1.3 C
Toronto
Tuesday, December 23, 2025
spot_img
Homeਹਫ਼ਤਾਵਾਰੀ ਫੇਰੀਕਪਤਾਨ ਬਨਾਮ ਕੈਪਟਨ ... ਵਿਰੋਧੀਆਂ ਵਾਂਗ ਮੁੱਖ ਮੰਤਰੀ ਨੂੰ ਮਿਲੇ ਨਵਜੋਤ ਸਿੱਧੂ

ਕਪਤਾਨ ਬਨਾਮ ਕੈਪਟਨ … ਵਿਰੋਧੀਆਂ ਵਾਂਗ ਮੁੱਖ ਮੰਤਰੀ ਨੂੰ ਮਿਲੇ ਨਵਜੋਤ ਸਿੱਧੂ

ਬੇਅਦਬੀ ਸਮੇਤ 5 ਮੁੱਦਿਆਂ ‘ਤੇ ਕਾਰਵਾਈ ਕਰੋ : ਸਿੱਧੂ
ਕੈਪਟਨ ਬੋਲੇ : ਇਨ੍ਹਾਂ ਮੁੱਦਿਆਂ ‘ਤੇ ਸਰਕਾਰ ਪਹਿਲਾਂ ਹੀ ਕਰ ਰਹੀ ਹੈ ਕੰਮ
ਚੰਡੀਗੜ੍ਹ : ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਰਕਾਰ ਕੋਲੋਂ ਕੁਝ ਮਸਲੇ ਹੱਲ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀਆਂ ਵਾਂਗ ਮਿਲੇ ਸਿੱਧੂ ਨੇ ਬੇਅਦਬੀ ਮਾਮਲਿਆਂ ਅਤੇ ਨਸ਼ਾ ਤਸਕਰਾਂ ਖਿਲਾਫ ਕਾਰਵਾਈ, ਬਿਜਲੀ ਸਮਝੌਤੇ ਰੱਦ ਕਰਨ, ਖੇਤੀ ਕਾਨੂੰਨਾਂ ‘ਤੇ ਰੋਕ ਅਤੇ ਵੱਖ-ਵੱਖ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਉਚਿਤ ਕਾਰਵਾਈ ਕਰਨ ਲਈ ਕਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਕੈਪਟਨ ਨਾਲ ਪਹਿਲੀ ਬੈਠਕ ਕੀਤੀ ਜੋ ਡੇਢ ਘੰਟਾ ਚੱਲੀ। ਇਸ ਮੀਟਿੰਗ ਵਿਚ ਚਾਰ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਸਿੰਘ ਡੈਨੀ ਅਤੇ ਪਵਨ ਗੋਇਲ ਵੀ ਸ਼ਾਮਲ ਸਨ। ਇਹ ਮੀਟਿੰਗ ਸਕੱਤਰੇਤ ਵਿਚ ਮੁੱਖ ਮੰਤਰੀ ਦੇ ਦਫਤਰ ਵਿਚ ਹੋਈ। ਦੱਸਿਆ ਜਾ ਰਿਹਾ ਹੈ ਕਿ ਅਜਿਹਾ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਪ੍ਰਧਾਨ ਨੇ ਆਪਣੇ ਮੁੱਖ ਮੰਤਰੀ ਨੂੰ ਮਸਲੇ ਹੱਲ ਕਰਨ ਲਈ ਕਿਹਾ ਹੋਵੇ। ਸਿੱਧੂ ਨੇ ਕੈਪਟਨ ਨੂੰ ਚਿੱਠੀ ਸੌਂਪ ਕੇ ਕਿਹਾ ਕਿ ਅਸੀਂ ਤੁਹਾਨੂੰ ਏਜੰਡੇ ਦੇ 18 ਬਿੰਦੂਆਂ ਵਿਚੋਂ 5 ਮੁੱਦੇ ਦੇ ਰਹੇ ਹਾਂ, ਜਿਸ ‘ਤੇ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿੱਧੂ ਅਤੇ ਹੋਰ ਆਗੂਆਂ ਨੂੰ ਉਸੇ ਤਰ੍ਹਾਂ ਨਾਲ ਜਵਾਬ ਦਿੱਤਾ ਕਿ ਤੁਹਾਡੀ ਚਿੰਤਾ ਤੋਂ ਪਹਿਲਾਂ ਹੀ ਸਰਕਾਰ ਇਨ੍ਹਾਂ ਮੁੱਦਿਆਂ ‘ਤੇ ਕੰਮ ਕਰ ਰਹੀ ਹੈ ਅਤੇ ਜਲਦ ਹੀ ਨਤੀਜੇ ਮਿਲਣਗੇ।
ਇਸੇ ਦੌਰਾਨ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਿੱਧੂ ਵਲੋਂ ਅਜਿਹੇ ਮੰਗ ਪੱਤਰ ਦੇਣ ਕਾਰਨ ਕਈ ਸੀਨੀਅਰ ਆਗੂ ਹੈਰਾਨ ਹਨ। ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੋਈ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਸਰਕਾਰ ਨੂੰ ਠੇਸ ਪਹੁੰਚੇ। ਧਰਮਸੋਤ ਨੇ ਕਿਹਾ ਕਿ ਸਿੱਧੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ 2017 ਵਿਚ ਜੋ ਵਾਅਦੇ ਕੀਤੇ ਗਏ ਸਨ, ਉਸ ਵਿਚੋਂ ਜ਼ਿਆਦਾਤਰ ਨੂੰ ਪੂਰਾ ਕਰ ਦਿੱਤਾ ਗਿਆ ਹੈ।

RELATED ARTICLES
POPULAR POSTS