10.4 C
Toronto
Saturday, November 8, 2025
spot_img
Homeਭਾਰਤਲੱਦਾਖ ਸਰਹੱਦ 'ਤੇ ਸਥਿਤੀ ਤਣਾਅਪੂਰਨ

ਲੱਦਾਖ ਸਰਹੱਦ ‘ਤੇ ਸਥਿਤੀ ਤਣਾਅਪੂਰਨ

ਕੰਟਰੋਲ ਰੇਖਾ ਦਾ ਸਤਿਕਾਰ ਕਰੇ ਚੀਨ : ਰਾਜਨਾਥ, ਚੀਨ ਨੇ ਵਿਵਾਦ ਲਈ ਭਾਰਤ ਨੂੰ ਦੱਸਿਆ ਜ਼ਿੰਮੇਵਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੂਰਬੀ ਲੱਦਾਖ ਵਿੱਚ ‘ਤਣਾਅਪੂਰਣ’ ਹਾਲਾਤ ਦਰਮਿਆਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੈਂਗ ਨੂੰ ਦਿੱਤੇ ਸੁਨੇਹੇ ਵਿਚ ਸਾਫ਼ ਕਰ ਦਿੱਤਾ ਹੈ ਕਿ ਚੀਨ ਅਸਲ ਕੰਟਰੋਲ ਰੇਖਾ (ਐੱਲਏਸੀ) ਦਾ ਸਖ਼ਤੀ ਨਾਲ ਸਤਿਕਾਰ ਕਰਦਿਆਂ ਮੌਜੂਦਾ ਸਥਿਤੀ ਵਿਚ ਬਦਲਾਅ ਦੀ ਇਕਤਰਫ਼ਾ ਕੋਸ਼ਿਸ਼ ਤੋਂ ਬਾਜ਼ ਆਏ। ਉਧਰ ਚੀਨੀ ਰੱਖਿਆ ਮੰਤਰੀ ਨੇ ਕਿਹਾ ਕਿ ਸਰਹੱਦ ‘ਤੇ ਬਣੇ ਜਮੂਦ ਦੀ ਪੂਰੀ ਜ਼ਿੰਮੇਵਾਰੀ ਭਾਰਤ ਦੀ ਹੈ ਅਤੇ ਚੀਨੀ ਫੌਜ ਵਿੱਚ ਆਪਣੀ ਕੌਮੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਦਾ ਨਿਸ਼ਚਾ, ਸਮਰੱਥਾ ਤੇ ਭਰੋਸਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੀ ਧਰਤੀ ਦੇ ‘ਇਕ ਇੰਚ’ ਉਤੇ ਕਬਜ਼ਾ ਨਹੀਂ ਹੋਣ ਦੇਵੇਗਾ।
ਮਾਸਕੋ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦੇ ਮੈਂਬਰ ਮੁਲਕਾਂ ਦੀ ਮੀਟਿੰਗ ਤੋਂ ਇਕਪਾਸੇ ਚੀਨੀ ਰੱਖਿਆ ਮੰਤਰੀ ਨਾਲ ਕੀਤੀ ਮੀਟਿੰਗ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਪੈਂਗੌਂਗ ਝੀਲ ਸਮੇਤ ਟਕਰਾਅ ਵਾਲੇ ਹੋਰਨਾਂ ਖੇਤਰਾਂ ਵਿੱਚੋਂ ਫੌਜਾਂ ਨੂੰ ਪਿੱਛੇ ਹਟਾਉਣ ਸਬੰਧੀ ਅਮਲ ਨੂੰ ਪੂਰਾ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰੇ। ਸਿੰਘ ਨੇ ਆਖਿਆ ਕਿ ਭਾਰਤ ਆਪਣੀ ਪ੍ਰਭੂਸੱਤਾ ਤੇ ਪ੍ਰਾਦੇਸ਼ਕ ਅਖੰਡਤਾ ਦੀ ਰਾਖੀ ਲਈ ਵਚਨਬੱਧ ਹੈ। ਚੀਨੀ ਰੱਖਿਆ ਮੰਤਰੀ ਦੀ ਪਹਿਲ ‘ਤੇ ਹੋਈ ਇਹ ਮੀਟਿੰਗ ਸਵਾ ਦੋ ਘੰਟੇ ਦੇ ਕਰੀਬ ਚੱਲੀ ਸੀ। ਵਿਦੇਸ਼ ਤੇ ਰੱਖਿਆ ਮੰਤਰਾਲਿਆਂ ਵੱਲੋਂ ਜਾਰੀ ਬਿਆਨ ਮੁਤਾਬਕ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ਵੱਲੋਂ ਸਰਹੱਦ ‘ਤੇ ਫੌਜਾਂ ਦੀ ਨਫ਼ਰੀ ਵਧਾਉਣ, ਉਸ ਦਾ ਹਮਲਾਵਰ ਰੁਖ਼ ਤੇ ਲੱਦਾਖ ਵਿੱਚ ਮੌਜੂਦਾ ਸਥਿਤੀ ਵਿਚ ਬਦਲਾਅ ਦੀ ਕੋਸ਼ਿਸ਼ ਦੋਵਾਂ ਮੁਲਕਾਂ ਵਿਚ ਹੋਏ ਦੁਵੱਲੇ ਕਰਾਰਾਂ ਦਾ ਉਲੰਘਣ ਹੈ। ਸਿੰਘ ਨੇ ਵੇਈ ਨੂੰ ਕਿਹਾ ਕਿ ਮੌਜੂਦਾ ਹਾਲਾਤ ਨਾਲ ਪੂਰੀ ਜ਼ਿੰਮੇਵਾਰੀ ਨਾਲ ਸਿੱਝਿਆ ਜਾਵੇ ਤੇ ਦੋਵੇਂ ਧਿਰਾਂ ਅਜਿਹੀ ਕੋਈ ਕਾਰਵਾਈ ਨਾ ਕਰਨ, ਜਿਸ ਨਾਲ ਸਥਿਤੀ ਹੋਰ ਗੁੰਝਲਦਾਰ ਬਣੇ। ਰੱਖਿਆ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਸਫ਼ਾਰਤੀ ਤੇ ਫੌਜੀ ਚੈਨਲਾਂ ਜ਼ਰੀਏ ਸੰਵਾਦ ਦੇ ਅਮਲ ਨੂੰ ਜਾਰੀ ਰੱਖਣ। ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਹੋਈਆਂ ਦੋ ਗੈਰ-ਰਸਮੀ ਸਿਖਰ ਵਾਰਤਾਵਾਂ ਦੇ ਹਵਾਲੇ ਨਾਲ ਕਿਹਾ ਕਿ ਦੋਵਾਂ ਮੁਲਕਾਂ ਨੂੰ ਆਗੂਆਂ ਵਿਚਾਲੇ ਬਣੀ ਸਹਿਮਤੀ ਤੋਂ ਸੇਧ ਲੈਣ ਚਾਹੀਦੀ ਹੈ ਕਿ ਭਾਰਤ-ਚੀਨ ਰਿਸ਼ਤਿਆਂ ਦੇ ਵਿਕਾਸ ਲਈ ਸਰਹੱਦੀ ਖੇਤਰਾਂ ਵਿੱਚ ਅਮਨ ਦੀ ਸਥਾਪਨਾ ਜ਼ਰੂਰੀ ਹੈ ਤੇ ਦੋਵੇਂ ਦੇਸ਼ ਆਪਣੇ ਵੱਖਰੇਵਿਆਂ ਨੂੰ ਵਿਵਾਦ ਨਾ ਬਣਨ ਦੇਣ। ਉਧਰ ਪੇਈਚਿੰਗ ਵਿੱਚ ਚੀਨੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਵੇਈ ਨੇ (ਰਾਜਨਾਥ) ਸਿੰਘ ਨੂੰ ਕਿਹਾ ਦੋਵੇਂ ਧਿਰਾਂ ਮੋਦੀ ਤੇ ਸ਼ੀ ਵਿਚਾਲੇ ਬਣੀ ਸਹਿਮਤੀ ਨੂੰ ਲਾਗੂ ਕਰਦਿਆਂ ਸਬੰਧਤ ਮੁੱਦਿਆਂ ਨੂੰ ਸੰਵਾਦ ਤੇ ਸਲਾਹ ਮਸ਼ਵਰੇ ਨਾਲ ਸੁਲਝਾਉਣਾ ਜਾਰੀ ਰੱਖਣ ਤੇ ਦੁਵੱਲੇ ਸਮਝੌਤਿਆਂ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਕਿਸੇ ਵੀ ਭੜਕਾਊ ਕਾਰਵਾਈ ਤੋਂ ਬਚਣ।
ਮੋਦੀ ਅਤੇ ਰਾਜਨਾਥ ਦੇਸ਼ ਨੂੰ ਭਰੋਸੇ ‘ਚ ਲੈਣ : ਕਾਂਗਰਸ
