ਕਾਂਗਰਸ ਦਾ ਦਾਅਵਾ : ਇਕ ਹਜ਼ਾਰ ਕਰੋੜ ਰੁਪਏ ਦੀ ਹੋਈ ਹੇਰਾਫੇਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰਨਾਟਕ ਵਿਚ ਮੁੱਖ ਮੰਤਰੀ ਸਿਧਾਰਮੱਈਆ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸਾਬਕਾ ਭਾਜਪਾ ਸਰਕਾਰ ’ਤੇ ਕੋਵਿਡ ਦੌਰਾਨ ਮਿਲੇ ਫੰਡਾਂ ਵਿਚ ਕਰੋੜਾਂ ਰੁਪਏ ਦੇ ਘੁਟਾਲੇ ਦਾ ਆਰੋਪ ਲਗਾਇਆ ਹੈ। ਕਾਂਗਰਸ ਦਾ ਦਾਅਵਾ ਹੈ ਕਿ ਕੋਵਿਡ ਦੇ ਦੌਰਾਨ ਸੂਬੇ ਨੂੰ ਕੁੱਲ 13 ਹਜ਼ਾਰ ਕਰੋੜ ਰੁਪਏ ਦਾ ਫੰਡ ਮਿਲਿਆ ਸੀ। ਇਸ ਵਿਚੋਂ ਕਰੀਬ ਇਕ ਹਜ਼ਾਰ ਕਰੋੜ ਰੁਪਏ ਦੀ ਹੇਰਾਫੇਰੀ ਹੋਈ ਹੈ। ਉਸ ਸਮੇਂ ਕਰਨਾਟਕ ਵਿਚ ਬੀ.ਐਸ. ਯੇਦੀਯੂਰੱਪਾ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਸੀ। ਕਾਂਗਰਸ ਨੇ ਕੋਵਿਡ-19 ਮੈਨੇਜਮੈਂਟ ’ਤੇ ਜਸਟਿਸ ਜੌਨ ਮਾਈਕਲ ਡੀ ਕੁਲ੍ਹਾ ਕਮਿਸ਼ਨ ਦੀ ਮੁੱਢਲੀ ਜਾਂਚ ਰਿਪੋਰਟ ਦੇ ਹਵਾਲੇ ਨਾਲ ਇਸ ਘੁਟਾਲੇ ਦਾ ਦਾਅਵਾ ਕੀਤਾ ਹੈ। ਕਰਨਾਟਕ ਸਰਕਾਰ ਵਿਚ ਕਾਨੂੰਨ ਅਤੇ ਸੰਸਦੀ ਕਾਰਜ ਮੰਤਰੀ ਐਚ.ਕੇ. ਪਾਟਿਲ ਨੇ ਦੱਸਿਆ ਕਿ ਲੰਘੇ ਕੱਲ੍ਹ ਕੈਬਨਿਟ ਮੀਟਿੰਗ ਵਿਚ ਰਿਪੋਰਟ ’ਤੇ ਚਰਚਾ ਹੋਈ। ਰਿਪੋਰਟ ਵਿਚ ਕਿਹਾ ਗਿਆ ਕਿ ਕੋਵਿਡ ਫੰਡ ਨਾਲ ਜੁੜੀਆਂ ਕਈ ਫਾਈਲਾਂ ਗਾਇਬ ਹਨ, ਜਿਨ੍ਹਾਂ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਦੇ ਸਾਹਮਣੇ ਨਹੀਂ ਰੱਖਿਆ ਗਿਆ।