰ ਮਾਤਾ ਬਚਿੰਤ ਕੌਰ, ਪਿਤਾ ਲਾਭ ਸਿੰਘ ਦੇ ਘਰ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਵਿਖੇ ਜਨਮੇ ਗੁਰਮੇਲ ਸਿੰਘ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡੋਂ ਹੀ ਕੀਤੀ। ਉਹ ਬਚਪਨ ਤੋਂ ਹੀ ਕਮਿਊਨਿਸਟਾਂ ਦੇ ਡਰਾਮੇ ਵੇਖਦਾ ਹੋਇਆ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ, ਅਨਪੜ੍ਹ ਆਸੀ ਤੋਂ ਇਲਾਵਾ ਸਾਜਨ ਰਾਏਕੋਟੀ ਦੀ ਮੰਚ ਤੇ ਕਮੇਡੀ ਤੋਂ ਬਹੁਤ ਪ੍ਰਭਾਵਿਤ ਹੋਇਆ। 1976 ਵਿੱਚ ਉਹ ਦੇਸ਼ ਸੇਵਾ ਹਿੱਤ ਫੌਜ ਵਿੱਚ ਭਰਤੀ ਹੋ ਗਿਆ। ਡਰਾਮਿਆਂ ਵਿਚ ਕੰਮ ਕਰਨ ਸਦਕਾ ਗੁਰਮੇਲ ਸਿੰਘ ਦਾ ਵਾਹ ਵਾਸਤਾ ਕਲਾ ਖੇਤਰ ਨਾਲ ਵੀ ਜੁੜਿਆ ਰਿਹਾ। ਉਸ ਮੁਤਾਬਕ, ਮੇਰੇ ਪਿੰਡ ਦੇ ਦੋ ਮੁੰਡੇ ਜੀਵਨ ਤੇ ਦੇਵ ਦੀਦਾਰ ਸੰਧੂ ਨਾਲ ਪੇਟੀ ਤੇ ਘੜਾ ਵਜਾਉਂਦੇ ਸਨ, ਜਿਨ੍ਹਾਂ ਕਰਕੇ ਹਰੇਕ ਛੁੱਟੀ ਸਮੇਂ ਉਸਦਾ ਮੇਲ ਦੀਦਾਰ ਨਾਲ ਅਕਸਰ ਹੁੰਦਾ।
1993 ਵਿੱਚ ਗੁਰਮੇਲ ਸਿੰਘ ਸਿਆੜ ਫੌਜ ‘ਚੋਂ ਪੈਨਸ਼ਨ ਲੈ ਕੇ ਘਰ ਆ ਗਿਆ ਤਾਂ ਮਸ਼ਹੂਰ ਢੋਲਕ ਮਾਸਟਰ ਕੇਸਰ ਟਿੱਕੀ ਨੇ ਉਸਦਾ ਮਿਲਾਪ ਸਵ. ਦੀਦਾਰ ਸੰਧੂ ਦੇ ਬੇਟੇ ਜਗਮੋਹਨ ਸੰਧੂ ਨਾਲ ਕਰਵਾ ਦਿੱਤਾ। ਬੱਸ ਫਿਰ ਕੀ ਸੀ। ਪਹਿਲੀ ਹੀ ਸਟੇਜ ‘ਤੇ ਬੱਲੇ ਬੱਲੇ ਹੋ ਗਈ। ਦੀਦਾਰ ਸੰਧੂ ਕਰਕੇ ਜਗਮੋਹਨ ਸੰਧੂ ਨੂੰ ਚੰਗੇ ਪ੍ਰੋਗਰਾਮ ਪੈਦੇ ਸੀ। ਕਾਫ਼ੀ ਸਮਾਂ ਜਗਮੋਹਨ ਸੰਧੂ ਨਾਲ ਕੰਮ ਕੀਤਾ, ਫਿਰ ਕੁਝ ਸਮਾਂ ਜਸਵੰਤ ਸੰਦੀਲਾ, ਸੁਰਿੰਦਰ ਛਿੰਦਾ ਤੇ ਮਨਜੀਤ ਰਾਹੀਂ ਨਾਲ ਵੀ ਸਟੇਜਾਂ ਲਾਈਆਂ।
ਸਵ. ਦੀਦਾਰ ਸੰਧੂ ਦੀ ਕਲਮ ਨੂੰ ਪਸੰਦ ਕਰਨ ਵਾਲੇ ਗੁਰਮੇਲ ਸਿੰਘ ਸਿਆੜ ਦਾ ਵਿਆਹ 1978 ਵਿੱਚ ਹਰਜੀਤ ਕੌਰ ਨਾਲ ਹੋਇਆ। ਇਹਨਾਂ ਦੇ ਘਰ ਤਿੰਨ ਬੇਟੀਆਂ ਤੇ ਇੱਕ ਬੇਟੇ ਨੇ ਜਨਮ ਲਿਆ। ਸਾਰੇ ਬੱਚੇ ਗਰੈਜੂਏਸ਼ਨ ਹਨ। ਬੇਟਾ ਆਰਮੀ ਵਿੱਚ ਸੇਵਾਵਾਂ ਨਿਭਾ ਰਿਹਾ ਹੈ, ਜਦਕਿ ਇੱਕ ਬੇਟੀ ਪੰਜਾਬ ਪੁਲਿਸ ਵਿੱਚ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਹਨ। ਕਲਾ ਖੇਤਰ ਵਿੱਚ ਬਾਰਾਂ ਸਾਲ ਸੇਵਾਵਾਂ ਦੇਣ ਉਪਰੰਤ ਗੁਰਮੇਲ ਸਿੰਘ ਸਿਆੜ ਨੇ ਬਦਲਦੀਆਂ ਤਕਨੀਕਾਂ ਕਰਕੇ ਇਸ ਖੇਤਰ ਤੋਂ ਕਿਨਾਰਾ ਕਰ ਲਿਆ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਉਦੋਂ ਮਨਚਲਾ, ਕਸਤੂਰੀ ਲਾਲ, ਸਨਮੁਖ ਅਜਾਦ, ਪਿਰਥੀਪਾਲ ਢੱਕਣ ਹੁਰੀਂ ਸਟੇਜ ਸੈਕਟਰੀ ਵਜੋਂ ਵੱਡੇ ਕਲਾਕਾਰਾਂ ਨਾਲ ਸਨ। ਰੰਗ ਮੰਚ ਸੰਚਾਲਕ ਗੁਰਮੇਲ ਸਿੰਘ ਸਿਆੜ ਅੱਜਕੱਲ੍ਹ ਆਪਣੇ ਮਿੱਤਰ ਪਿਆਰਿਆਂ ਨਾਲ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਗਿਆ ਹੋਇਆ ਹੈ।
– ਅਵਤਾਰ ਸਿੰਘ ਰਾਏਸਰ ਬਰਨਾਲਾ
98143 21087

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …