-16 C
Toronto
Friday, January 30, 2026
spot_img
Homeਭਾਰਤਪੀਐੱਮ ਦਾ ਮਤਲਬ ਪਨੌਤੀ ਮੋਦੀ : ਰਾਹੁਲ ਗਾਂਧੀ

ਪੀਐੱਮ ਦਾ ਮਤਲਬ ਪਨੌਤੀ ਮੋਦੀ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ‘ਤੇ ਲੋਕਾਂ ਦਾ ਧਿਆਨ ਭਟਕਾਉਣ ਦੇ ਲਗਾਏ ਆਰੋਪ
ਜੈਪੁਰ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ‘ਪਨੌਤੀ ਮੋਦੀ’ ਦੱਸਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਕਿਸਮਤੀ ਲਿਆਉਂਦੇ ਹਨ। ਰਾਹੁਲ ਗਾਂਧੀ ਰਾਜਸਥਾਨ ਵਿਚ ਉਦੈਪੁਰ ਦੇ ਵੱਲਭਨਗਰ ਅਤੇ ਬਾਲੋਤਰਾ ਦੇ ਬਾਇਤੂ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ।
ਇਨ੍ਹਾਂ ਰੈਲੀਆਂ ਦੌਰਾਨ ਕਾਂਗਰਸ ਆਗੂ ਨੇ ਦੇਸ਼ ਭਰ ‘ਚ ਜਾਤੀ ਜਨਗਣਨਾ ਕਰਾਉਣ ਸਮੇਤ ਹੋਰ ਮੁੱਦੇ ਵੀ ਚੁੱਕੇ।
ਬਾਇਤੂ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ‘ਚ ਭਾਰਤ ਨੂੰ ਆਸਟਰੇਲੀਆ ਤੋਂ ਮਿਲੀ ਹਾਰ ਦਾ ਜ਼ਿਕਰ ਕੀਤਾ ਤੇ ਬਦਕਿਸਮਤੀ ਨਾਲ ਸਬੰਧਤ ਸ਼ਬਦ ‘ਪਨੌਤੀ’ ਦੀ ਵਰਤੋਂ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਦੇ ਆਪਣੇ ਨਾਂ ਵਾਲੇ ਅਹਿਮਦਾਬਾਦ ਕ੍ਰਿਕਟ ਸਟੇਡੀਅਮ ਪੁੱਜਣ ਮਗਰੋਂ ਭਾਰਤ ਦੀ ਹਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ‘ਪਨੌਤੀ’ ਸ਼ਬਦ ਵੱਡੀ ਪੱਧਰ ‘ਤੇ ਘੁੰਮ ਰਿਹਾ ਹੈ।
ਰਾਹੁਲ ਨੇ ਆਰੋਪ ਲਾਇਆ ਕਿ ਮੋਦੀ ਲੋਕਾਂ ਦਾ ਧਿਆਨ ਭਟਕਾ ਰਹੇ ਹਨ ਜਦਕਿ ਸਨਅਤਕਾਰ ਅਡਾਨੀ ਉਨ੍ਹਾਂ ਦੀਆਂ ਜੇਬਾਂ ਕੱਟ ਰਿਹਾ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਟੀਵੀ ‘ਤੇ ਆਉਂਦੇ ਹਨ ਤੇ ਕਦੀ ‘ਹਿੰਦੂ-ਮੁਸਲਿਮ’ ਕਹਿੰਦੇ ਹਨ ਅਤੇ ਕਦੀ ਕ੍ਰਿਕਟ ਮੈਚ ‘ਚ ਚਲੇ ਜਾਂਦੇ ਹਨ।
ਇਹ ਵੱਖਰੀ ਗੱਲ ਹੈ ਕਿ ਮੈਚ ਹਾਰ ਗਏ। ਪਨੌਤੀ।’ ਉਨ੍ਹਾਂ ਕਿਹਾ, ‘ਪੀਐੱਮ ਦਾ ਮਤਲਬ ਪਨੌਤੀ ਮੋਦੀ।’ ਉਨ੍ਹਾਂ ਪ੍ਰਧਾਨ ਮੰਤਰੀ ‘ਤੇ ਵੱਡੇ ਸਨਅਤਕਾਰਾਂ ਦਾ ਕਰਜ਼ਾ ਮੁਆਫ਼ ਕਰਨ ਤੇ ਉਨ੍ਹਾਂ ਨੂੰ ਸਹੂਲਤਾਂ ਦੇਣ ਦਾ ਵੀ ਦੋਸ਼ ਲਾਇਆ।
ਪ੍ਰਧਾਨ ਮੰਤਰੀ ਬਾਰੇ ਟਿੱਪਣੀ ਲਈ ਰਾਹੁਲ ਮੁਆਫੀ ਮੰਗਣ: ਭਾਜਪਾ
ਨਵੀਂ ਦਿੱਲੀ : ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਪਨੌਤੀ ਮੋਦੀ’ ਕਹਿਣ ਲਈ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਦੀ ਟਿੱਪਣੀ ਨੂੰ ਸ਼ਰਮਨਾਕ ਤੇ ਅਪਮਾਨ ਭਰੀ ਕਰਾਰ ਦਿੰਦਿਆਂ ਉਨ੍ਹਾਂ ਤੋਂ ਮੁਆਫੀ ਦੀ ਮੰਗ ਕੀਤੀ। ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਗਾਂਧੀ ਦੀ ਪ੍ਰਧਾਨ ਮੰਤਰੀ ਬਾਰੇ ਟਿੱਪਣੀ ਸ਼ਰਮਨਾਕ, ਨਿੰਦਣਯੋਗ ਤੇ ਅਪਮਾਨ ਭਰੀ ਹੈ। ਉਨ੍ਹਾਂ ਕਿਹਾ, ‘ਉਨ੍ਹਾਂ ਆਪਣਾ ਅਸਲੀ ਰੰਗ ਦਿਖਾ ਦਿੱਤਾ ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਵੱਲੋਂ ਗੁਜਰਾਤ ਦੇ ਤਤਕਾਲੀ ਮੁੱਖ ਮੰਤਰੀ ਮੋਦੀ ਨੂੰ ‘ਮੌਤ ਦਾ ਸੌਦਾਗਰ’ ਕਹੇ ਜਾਣ ਮਗਰੋਂ ਕਾਂਗਰਸ ਗੁਜਰਾਤ ‘ਚ ਕਿਸ ਤਰ੍ਹਾਂ ਡੁੱਬ ਗਈ ਸੀ।’ ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਰਾਹੁਲ ਨੇ ਰਾਜਸਥਾਨ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਨੂੰ ਦੇਖਦਿਆਂ ਨਿਰਾਸ਼ ਹੋ ਕੇ ਇਹ ਟਿੱਪਣੀ ਕੀਤੀ ਹੈ।

 

RELATED ARTICLES
POPULAR POSTS