0.2 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀ'ਪਰਵਾਸੀ' ਦੇ ਘਰ ਆਏ ਪ੍ਰਧਾਨ ਮੰਤਰੀ ਟਰੂਡੋ

‘ਪਰਵਾਸੀ’ ਦੇ ਘਰ ਆਏ ਪ੍ਰਧਾਨ ਮੰਤਰੀ ਟਰੂਡੋ

2020 ‘ਚ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦਾ ਪਹਿਲਾ ਕੰਮ
ਸੁਰੱਖਿਅਤ ਤੇ ਸੌਖਾਲਾ ਜੀਵਨ ਅਤੇ ਵਾਤਾਵਰਣ ਨੂੰ ਬਚਾਉਣਾ ਲਿਬਰਲ ਸਰਕਾਰ ਦੀ ਆਉਂਦੇ ਵਰ੍ਹੇ ਵਿੱਚ ਪਹਿਲ ਹੋਵੇਗੀ : ਜਸਟਿਨ ਟਰੂਡੋ
ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ, ਬਰੈਂਪਟਨ ਵਿੱਚ ਵਧਦੇ ਅਪਰਾਧ ਅਤੇ ਅੰਮ੍ਰਿਤਸਰ ਲਈ ਸਿੱਧੀ ਹਵਾਈ ਉਡਾਨ ਬਾਰੇ ਵੀ ਪੁੱਛੇ ਗਏ ਸਵਾਲ
ਰਜਿੰਦਰ ਸੈਣੀ
ਲੰਘੇ ਸੋਮਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮਾਲਟਨ ਵਿੱਚ ਸਥਿਤ ਅਦਾਰਾ ઑ’ਪਰਵਾਸ਼ੀ’ ਦੇ ਮੁੱਖ ਦਫਤਰ ਪਹੁੰਚੇ ਅਤੇ ਪਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨਾਲ ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਕਈ ਅਹਿਮ ਸਵਾਲਾਂ ਦੇ ਜਵਾਬ ਦਿੱਤੇ। ਜ਼ਿਕਰਯੋਗ ਹੈ ਕਿ ਅਕਤੂਬਰ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ ਭਾਵੇਂ ਕਿ ਬਹੁਮਤ ਨਹੀਂ ਮਿਲਿਆ ਸੀ ਪਰੰਤੂ 157 ਸੀਟਾਂ ਜਿੱਤ ਕੇ ਸੱਭ ਤੋਂ ਵੱਡੀ ਪਾਰਟੀ ਹੋਣ ਕਾਰਣ ਮੁੜ ਕੇ ਦੂਸਰੀ ਵਾਰ ਸਰਕਾਰ ਬਨਾਉਣ ਦਾ ਮੌਕਾ ਮਿਲ ਗਿਆ ਸੀ। ਪ੍ਰਧਾਨ ਮੰਤਰੀ ਟਰੂਡੋ ਦੀ ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਇਹ ਪਹਿਲੀ ਵਾਰ ਕਿਸੇ ਐਥਨਿਕ ਮੀਡੀਆ ਨੂੰ ਦਿੱਤੀ ਗਈ ਇੰਟਰਵਿਊ ਸੀ। ਪੇਸ਼ ਹਨ, ਇਸ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਅਤੇ ਜਵਾਬ :
ਪਰਵਾਸੀ : ਤੁਹਾਨੂੰ ਪਿਛਲੀਆਂ ਚੋਣਾਂ ਦੌਰਾਨ ਤੁਹਾਡੀ ਮਜ਼ਬੂਤ ਮਾਈਨੌਰਟੀ ਵਾਲੀ ਸਰਕਾਰ ਤਾਂ ਬਣੀ। ਪਰੰਤੂ ਤੁਸੀਂ ਬਹੁਮਤ ਤੋਂ ਪਿੱਛੇ ਰਹਿ ਗਏ। ਇਸ ਸਥਿਤੀ ਨਾਲ ਕਿਵੇਂ ਨਜਿੱਠੋਗੇ?
