ਆਈਪੀਸੀ ਦੀਆਂ ਪੰਜ ਧਾਰਾਵਾਂ ਤਹਿਤ ਮਿਲੀ 10-10 ਸਾਲ ਦੀ ਸਜ਼ਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਸ਼ਮੀਰੀ ਵੱਖਵਾਦੀ ਆਗੂ ਯਾਸੀਨ ਮਲਿਕ ਨੂੰ ਦਹਿਸ਼ਤੀ ਫੰਡਿੰਗ ਕੇਸ ਦੇ ਮਾਮਲੇ ‘ਚ ਨਵੀਂ ਦਿੱਲੀ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਜੱਜ ਪ੍ਰਵੀਨ ਸਿੰਘ ਨੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਅਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਹੋਰ ਕੇਸਾਂ ‘ਚ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮਲਿਕ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਯਾਸੀਨ ਮਲਿਕ ਨੂੰ ਧਾਰਾ 121 (ਭਾਰਤ ਸਰਕਾਰ ਖਿਲਾਫ ਜੰਗ ਛੇੜਨ) ਅਤੇ ਧਾਰਾ 17 (ਦਹਿਸ਼ਤੀ ਕਾਰਵਾਈਆਂ ਲਈ ਫੰਡ ਇਕੱਠੇ ਕਰਨ) ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਰੀਆਂ ਸਜ਼ਾਵਾਂ ਨਾਲੋਂ ਨਾਲ ਚੱਲਣਗੀਆਂ। ਦਹਿਸ਼ਤੀ ਫੰਡਿੰਗ ਕੇਸ ‘ਚ ਸਜ਼ਾ ਦਾ ਐਲਾਨ ਬੁੱਧਵਾਰ ਨੂੰ ਪਟਿਆਲਾ ਹਾਊਸ ਕੋਰਟ ‘ਚ ਭਾਰੀ ਸੁਰੱਖਿਆ ਹੇਠ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਯਾਸੀਨ ਮਲਿਕ ਨੇ ਅਦਾਲਤ ‘ਚ ਕਿਹਾ,”ਮੈਂ ਕਿਸੇ ਵੀ ਦੋਸ਼ ਲਈ ਮੁਆਫ਼ੀ ਨਹੀਂ ਮੰਗਾਂਗਾ। ਕੇਸ ਇਸ ਅਦਾਲਤ ਸਾਹਮਣੇ ਹੈ ਅਤੇ ਮੈਂ ਫ਼ੈਸਲਾ ਉਸ ‘ਤੇ ਛੱਡਦਾ ਹਾਂ। ਜੇਕਰ ਮੈਂ ਪਿਛਲੇ 28 ਸਾਲਾਂ ‘ਚ ਕਿਸੇ ਵੀ ਦਹਿਸ਼ਤੀ ਸਰਗਰਮੀ ਜਾਂ ਹਿੰਸਾ ‘ਚ ਸ਼ਾਮਲ ਰਿਹਾ ਹਾਂ ਅਤੇ ਜੇਕਰ ਭਾਰਤੀ ਇੰਟੈਲੀਜੈਂਸ ਇਹ ਸਾਬਤ ਕਰ ਦਿੰਦੀ ਹੈ ਤਾਂ ਮੈਂ ਸਿਆਸਤ ਛੱਡ ਦੇਵਾਂਗਾ। ਮੈਂ ਫਾਂਸੀ ਸਵੀਕਾਰ ਕਰ ਲਵਾਂਗਾ। ਮੈਂ ਸੱਤ ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ ਹੈ।” ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਸੀ ਕਿ ਮੁਲਜ਼ਮ ਕਸ਼ਮੀਰੀ ਪੰਡਿਤਾਂ ਦੀ ਵਾਦੀ ‘ਚੋਂ ਹਿਜਰਤ ਲਈ ਜ਼ਿੰਮੇਵਾਰ ਹੈ। ਕੇਂਦਰੀ ਜਾਂਚ ਏਜੰਸੀ ਨੇ ਯਾਸੀਨ ਮਲਿਕ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ। ਦੂਜੇ ਪਾਸੇ ਅਦਾਲਤੀ ਮਿੱਤਰ ਨੇ ਉਸ ਨੂੰ ਉਮਰ ਕੈਦ ਦੀ ਘੱਟੋ ਘੱਟ ਸਜ਼ਾ ਦੇਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਯਾਸੀਨ ਮਲਿਕ ਨੇ ਆਪਣਾ ਕਸੂਰ ਮੰਨ ਲਿਆ ਸੀ।
ਪਾਕਿ ਵੱਲੋਂ ਨਿਖੇਧੀ
ਇਸਲਾਮਾਬਾਦ : ਪਾਕਿਸਤਾਨ ਨੇ ਯਾਸੀਨ ਮਲਿਕ ਨੂੰ ਸਜ਼ਾ ਸੁਣਾਏ ਜਾਣ ਦੀ ਨਿਖੇਧੀ ਕੀਤੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕੀਤਾ, ”ਭਾਰਤ ਯਾਸੀਨ ਮਲਿਕ ਨੂੰ ਸਰੀਰਕ ਤੌਰ ‘ਤੇ ਜੇਲ੍ਹ ਵਿੱਚ ਕੈਦ ਕਰ ਸਕਦਾ ਹੈ ਪਰ ਉਸ ਵੱਲੋਂ ਆਜ਼ਾਦੀ ਸਬੰਧੀ ਦਿੱਤੇ ਵਿਚਾਰਾਂ ਨੂੰ ਨਹੀਂ।” ਟਵੀਟ ਵਿੱਚ ਉਨ੍ਹਾਂ ਕਿਹਾ, ”ਪਾਕਿਸਤਾਨ ਕਸ਼ਮੀਰੀ ਭੈਣਾਂ-ਭਰਾਵਾਂ ਨਾਲ ਖੜ੍ਹਾ ਹੈ।” ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਅਤੇ ਪਾਕਿਸਤਾਨੀ ਫੌਜ ਦੇ ਤਰਜਮਾਨ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਵੀ ਮਲਿਕ ਨੂੰ ਸਜ਼ਾ ਸੁਣਾਏ ਜਾਣ ਨਿਖੇਧੀ ਕੀਤੀ ਹੈ।