ਨਵੀਂ ਦਿੱਲੀ/ਬਿਊਰੋ ਨਿਊਜ਼ : ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਵਿਸ਼ੇਸ਼ ‘ਅਗਨੀਪੱਥ’ ਯੋਜਨਾ ਤਹਿਤ ਘੱਟ ਸਮੇਂ ਲਈ ਠੇਕੇ ‘ਤੇ ਭਰਤੀ ਹੋਣ ਵਾਲੇ ‘ਅਗਨੀਵੀਰਾਂ’ ਨੂੰ ਕੇਂਦਰੀ ਹਥਿਆਰਬੰਦ ਬਲਾਂ (ਸੀਏਪੀਐੱਫ) ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ‘ਚ ਪਹਿਲ ਮਿਲੇਗੀ। ਕੇਂਦਰੀ ਗ੍ਰਹਿ ਮੰਤਰੀ ਨੇ ਇਹ ਐਲਾਨ ਕੀਤਾ ਹੈ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਅਗਨੀਵੀਰਾਂ ਨੂੰ ਸੂਬਿਆਂ ਦੀ ਪੁਲਿਸ ਦੀ ਭਰਤੀ ਅਤੇ ਹੋਰ ਸਬੰਧਤ ਭਰਤੀਆਂ ‘ਚ ਪਹਿਲ ਦੇਣ ਦਾ ਐਲਾਨ ਕੀਤਾ ਹੈ। ਮੰਤਰਾਲੇ ਨੇ ਦੱਸਿਆ ਕਿ ਯੋਜਨਾ ਤਹਿਤ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲਿਆਂ ਨੂੰ ਭਰਤੀ ਪ੍ਰਕਿਰਿਆ ਵਿੱਚ ਪਹਿਲ ਦਿੱਤੀ ਜਾਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਫਤਰ ਨੇ ਇਕ ਟਵੀਟ ਵਿੱਚ ਕਿਹਾ ਕਿ ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਇਸ ਯੋਜਨਾ ਤਹਿਤ ਚਾਰ ਸਾਲ ਪੂਰਾ ਕਰਨ ਵਾਲੇ ਅਗਨੀਵੀਰਾਂ ਨੂੰ ਸੀਏਪੀਐੱਫ ਅਤੇ ਅਸਾਮ ਰਾਈਫਲਸ ਦੀ ਭਰਤੀ ਵਿੱਚ ਪਹਿਲ ਦਿੱਤੀ ਜਾਵੇਗੀ। ਫੈਸਲੇ ‘ਤੇ ਵਿਸਥਾਰਤ ਯੋਜਨਾ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
‘ਅਗਨੀਪਥ’ ਦੇ ਵਿਰੋਧ ‘ਚ ਸੜਕਾਂ ‘ਤੇ ਉਤਰੇ ਨੌਜਵਾਨ
ਬਕਸਰ (ਬਿਹਾਰ)/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਫੌਜ ਵਿੱਚ ਭਰਤੀ ਸਬੰਧੀ ‘ਅਗਨੀਪਥ’ ਯੋਜਨਾ ਦੇ ਵਿਰੋਧ ਵਿੱਚ ਬਿਹਾਰ ‘ਚ ਨੌਜਵਾਨ ਸੜਕਾਂ ‘ਤੇ ਉਤਰ ਆਏ। ਮਿਲੀ ਜਾਣਕਾਰੀ ਅਨੁਸਾਰ ਇਸ ਯੋਜਨਾ ਦੇ ਐਲਾਨ ਤੋਂ ਰੋਹ ਵਿੱਚ ਆਏ ਨੌਜਵਾਨਾਂ ਨੇ ਬਕਸਰ ਵਿੱਚ ਰੇਲ ਗੱਡੀ ਰੋਕ ਦਿੱਤੀ ਅਤੇ ਉਸ ‘ਤੇ ਪਥਰਾਅ ਵੀ ਕੀਤਾ। ਉੱਧਰ, ਮੁਜ਼ੱਫਰਪੁਰ ਵਿੱਚ ਕੌਮੀ ਮਾਰਗ ਨੰਬਰ 28 ਜਾਮ ਕਰ ਦਿੱਤਾ ਗਿਆ। ਨੌਜਵਾਨਾਂ ਦਾ ਕਹਿਣਾ ਸੀ ਕਿ ਸਿਰਫ ਚਾਰ ਸਾਲ ਦੀ ਨੌਕਰੀ ਤੋਂ ਬਾਅਦ ਉਹ ਕੀ ਕਰਨਗੇ। ਚਾਰ ਸਾਲ ਬਾਅਦ 12 ਲੱਖ ਰੁਪਏ ਦਿੱਤੇ ਜਾਣਗੇ। ਉਦੋਂ ਅਸੀਂ ਉਸ ਨਾਲ ਕੀ ਕਰਾਂਗੇ ਅਤੇ ਕੀ 30 ਹਜ਼ਾਰ ਰੁਪਏ ਵਿੱਚ ਘਰ ਚੱਲ ਸਕੇਗਾ? ਉਨ੍ਹਾਂ ਸਵਾਲ ਕੀਤਾ ਕਿ ਚਾਰ ਸਾਲ ਬਾਅਦ ਨੌਕਰੀ ਮਿਲਣ ਦੀ ਕੀ ਗਾਰੰਟੀ ਰਹੇਗੀ? ਕਿਤੇ ਨੌਕਰੀ ਨਾ ਮਿਲੀ ਤਾਂ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਚਾਰ ਸਾਲ ਨੌਕਰੀ ਕਰਕੇ ਨੌਜਵਾਨ ਵਾਪਸ ਘਰ ਆ ਜਾਣ, ਇਸ ਨਾਲੋਂ ਵੱਧ ਸ਼ਰਮਨਾਕ ਕੁਝ ਵੀ ਨਹੀਂ।
Home / ਭਾਰਤ / ‘ਅਗਨੀਵੀਰਾਂ’ ਨੂੰ ਕੇਂਦਰੀ ਹਥਿਆਰਬੰਦ ਬਲਾਂ ਅਤੇ ਅਸਾਮ ਰਾਈਫਲਜ਼ ਦੀ ਭਰਤੀ ‘ਚ ਮਿਲੇਗੀ ਪਹਿਲ: ਗ੍ਰਹਿ ਮੰਤਰਾਲਾ
Check Also
ਅਫ਼ਗਾਨਿਸਤਾਨ ’ਚ ਆਇਆ 5.8 ਦੀ ਤੀਬਰਤਾ ਵਾਲਾ ਭੁਚਾਲ
ਜੰਮੂ-ਕਸ਼ਮੀਰ ਅਤੇ ਦਿੱਲੀ ਐਨਸੀਆਰ ਵੀ ਝਟਕੇ ਕੀਤੇ ਗਏ ਮਹਿਸੂਸ ਨਵੀਂ ਦਿੱਲੀ/ਬਿਊਰੋ ਨਿਊਜ਼ : ਅਫ਼ਗਾਨਿਸਤਾਨ ਵਿਚ …