Breaking News
Home / ਹਫ਼ਤਾਵਾਰੀ ਫੇਰੀ / ਭਾਰਤ ਤੇ ਚੀਨ ਲੱਦਾਖ ‘ਚੋਂ ਫੌਜਾਂ ਪਿੱਛੇ ਹਟਾਉਣ ਲਈ ਸਹਿਮਤ

ਭਾਰਤ ਤੇ ਚੀਨ ਲੱਦਾਖ ‘ਚੋਂ ਫੌਜਾਂ ਪਿੱਛੇ ਹਟਾਉਣ ਲਈ ਸਹਿਮਤ

ਰਾਜ ਸਭਾ ਵਿਚ ਰਾਜਨਾਥ ਸਿੰਘ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜ ਸਭਾ ‘ਚ ਭਾਰਤ-ਚੀਨ ਵਿਚਾਲੇ ਐਲ. ਏ.ਸੀ. ‘ਤੇ ਚੱਲ ਰਹੇ ਵਿਵਾਦ ‘ਤੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਰਾਹੀਂ ਇਹ ਸਮਝੌਤਾ ਹੋਇਆ ਹੈ ਕਿ ਦੋਵੇਂ ਦੇਸ਼ ਆਪਣੀਆਂ ਫ਼ੌਜਾਂ ਨੂੰ ਪੜਾਅਵਾਰ ਤਰੀਕੇ ਨਾਲ ਪਿੱਛੇ ਹਟਾਉਣਗੇ।
ਉਨ੍ਹਾਂ ਕਿਹਾ ਕਿ ਪੂਰਬੀ ਲੱਦਾਖ ‘ਚ ਲੰਘੇ ਸਤੰਬਰ ਮਹੀਨੇ ਤੋਂ ਦੋਵੇਂ ਦੇਸ਼ਾਂ ਨੇ ਫ਼ੌਜੀ ਅਤੇ ਸਿਆਸੀ ਗੱਲਬਾਤ ਨੂੰ ਸਥਾਪਿਤ ਕਰ ਰੱਖਿਆ ਹੈ। ਰਾਜਨਾਥ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਐਲ. ਏ.ਸੀ. ‘ਤੇ ਸ਼ਾਂਤੀ ਵਿਵਸਥਾ ਮੁੜ ਸਥਾਪਿਤ ਹੋਵੇ। ਉਨ੍ਹਾਂ ਕਿਹਾ ਕਿ ਚੀਨ ਪੂਰਬੀ ਖੇਤਰਾਂ ‘ਚ ਵੀ ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤੋਂ ਵੀ 90 ਹਜ਼ਾਰ ਵਰਗ ਕਿਲੋਮੀਟਰ ਦੇ ਹਿੱਸੇ ਨੂੰ ਆਪਣਾ ਦੱਸਦਾ ਹੈ ਪਰ ਭਾਰਤ ਇਸ ਗ਼ੈਰ-ਕਾਨੂੰਨੀ ਕਬਜ਼ੇ ਨੂੰ ਵੀ ਕਦੇ ਵੀ ਸਵੀਕਾਰ ਨਹੀਂ ਕਰੇਗਾ। ਭਾਰਤ ਨੇ ਚੀਨ ਨੂੰ ਹਮੇਸ਼ਾ ਕਿਹਾ ਹੈ ਕਿ ਦੋ-ਪੱਖੀ ਸਬੰਧ ਦੋਹਾਂ ਪੱਖਾਂ ਦੇ ਯਤਨਾਂ ਨਾਲ ਹੀ ਵਿਕਸਿਤ ਹੋ ਸਕਦੇ ਹਨ, ਨਾਲ ਹੀ ਸਰਹੱਦ ਦੇ ਸਵਾਲ ਨੂੰ ਗੱਲਬਾਤ ਰਾਹੀਂ ਹੀ ਹੱਲ ਕੀਤਾ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਇਕ ਇੰਚ ਵੀ ਜ਼ਮੀਨ ਨਹੀਂ ਛੱਡਾਂਗੇ। ਉਨ੍ਹਾਂ ਕਿਹਾ ਕਿ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਤਟ ‘ਤੇ ਡਿਸਇੰਗੇਜ਼ਮੈਂਟ ਦਾ ਸਮਝੌਤਾ ਹੋ ਗਿਆ ਹੈ। ਚੀਨ ਇਸ ਗੱਲ ‘ਤੇ ਵੀ ਸਹਿਮਤ ਹੋਇਆ ਹੈ ਕਿ ਪੂਰਨ ਡਿਸਇੰਗੇਜ਼ਮੈਂਟ ਦੇ 48 ਘੰਟਿਆਂ ਅੰਦਰ ਸੀਨੀਅਰ ਕਮਾਂਡਰ ਪੱਧਰ ਦੀ ਗੱਲਬਾਤ ਹੋਵੇ ਅਤੇ ਅੱਗੇ ਦੀ ਕਾਰਵਾਈ ‘ਤੇ ਚਰਚਾ ਹੋਵੇ। ਉਨ੍ਹਾਂ ਦੱਸਿਆ ਕਿ ਪੈਂਗੋਂਗ ਝੀਲ ਨੂੰ ਲੈ ਕੇ ਹੋਏ ਸਮਝੌਤੇ ਮੁਤਾਬਕ ਚੀਨ ਆਪਣੀ ਫ਼ੌਜ ਨੂੰ ਫਿੰਗਰ 8 ਤੋਂ ਪੂਰਬ ਵੱਲ ਰੱਖੇਗਾ। ਇਸੇ ਤਰ੍ਹਾਂ ਭਾਰਤ ਵੀ ਆਪਣੀ ਫ਼ੌਜ ਦੀਆਂ ਟੁਕੜੀਆਂ ਨੂੰ ਫਿੰਗਰ 3 ਦੇ ਕੋਲ ਆਪਣੇ ਸਥਾਈ (ਪਰਮਾਨੈਂਟ) ਬੇਸ ‘ਤੇ ਰੱਖੇਗਾ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …