
ਕਈ ਉਡਾਣਾਂ ਹੋਈਆਂ ਰੱਦ, ਯਾਤਰੀਆਂ ਨੂੰ ਹੋਈ ਪ੍ਰੇਸ਼ਾਨੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ-ਐਨਸੀਆਰ ਵਿਚ ਅੱਜ ਸ਼ੁੱਕਰਵਾਰ ਸਵੇਰੇ ਜ਼ੋਰਦਾਰ ਮੀਂਹ ਪੈਣ ਕਰਕੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਛੱਤ ਡਿੱਗ ਗਈ। ਇਸ ਹਾਦਸੇ ਵਿਚ ਇਕ ਕੈਬ ਦੇ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ 5 ਵਿਅਕਤੀ ਜ਼ਖ਼ਮੀ ਵੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਕਈ ਉਡਾਣਾਂ ਵੀ ਰੱਦ ਕਰਨੀਆਂ ਪਈਆਂ ਅਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਟਰਮੀਨਲ-1 ’ਤੇ ਸਵੇਰੇ ਡੋਮੈਸਟਿਕ ਫਲਾਈਟ ਦੇ ਲਈ ਪਾਰਕਿੰਗ ਏਰੀਏ ਵਿਚ ਗੱਡੀਆਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਇਸੇ ਦੌਰਾਨ ਪਾਰਕਿੰਗ ਦੀ ਛੱਤ ਡਿੱਗ ਗਈ ਅਤੇ ਕਈ ਟੈਕਸੀਆਂ ਅਤੇ ਕਾਰਾਂ ਇਸਦੀ ਲਪੇਟ ਵਿਚ ਆ ਗਈਆਂ। ਉਨ੍ਹਾਂ ਦੱਸਿਆ ਕਿ ਫਾਇਰ ਸਰਵਿਸ ਦੇ ਕਰਮਚਾਰੀ ਤੁਰੰਤ ਹੀ ਰਾਹਤ ਕਾਰਜਾਂ ਵਿਚ ਜੁੱਟ ਗਏ ਸਨ।