ਨਵੀਂ ਦਿੱਲੀ : ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਲੱਦਾਖ ਵਿਚ ਚੀਨ ਨਾਲ ਸਰਹੱਦੀ ਵਿਵਾਦ ਬਾਰੇ ਚੱਲ ਰਹੀ ਵਾਰਤਾ ਲਈ ਦੇਸ਼ ਨੂੰ ਭਰੋਸੇ ਵਿਚ ਲੈਣ। ਕਾਂਗਰਸ ਨੇ ਕਿਹਾ ਹੈ ਕਿ ਚੀਨ ਨਾਲ ਵਾਰ- ਵਾਰ ਹੋ ਰਹੀ ਗੱਲਬਾਤ ਦੇ ਸਿੱਟਿਆਂ ਬਾਰੇ ਲੋਕ ਜਾਣਨਾ ਚਾਹੁੰਦੇ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਚੀਨੀ ਹਮਰੁਤਬਾ ਵੇਈ ਫੈਂਗ ਨਾਲ ਕਰੀਬ ਦੋ ਘੰਟੇ ਤੱਕ ਮਾਸਕੋ ਵਿਚ ਹੋਈ ਬੈਠਕ ਦੌਰਾਨ ਪੂਰਬੀ ਲੱਦਾਖ ‘ਚ ਸਰਹੱਦੀ ਤਣਾਅ ਘਟਾਉਣ ‘ਤੇ ਜ਼ੋਰ ਦਿੱਤਾ ਗਿਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦਾ ‘ਰਾਜਧਰਮ’ ਹੈ ਕਿ ਉਹ ਅਹਿਮ ਮਸਲਿਆਂ ‘ਤੇ ਰਾਸ਼ਟਰ ਦਾ ਭਰੋਸਾ ਹਾਸਲ ਕਰ ਕਰਨ। ਉਨ੍ਹਾਂ ਵਿਦੇਸ਼ ਸਕੱਤਰ ਹਰਸ਼ ਵਰਧਨ ਸ੍ਰਿੰਗਲਾ ਦੇ ਉਸ ਬਿਆਨ ਦਾ ਵੀ ਹਵਾਲਾ ਦਿੱਤਾ ਹੈ ਜਿਸ ਵਿਚ ਉਨ੍ਹਾਂ ਕਿਹਾ ਹੈ ਕਿ ਭਾਰਤ-ਚੀਨ ਸਰਹੱਦ ‘ਤੇ ਹਾਲਾਤ ਗੰਭੀਰ ਹਨ।
ਟਰੰਪ ਨੇ ਸਹਿਯੋਗ ਲਈ ਕੀਤੀ ਪੇਸ਼ਕਸ਼
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਭਾਰਤ-ਚੀਨ ਸਰਹੱਦ ‘ਤੇ ਹਾਲਾਤ ‘ਬਹੁਤ ਖਰਾਬ’ ਹਨ ਅਤੇ ਚੀਨ ਇਸ ਨੂੰ ਹੋਰ ਜ਼ੋਰਦਾਰ ਢੰਗ ਨਾਲ ਵਧਾ ਰਿਹਾ ਹੈ। ਅਮਰੀਕੀ ਸਦਰ ਨੇ ਕਿਹਾ ਕਿ ਉਹ ਤਣਾਅ ਨੂੰ ਘਟਾਉਣ ਲਈ ਇਸ ਮਾਮਲੇ ਵਿੱਚ ਸ਼ਾਮਲ ਹੋਣਾ ਅਤੇ ਮਦਦ ਕਰਨਾ ਪਸੰਦ ਕਰਨਗੇ। ਵ੍ਹਾਈਟ ਹਾਊਸ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਟਰੰਪ ਨੇ ਕਿਹਾ ਕਿ ਸਰਹੱਦ ‘ਤੇ ਚੀਨ ਅਤੇ ਭਾਰਤ ਦਰਮਿਆਨ ਸਥਿਤੀ ਬਹੁਤ ਖਰਾਬ ਹੈ ਅਤੇ ਉਹ ਇਸ ਮੁੱਦੇ ‘ਤੇ ਭਾਰਤ ਅਤੇ ਚੀਨ ਦੋਵਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧ ਵਿੱਚ ਅਮਰੀਕਾ ਮਦਦ ਲਈ ਤਿਆਰ ਹੈ।

RELATED ARTICLES
POPULAR POSTS