ਪ੍ਰਧਾਨ ਮੰਤਰੀ : ਕੈਨੇਡੀਅਨ ਲੋਕ ਸੁਖਾਲਾ ਜੀਵਨ, ਆਪਣਾ ਅਤੇ ਬੱਚਿਆਂ ਦਾ ਵਧੀਆ ਭਵਿੱਖ ਚਾਹੁੰਦੇ ਹਨ, ਸੁਰੱਖਿਅਤ ਜੀਵਨ, ਬਿਹਤਰ ਸਿਹਤ ਸੇਵਾਵਾਂ ਅਤੇ ਚੰਗੇਰਾ ਵਾਤਾਵਰਣ ਚਾਹੁੰਦੇ ਹਨ। ਅਸੀਂ ਇਨ੍ਹਾਂ ਗੱਲਾਂ ਨੂੰ ਪ੍ਰਮੁੱਖਤਾ ਦਿਆਂਗੇ। ਮੈਨੂੰ ਯਕੀਨ ਹੈ ਕਿ ਪਾਰਲੀਮੈਂਟ ਵਿੱਚ ਬਾਕੀ ਰਾਜਨੀਤਕ ਪਾਰਟੀਆਂ ਵੀ ਇਹੋ ਚਾਹੁੰਦੀਆਂ ਹਨ। ਅਸੀਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅੱਗੇ ਵਧਾਂਗੇ।
ਪਰਵਾਸੀ: ਇਕ ਵਾਰ ਫਿਰ ਓਨਟੈਰਿਓ ਪਰਵਾਸੀ: ਇਕ ਵਾਰ ਫਿਰ ਓਨਟੈਰਿਓ ਨੇ ਤੁਹਾਨੂੰ ਵੱਡਾ ਫਤਵਾ ਦਿੱਤਾ ਹੈ। ਪੀਲ ਰੀਜਨ ਵਿੱਚ ਤੁਸੀਂ ਮੁੜ ਤੋਂ ਸਾਰੀਆਂ ਸੀਟਾਂ ਜਿੱਤੀਆਂ ਹਨ। ਬਰੈਂਪਟਨ ਵਿੱਚ ਅਬਾਦੀ ਲਗਾਤਾਰ ਵਧ ਰਹੀ ਹੈ। ਬਹੁਤੇ ਅੰਤਰ-ਰਾਸ਼ਟਰੀ ਵਿਦਿਆਰਥੀ ਇੱਥੇ ਵੱਸ ਰਹੇ ਹਨ। ਬਰੈਂਪਟਨ ਵਿੱਚ ਯੂਨੀਵਰਸਿਟੀ ਨਹੀਂ ਹੈ, ਹਸਪਤਾਲ ਮਰੀਜ਼ਾਂ ਨਾਲ ਭਰਿਆ ਹੋਇਆ ਹੈ, ਬਰੈਂਪਟਨ ਐਲਆਰਟੀ ਲਈ ਫੰਡਾਂ ਦੀ ਮੰਗ ਕਰ ਰਿਹਾ ਹੈ। ਕੀ ਅਸੀਂ ਬਰੈਂਪਟਨ ਲਈ ਕਿਸੇ ਸਪੈਸ਼ਲ ਪੈਕੇਜ ਦੀ ਆਸ ਕਰ ਸਕਦੇ ਹਾਂ?
ਪ੍ਰਧਾਨ ਮੰਤਰੀ: ਅਸੀਂ ਪ੍ਰੋਵਿੰਸ ਨਾਲ ਅਤੇ ਸਿਟੀ ਆਫ ਬਰੈਂਪਟਨ ਨਾਲ ਮਿਲ ਕੇ ਕਈ ਸਹੂਲਤਾਂ ਲਈ ਵਿਚਾਰ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਕਿ ਟਰਾਂਸਪੋਟੇਸ਼ਨ ਲਈ ਫੰਡਾਂ ਦੀ ਲੋੜ ਹੈ। ਅਸੀਂ ਸਸਤੇ ਘਰਾਂ ਅਤੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵੀ ਸਕੀਮਾਂ ਤਿਆਰ ਕਰ ਰਹੇ ਹਾਂ। ਗਰੀਬ ਪਰਿਵਾਰਾਂ ਨੂੰ ਗਰੀਬੀ ‘ਚੋਂ ਕੱਢਣ ਲਈ ਕੰਮ ਕਰ ਹਾਂ, ਸੀਨੀਅਰਾਂ ਅਤੇ ਨੌਜਵਾਨਾਂ ਲਈ ਯੋਜਨਾਵਾਂ ਬਣਾ ਰਹੇ ਹਾਂ। ਬਰੈਂਪਟਨ ਅਤੇ ਪੀਲ ਰੀਜਨ ਲਈ ਕੰਮ ਕਰਨਾ ਸਾਡੇ ਦੇਸ਼ ਦੇ ਹਿੱਤ ਵਿੱਚ ਹੈ।
ਪਰਵਾਸੀ: ਸਿਟੀ ਆਫ ਬਰੈਂਪਟਨ ਦੇ ਮੇਅਰ ਨਾਲ ਸਾਡੀ ਗੱਲਬਾਤ ਹੋਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਹਾਲਾਂਕਿ ਬਰੈਂਪਟਨ ਵਿੱਚ ਹਾਲਾਂਕਿ ਅਪਰਾਧ ਕਾਫੀ ਵਧੇ ਹਨ। ਪਰੰਤੂ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ ਨੂੰ ਇਨ੍ਹਾਂ ਨੂੰ ਰੋਕਣ ਲਈ ਦਿੱਤੇ ਗਏ ਫੰਡਾਂ ‘ਚੋਂ ਬਰੈਂਪਟਨ ਨੂੰ ਕੁਝ ਨਹੀਂ ਮਿਲਿਆ। ਕੀ ਕਹਿਣਾ ਚਾਹੰਦੇ ਹੋ?
ਪ੍ਰਧਾਨ ਮੰਤਰੀ : ਅਸੀਂ ਗੰਨ ਕੰਟਰੋਲ ਬਾਰੇ ਸੀਰੀਅਸ ਹਾਂ। ਅਸੀਂ ਕੰਸਰਵੇਟਿਵਾਂ ਵਰਗੇ ਨਹੀਂ ਹਾਂ। ਅਸੀਂ ਅਸਾਲਟ ਰਾਈਫਲ ‘ਤੇ ਬੈਨ ਲਗਾ ਰਹੇ ਹਾਂ।
ਪਰਵਾਸੀ: ਤੁਸੀਂ ਥਰੋਨ ਸਪੀਚ ਵਿੱਚ ਪੰਜ ਗੱਲਾਂ ਨੂੰ ਪਹਿਲ ਦਿੱਤੀ ਹੈ। ਪਰੰਤੂ ਗੈਸ ਪਾਈਪ ਲਾਈਨ ਬਨਾਉਣ ਦਾ ਉਸ ਵਿੱਚ ਜ਼ਿਕਰ ਨਹੀਂ ਹੈ?
ਪ੍ਰਧਾਨ ਮੰਤਰੀ: ਅਸੀਂ ਵਾਤਾਵਰਣ ਨੂੰ ਬਚਾਉਣਾ ਚਾਹੁੰਦੇ ਹਾਂ, ਨੌਕਰੀਆਂ ਵੀ ਪੈਦਾ ਕਰਨੀਆਂ ਚਾਹੁੰਦੇ ਹਾਂ ਅਤੇ ਕੁਦਰਤੀ ਵਸੀਲਿਆਂ ਤੋਂ ਬਿਜਲੀ ਵੀ ਪੈਦਾ ਕਰਨ ਨੂੰ ਪਹਿਲ ਦੇਣਾ ਚਾਹੁੰਦੇ ਹਾਂ। ਅਸੀਂ ਇਸ ਮਾਮਲੇ ਵਿੱਚ ਬੈਲੈਂਸ ਅਪਰੋਚ ਚਾਹੁੰਦੇ ਹਾਂ। ਸਾਰੇ ਮੁਲਕ ਵਿੱਚ ਲੋਕ ਇਸ ਗੱਲ ਨੂੰ ਸਮਝਦੇ ਹਨ। ਅਸੀਂ ਥਰੋਨ ਸਪੀਚ ਵਿੱਚ ਹਰ ਪਰਿਵਾਰ ਲਈ ਡਾਕਟਰ, ਯੂਨੀਵਰਸਲ ਫਾਰਮਾਕੇਅਰ ਵਰਗੇ ਮੁੱਦਿਆਂ ਦੀ ਗੱਲ ਕੀਤੀ ਹੈ।
ਪਰਵਾਸੀ: ਪਿਛਲੇ ਦਿਨਾਂ ਵਿੱਚ ਵਿਰੋਧੀ ਧਿਰ ਦੇ ਲੀਡਰ ਐਂਡਰਿਊ ਸ਼ੀਅਰ ਨੇ ਅਸਤੀਫਾ ਦੇ ਦਿੱਤਾ। ਵੈਸੇ ਘੱਟ ਗਿਣਤੀ ਸਰਕਾਰ ਚਲਾਊਣੀ ਔਖੀ ਹੁੰਦੀ ਹੈ। ਇਸ ਨਾਲ ਹੁਣ ਤੁਸੀਂ ਥੋੜ੍ਹੇ ਆਰਾਮ ਵਿੱਚ ਹੋਵੇਗੇ?
ਪ੍ਰਧਾਨ ਮੰਤਰੀ: ਅਸੀਂ ਇਸ ਲਈ ਵੀ ਆਰਾਮ ਵਿੱਚ ਹਾਂ ਕਿਉਂਕਿ ਸਾਡੇ ਕੋਲ ਵਧੀਆ ਟੀੰਮ ਹੈ। ਮੰਤਰੀ ਨਵਦੀਪ ਬੈਂਸ ਸੈੱਲ ਫੋਨ ਬਿੱਲ ਘਟਾਉਣ ਲਈ ਯਤਨਸ਼ੀਲ ਹਨ। ਇੰਨੋਵੇਸ਼ਨ ਨਾਲ ਅਗਲੀਆਂ ਪੀੜ੍ਹੀਆਂ ਦੇ ਬੱਚਿਆਂ ਲਈ ਨਵੀਆਂ ਨੌਕਰੀਆਂ ਪੈਦਾ ਕਰ ਰਹੇ ਹਾਂ।
ਪਰਵਾਸੀ: ਬਹੁਤ ਸਾਰੇ ਪੰਜਾਬੀ ਚਾਹੁੰਦੇ ਹਨ ਕਿ ਟੋਰਾਂਟੋ ਅਤੇ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਸਿੱਧੇ ਜਾਂ ਅਸਿੱਧੇ ਢੰਗ ਨਾਲ ਫਲਾਈਟ ਜਾਵੇ। ਇਹ ਇਕ ਵੱਡੀ ਮੰਗ ਹੈ। ਇਹ ਠੀਕ ਹੈ ਕਿ ਇਹ ਮਾਮਲਾ ਸਿੱਧਾ ਫੈਡਰਲ ਸਰਕਾਰ ਦੇ ਅਧੀਨ ਨਹੀਂ ਹੈ। ਪਰੰਤੂ ਤੁਸੀਂ ਪਹਿਲ ਕਰਕੇ ਕੋਈ ਹੱਲ ਲੱਭ ਸਕਦੇ ਹੋ?
ਪ੍ਰਧਾਨ ਮੰਤਰੀ: ਸਾਡੇ ਕੋਲ ਸਾਬਕਾ ਪੁਲਾੜ ਯਾਤਰੀ ਮਾਰਕ ਗਾਰਨੋ ਵਰਗੇ ਟਰਾਂਸਪੋਰਟ ਮੰਤਰੀ ਹਨ। ਮੈਂ ਇਹ ਮੰਗ ਉਨ੍ਹਾਂ ਦੇ ਧਿਆਨ ਵਿੱਚ ਜ਼ਰੂਰ ਲਿਆਵਾਂਗਾ।
ਪਰਵਾਸੀ: ਅਸੀਂ ਇਸ ਵਰ੍ਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਗੁਰਪੁਰਬ ਮਨਾ ਰਹੇ ਹਾਂ। ਉਹ ਹਿੰਦੂ-ਮੁਸਲਮਾਨਾਂ-ਸਿੱਖਾਂ, ਸੱਭਨਾਂ ਦੇ ਸਾਂਝੇ ਸਨ। ਸਾਰੇ ਸੰਸਾਰ ਵਿੱਚ ਲੋਕ ਕਈ ਸਮਾਗਮ ਕਰ ਰਹੇ ਹਨ। ਕੀ ਕੈਨੇਡੀਅਨ ਸਰਕਾਰ ਵੀ ਕੋਈ ਵਿਸ਼ੇਸ਼ ਯਤਨ ਕਰਕੇ ਖਾਸ ਯਾਦਗਾਰੀ ਚਿੰਨ੍ਹ ਜਾਰੀ ਕਰੇਗੀ?
ਪ੍ਰਧਾਨ ਮੰਤਰੀ: ਗੁਰੂ ਨਾਨਕ ਦੇਵ ਜੀ ਦਾ ਸੇਵਾ ਦਾ ਸਿਧਾਂਤ ਸਾਰੇ ਸੰਸਾਰ ਲਈ ਚਾਨਣ ਮੁਨਾਰਾ ਹੈ। ਸਾਰੀ ਕਮਿਉਨਿਟੀ ਇਸ ਲਈ ਮਿਲ ਕੇ ਕੰਮ ਕਰ ਰਹੀ ਹੈ।
ਪਰਵਾਸੀ: ਤੁਹਾਨੂੰ ਪਿਛਲੀ ਵਾਰ ਵੀ ਪੁੱਛਿਆ ਸੀ ਕਿ ਤੁਸੀਂ ਇਸ ਤਰ੍ਹਾਂ ਫਿੱਟ ਕਿਵੇਂ ਰਹਿੰਦੇ ਹੋ? ਤੁਸੀਂ ਕਿਹਾ ਸੀ ਕਿ ਮੈਂ ਬੈਲੇਂਸ ਜੀਵਨ ਜਿਊਂਦਾ ਹਾਂ। ਛੱਟੀਆਂ ਵਿੱਚ ਸਾਡੇ ਸਰੋਤਿਆਂ ਲਈ ਕੀ ਪੈਗਾਮ ਹੈ ਤਾਕਿ ਉਹ ਵੀ ਤੁਹਾਡੇ ਵਾਂਗ ਫਿੱਟ ਰਹਿ ਸਕਣ?
ਪ੍ਰਧਾਨ ਮੰਤਰੀ: ਕਸਰਤ ਕਰੋ, ਕੰਮ ਕਰੋ, ਅਤੇ ਘੱਟ ਖਾਓ। ਇਨ੍ਹਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ। ਸੱਭ ਨੂੰ ਛੁੱਟੀਆਂ ਅਤੇ ਨਵੇਂ ਸਾਲ ਦੀ ਮੁਬਾਰਕਬਾਦ।
ਪਰਵਾਸੀ: 2020 ਵਿੱਚ ਕੀ ਤੁਹਾਡੀ ਸਰਕਾਰ ਦਾ ਮੁੱਖ ਅਜੈਂਡਾ ਹੋਵੇਗਾ?
ਪ੍ਰਧਾਨ ਮੰਤਰੀ : ਲੋਕਾਂ ਦਾ ਜੀਵਨ ਸੁਖਾਲਾ ਬਨਾਉਣਾ, ਸੁੱਰਖਿਅਤ ਕਮਿਉਨਿਟੀ, ਵਾਤਾਵਰਣ ਦੀ ਸੰਭਾਲ ਅਤੇ ਲੋਕਾਂ ਦਾ ਜੀਵਨ ਹੋਰ ਬਿਹਤਰ ਬਨਾਉਣ ਲਈ ਮਿਹਨਤ ਜਾਰੀ ਰੱਖਣਾ ਸਾਡੀ ਪਹਿਲ ਹੋਵੇਗੀ।

RELATED ARTICLES
POPULAR POSTS