Breaking News
Home / ਭਾਰਤ / ਇਕ ਸਾਲ ਦੌਰਾਨ ਭਾਰਤ ‘ਚ ਅਗਵਾ ਹੋਏ 55,000 ਬੱਚੇ

ਇਕ ਸਾਲ ਦੌਰਾਨ ਭਾਰਤ ‘ਚ ਅਗਵਾ ਹੋਏ 55,000 ਬੱਚੇ

ਅਜਿਹੀਆਂ ਘਟਨਾਵਾਂ ਪਿਛਲੇ ਸਾਲ ਨਾਲੋਂ 30 ਫੀਸਦੀ ਵਧੀਆਂ
ਨਵੀਂ ਦਿੱਲੀ : ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਚੇ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ ਅਜਿਹੀਆਂ ਘਟਨਾਵਾਂ ਪਿਛਲੇ ਵਰ੍ਹੇ ਨਾਲੋਂ 30 ਫ਼ੀਸਦ ਵਧੀਆਂ ਹਨ। ਦੇਸ਼ ਭਰ ਵਿੱਚ 2016 ਦੌਰਾਨ ਕਰੀਬ 55,000 ਬੱਚਾ ਚੁੱਕਣ ਦੀ ਘਟਨਾਵਾਂ ਸਾਹਮਣੇ ਆਈਆਂ ਹਨ। ਗ੍ਰਹਿ ਮੰਤਰਾਲੇ ਵੱਲੋਂ 2017-18 ਦੀ ਜਾਰੀ ਕੀਤੀ ਰਿਪੋਰਟ ਮੁਤਾਬਕ 2016 ਵਿੱਚ 54,723 ਬੱਚੇ ਅਗਵਾ ਕੀਤੇ ਗਏ ਪਰ ਚਾਰਜਸ਼ੀਟ ਸਿਰਫ਼ 40.4 ਫੀਸਦੀ ਕੇਸਾਂ ਵਿੱਚ ਹੀ ਹੋਈ। ਇਸ ਤੋਂ ਪਹਿਲਾਂ ਸੰਨ 2015 ਵਿੱਚ 41,893 ਤੇ 2014 ਵਿੱਚ 37,854 ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਜਦਕਿ 2017 ਦੇ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ। ਬੱਚਾ ਅਗਵਾ ਕਰਨ ਦੀਆਂ ਘਟਨਾਵਾਂ ਵਿੱਚ ਸਜ਼ਾ ਹੋਣ ਦੀ ਫ਼ੀਸਦ ਮਾਤਰ 22.7 ਰਹੀ ਹੈ। ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਹਾਲਾਂਕਿ ਸੋਸ਼ਲ ਮੀਡੀਆ ਉੱਤੇ ਬੱਚਾ ਅਗਵਾ ਹੋਣ ਦੀਆਂ ਫ਼ੈਲੀਆਂ ਅਫ਼ਵਾਹਾਂ ਤੋਂ ਬਾਅਦ ਹਜ਼ੂਮੀ ਕਤਲ਼ਾਂ ਦੇ ਕਈ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਅਜਿਹੇ ਮਾਮਲਿਆਂ ਵਿੱਚ ਵਾਧਾ ਹੀ ਦੇਖਿਆ ਜਾ ਰਿਹਾ। ਰਿਪੋਰਟ ਵਿੱਚ ਬਹੁਤੇ ਕੇਸ ਪੇਂਡੂ ਖੇਤਰਾਂ ਵਿੱਚ ਵਾਪਰੇ ਦਰਜ ਕੀਤੇ ਗਏ ਹਨ। ਪਿਛਲੇ ਦੋ ਮਹੀਨਿਆਂ ਵਿੱਚ ਹੀ ਬੱਚਾ ਅਗਵਾ ਕਰਨ ਦੇ ਸ਼ੱਕ ਵਿਚ ਕਰੀਬ 20 ਲੋਕਾਂ ਦੀ ਹਜ਼ੂਮੀ ਹੱਤਿਆ ਕਰ ਦਿੱਤੀ ਗਈ ਹੈ। ਤਾਜ਼ਾ ਵਾਪਰੀਆਂ ਕਈ ਘਟਨਾਵਾਂ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਬੱਚਾ ਅਗਵਾ ਕਰਨ ਦੀਆਂ ਸੋਸ਼ਲ ਮੀਡੀਆ ਰਾਹੀਂ ਫੈਲੀਆਂ ਅਫ਼ਵਾਹਾਂ ਤੋਂ ਬਾਅਦ ਕਈ ਨਿਰਦੋਸ਼ਾਂ ਨੂੰ ਕਥਿਤ ਤੌਰ ‘ਤੇ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਨ੍ਹਾਂ ਘਟਨਾਵਾਂ ਦਾ ਪੂਰੇ ਦੇਸ਼ ਵਿੱਚ ਸਮਾਜਿਕ ਤੇ ਸਿਆਸੀ ਹਲਕਿਆਂ ਨੇ ਵੱਡੇ ਪੱਧਰ ਅਤੇ ਵਿਰੋਧ ਕੀਤਾ ਹੈ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …