ਅਯੁੱਧਿਆ ’ਚ ਬਣੇ ਰਾਮ ਮੰਦਿਰ ਦਾ ਉਦਘਾਟਨੀ ਸਮਾਰੋਹ 22 ਜਨਵਰੀ ਨੂੰ
ਅਯੁੱਧਿਆ ’ਚ ਬਣੇ ਰਾਮ ਮੰਦਿਰ ਦਾ ਉਦਘਾਟਨੀ ਸਮਾਰੋਹ 22 ਜਨਵਰੀ ਨੂੰ
ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ, ਐਚਡੀ ਦੇਵਗੌੜਾ ਨੂੰ ਸਮਾਰੋਹ ਲਈ ਮਿਲਿਆ ਸੱਦਾ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼ :

ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ, ਕਾਂਗਰਸੀ ਆਗੂ ਸੋਨੀਆ ਗਾਂਧੀ ਅਤੇ ਅਧੀਰ ਰੰਜਨ ਚੌਧਰੀ ਨੂੰ 22 ਜਨਵਰੀ 2024 ਨੂੰ ਅਯੋਧਿਆ ’ਚ ਰਾਮ ਮੰਦਿਰ ਦੇ ਉਦਘਾਟਨੀ ਸਮਾਰੋਹ ’ਚ ਸ਼ਾਮਲ ਹੋਣ ਦੇ ਲਈ ਸੱਦਾ ਪੱਤਰ ਮਿਲਿਆ ਹੈ। ਸ੍ਰੀ ਰਾਮ ਜਨਮ ਮੰਦਿਰ ਟਰੱਸਟ ਨੇ ਉਨ੍ਹਾਂ ਨੂੰ ਵਿਅਕਤੀਗਤ ਰੂਪ ਨਾਲ ਸੱਦਾ ਭੇਜਿਆ ਹੈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਐਚ ਡੀ ਦੇਵਗੌੜਾ ਨੂੰ ਵੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ। ਆਉਣ ਵਾਲੇ ਦਿਨਾਂ ’ਚ ਰਾਮ ਮੰਦਿਰ ਟਰੱਸਟ ਵੱਲੋਂ ਵਿਰੋਧੀ ਧਿਰ ਦੇ ਹੋਰ ਆਗੂਆਂ ਨੂੰ ਵੀ ਸਮਾਰੋਹ ਲਈ ਸੱਦਾ ਭੇਜੇ ਜਾਣ ਦੀ ਸੰਭਾਵਨਾ ਹੈ। ਜਦਕਿ ਵਿਰੋਧੀ ਧਿਰ ਦੇ ਆਗੂਆਂ ਦੇ ਅਯੋਧਿਆ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਵਿਸ਼ਵ ਹਿੰਦੂ ਪਰਿਸ਼ਦ ਨੇ ਲੰਘੀ 19 ਦਸੰਬਰ ਨੂੰ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਵੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਯੁੱਧਿਆ ਆਉਣ ਦਾ ਸੱਦਾ ਦਿੱਤਾ ਸੀ। ਧਿਆਨ ਰਹੇ ਕਿ ਆਉਣ ਵਾਲੀ 22 ਜਨਵਰੀ 2024 ਨੂੰ ਰਾਮ ਮੰਦਿਰ ਦੇ ਉਦਘਾਟਨੀ ਸਮਾਰੋਹ ’ਚ ਪ੍ਰਧਾਨ ਨਰਿੰਦਰ ਮੋਦੀ ਮੰਤਰੀ ਵੀ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਉਦਘਾਟਨੀ ਸਮਾਰੋਹ ਲਈ ਲਗਭਗ 4 ਹਜ਼ਾਰ ਸੰਤਾਂ ਅਤੇ 2200 ਹੋਰ ਮਹਿਮਾਨਾਂ ਨੂੰ ਵੀ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਿਆ ਗਿਆ ਹੈ।