ਬਜ਼ੁਰਗਾਂ ਦੀ ਸੁਰੱਖਿਆ ਤੇ ਵਿਦਿਆਰਥੀਆਂ ਦੀ ਸਕੂਲ ਵਾਪਸੀ ਲਈ ਵੀ ਜਾਰੀ ਕੀਤੀ ਫੰਡਿੰਗ
ਬਰੈਂਪਟਨ/ਬਿਊਰੋ ਨਿਊਜ਼ : ਜਿੱਥੇ ਇੱਕ ਪਾਸੇ ਪੂਰੀ ਦੁਨੀਆ ਵਿਚ ਕੋਵਿਡ-19 ਦੀ ਵੈਕਸੀਨ ਬਣਾਉਣ ਅਤੇ ਖਰੀਦਣ ਦੀਆਂ ਕੋਸ਼ਿਸ਼ਾਂ ਜ਼ੋਰਾਂ ‘ਤੇ ਹਨ, ਉਥੇ ਹੀ ਕੈਨੇਡਾ ਵੱਲੋਂ ਵੀ ਇਸ ਨੂੰ ਲੈ ਕੇ ਅਹਿਮ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਜੌਹਨਸਨ ਐਂਡ ਜੌਹਨਸਨ ਅਤੇ ਨੋਵਾਵੈਕਸ ਨਾਲ ਸਿਧਾਂਤਕ ਤੌਰ ‘ਤੇ ਸਮਝੌਤੇ ਕੀਤੇ ਗਏ ਹਨ ਤਾਂ ਕਿ ਪ੍ਰਯੋਗਿਕ ਕੋਵਿਡ -19 ਵੈਕਸੀਨ ਦੀਆਂ ਲੱਖਾਂ ਡੋਜ਼ ਦੀ ਖਰੀਦ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਫਾਈਜ਼ਰ ਅਤੇ ਮੋਡਰਨਾ ਨਾਲ ਵੀ ਅਜਿਹਾ ਸਮਝੌਤਾ ਕੀਤਾ ਗਿਆ ਸੀ। ਇਨ੍ਹਾਂ ਵਾਧੂ ਸਮਝੌਤਿਆਂ ਨੂੰ ਲਾਗੂ ਕਰਨ ਨਾਲ, ਕੈਨੇਡਾ ਨੇ ਹੁਣ ਟੀਕਾਕਰਣ ਦੇ ਪ੍ਰਮੁੱਖ ਚਾਰ ਉਮੀਦਵਾਰਾਂ ਤੱਕ ਪਹੁੰਚ ਪ੍ਰਾਪਤ ਕਰ ਲਈ ਹੈ। ਸਰਕਾਰ ਮੁਤਾਬਕ, ਕੈਨੇਡਾ ਵਿੱਚ ਸੰਭਾਵਿਤ ਟੀਕਿਆਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਰਕਾਰ ਕਈ ਪ੍ਰਮੁੱਖ ਫਾਰਮਾਸੂਟੀਕਲ ਕੰਪਨੀਆਂ ਨਾਲ ਗੱਲਬਾਤ ਅਤੇ ਹੋਰ ਸਮਝੌਤਿਆਂ ‘ਤੇ ਵਿਚਾਰ ਜਾਰੀ ਰੱਖੇਗੀ। ਕੈਨੇਡਾ ਫੈੱਡਰਲ ਸਰਕਾਰ ਨੇ ਮਾਂਟਰੀਅਲ ਵਿੱਚ ਹਿਊਮਨ ਹੈਲਥ ਥੈਰੇਪਟਿਕਸ ਰਿਸਰਚ ਸੈਂਟਰ ਵਿਖੇ ਇੱਕ ਨਵੀਂ ਬਾਇਓ ਮੈਨੂਫੈਕਚਰਿੰਗ ਸਹੂਲਤ ਸਥਾਪਤ ਕਰਨ ਲਈ ਫੰਡ ਦੇਣ ਦਾ ਐਲਾਨ ਵੀ ਕੀਤਾ। ਇੱਕ ਜਨਤਕ-ਨਿੱਜੀ ਭਾਈਵਾਲੀ ਦੇ ਜ਼ਰੀਏ, ਨਵੀਂ ਇਮਾਰਤ ਅਗਲੇ ਸਾਲ ਤੱਕ ਵੈਕਸੀਨ ਨਿਰਮਾਣ ਨੂੰ ਹਰ ਮਹੀਨੇ 20 ਲੱਖ ਵੈਕਸੀਨ ਡੋਜ਼ਾਂ ਤੱਕ ਵਧਾਉਣ ਦੇ ਯੋਗ ਕਰੇਗੀ। ਇਸ ਨਾਲ ਕੈਨੇਡੀਅਨਾਂ ਖਾਸਕਰ ਫਰੰਟ ਲਾਈਨ ਵਰਕਰ, ਲੌਂਗ ਟਰਮ ਕੇਅਰ ਹੋਮ ਵਰਕਰਾਂ ਅਤੇ ਹੋਰਨਾਂ ਲਈ ਵੈਕਸੀਨ ਦੀਆਂ ਲੋੜੀਂਦੀਆਂ ਖੁਰਾਕਾਂ ਤਿਆਰ ਕਰਨ ਦੀ ਯੋਗਤਾ ਨੂੰ ਸੁਨਿਸ਼ਚਿਤ ਕਰਨ ਵਿੱਚ ਸਹਾਇਤਾ ਹੋਵੇਗੀ।
‘ਸੇਫ਼ ਰਿਟਰਨ ਟੂ ਕਲਾਸ ਫੰਡ’ ਰਾਹੀਂ 2 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ : ਇਸ ਤੋਂ ਇਲਾਵਾ ਕੈਨੇਡਾ ਸਰਕਾਰ ਵੱਲੋਂ ਸੁਰੱਖਿਅਤ ਢੰਗ ਨਾਲ ਸਕੂਲਾਂ ਨੂੰ ਮੁੜ ਤੋਂ ਖੋਲ੍ਹਣ ਲਈ ”ਸੇਫ਼ ਰਿਟਰਨ ਟੂ ਕਲਾਸ ਫੰਡ” ਜ਼ਰੀਏ ਸੂਬਿਆਂ ਅਤੇ ਪ੍ਰਦੇਸ਼ਾਂ ਲਈ 2 ਬਿਲੀਅਨ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਹ ਉਨ੍ਹਾਂ ਨੂੰ ਸਥਾਨਕ ਸਕੂਲ ਬੋਰਡਾਂ ਦੇ ਨਾਲ ਕੰਮ ਕਰਕੇ ਸਕੂਲ ਦੇ ਪੂਰੇ ਸਾਲ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦਾ ਪੂਰਕ ਫੰਡ ਮੁਹੱਈਆ ਕਰਵਾਏਗਾ।
ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਇਸ ਬਾਰੇ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਦੀ ਕੈਨੇਡੀਅਨਜ਼ ਤੱਕ ਆਸਾਨ ਪਹੁੰਚ ਨੂੰ ਸੁਨਿਸ਼ਚਤ ਕਰਨ ਲਈ ਇਸ ਹਫਤੇ ਹੋਰ ਨਵੇਂ ਸਮਝੌਤੇ ਕੀਤੇ ਗਏ ਹਨ, ਜਿਸ ਨਾਲ ਵੈਕਸੀਨ ਦੀਆਂ ਲੱਖਾਂ ਡੋਜ਼ ਦੀ ਖਰੀਦ ਸੰਭਵ ਹੋ ਸਕੇਗੀ।
ਇਸ ਤੋਂ ਇਲਾਵਾ ਕੈਨੇਡਾ ਸਰਕਾਰ ਸਕੂਲ ਵਿਚ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਦੀ ਸਹਾਇਤਾ ਲਈ ਕੰਮ ਕਰ ਰਹੀ ਹੈ। ਸਾਨੂੰ ਬਰੈਂਪਟਨ ਸਾਊਥ ਸਮੇਤ ਪੂਰੇ ਕੈਨੇਡਾ ਦੇ ਵਿਦਿਆਰਥੀਆਂ ਲਈ ਸੁਰੱਖਿਅਤ ਢੰਗ ਨਾਲ ਸਕੂਲ ਵਾਪਸੀ ਨੂੰ ਯਕੀਨੀ ਬਣਾਉਣ ਬਣਾਉਣ ਦੀ ਲੋੜ ਹੈ, ਜਿਸਦੇ ਮੱਦੇਨਜ਼ਰ 2 ਬਿਲੀਅਨ ਡਾਲਰ ਫੈਡਰਲ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਅੰਤਰਰਾਸ਼ਟਰੀ ਯਾਤਰਾ ‘ਤੇ ਪਾਬੰਦੀਆਂ 30 ਸਤੰਬਰ, 2020 ਤੱਕ ਵਧਾਈਆਂ ਜਾ ਰਹੀਆਂ ਹਨ। ਇਹ ਚੰਗੀ ਖ਼ਬਰ ਹੈ ਕਿਉਂਕਿ ਫੈੱਡਰਲ ਸਰਕਾਰ ਸਾਰਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਰੱਖਿਆ ਨੂੰ ਹਰ ਹੀਲੇ ਯਕੀਨੀ ਬਣਾਉਣਾ ਚਾਹੁੰਦੀ ਹੈ। ਅਸੀਂ ਰਿਕਵਰੀ ਵੱਲ ਨੂੰ ਵੱਧ ਜ਼ਰੂਰ ਰਹੇ ਹਾਂ ਪਰ ਕੋਵਿਡ-19 ਦਾ ਖ਼ਤਰਾ ਅਜੇ ਟਲਿਆ ਨਹੀਂ ਹੈ ਅਤੇ ਇਸ ਰਿਕਵਰੀ ਦੇ ਦੌਰਾਨ ਸਾਨੂੰ ਸਿਹਤ ਮਾਹਰਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ।
ਕੈਨੇਡਾ ਦੀ ਲੇਬਰ ਮਾਰਕੀਟ ਵਿਚ ਅਗਸਤ ਮਹੀਨੇ ਦੌਰਾਨ 246,000 ਨੌਕਰੀਆਂ ਸ਼ਾਮਲ ਹੋਈਆਂ
ਪਿਛਲੇ ਹਫ਼ਤੇ ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰੁਜ਼ਗਾਰ ਦੀ ਰਿਪੋਰਟ ਮੁਤਾਬਕ, ਕੈਨੇਡਾ ਦੀ ਲੇਬਰ ਮਾਰਕੀਟ ਵਿਚ ਅਗਸਤ ਮਹੀਨੇ ਦੌਰਾਨ 246,000 ਹੋਰ ਨੌਕਰੀਆਂ ਸ਼ਾਮਲ ਹੋਈਆਂ ਹਨ। ਇਸਦਾ ਅਰਥ ਹੈ ਕਿ 1.9 ਮਿਲੀਅਨ ਤੋਂ ਵੱਧ ਕੈਨੇਡੀਅਨ, ਜਿਨ੍ਹਾਂ ਨੇ ਆਪਣੀ ਨੌਕਰੀ ਗੁਆਈ ਸੀ ਜਾਂ ਮਹਾਂਮਾਰੀ ਦੇ ਦੌਰਾਨ ਕੰਮ ਕਰਨਾ ਬੰਦ ਕਰ ਦਿੱਤਾ ਸੀ, ਉਹ ਮੁੜ ਕੰਮ ‘ਤੇ ਪਰਤੇ ਹਨ। ਐੱਮ.ਪੀ ਸੋਨੀਆ ਸਿੱਧੂ ਨੇ ਇਸ ਬਾਰੇ ਕਿਹਾ, ”ਇਹ ਇੱਕ ਰਾਹਤ ਭਰੀ ਖਬਰ ਹੈ ਕਿ ਹੋਰ ਕੈਨੇਡੀਅਨ ਕੰਮ ‘ਤੇ ਵਾਪਸ ਪਰਤ ਰਹੇ ਹਨ, ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਬਹੁਤ ਸਾਰੇ ਕੈਨੇਡੀਅਨਾਂ ਨੂੰ ਅਜੇ ਵੀ ਚੁਣੌਤੀਆਂ ਅਤੇ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਮੱਦੇਨਜ਼ਰ ਸਾਡੀ ਫੈੱਡਰਲ ਲਿਬਰਲ ਸਰਕਾਰ ਨੇ ਇਸ ਅਗਲੇ ਪੜਾਅ ਵਿੱਚ ਕੰਮ ਦੀ ਭਾਲ ਕਰ ਰਹੇ ਕੈਨੇਡੀਅਨਾਂ ਦੀ ਸਹਾਇਤਾ ਲਈ ਸਾਡੀ ਸਰਕਾਰ ਦੀ ਯੋਜਨਾ ਦਾ ਅਗਲਾ ਕਦਮ ਐਲਾਨਿਆ ਹੈ; ਜਿਸ ਵਿੱਚ ਸੀਈਆਰਬੀ ਦਾ ਚਾਰ ਹਫ਼ਤੇ ਦਾ ਵਾਧਾ, ਸਧਾਰਣ ਅਤੇ ਵਧੇਰੇ ਲਚਕਦਾਰ ਰੁਜ਼ਗਾਰ ਬੀਮਾ ਪ੍ਰੋਗਰਾਮ, ਅਤੇ ਤਿੰਨ ਨਵੇਂ ਰਿਕਵਰੀ ਲਾਭ ਸ਼ਾਮਲ ਹਨ।”
ਕੋਵਿਡ -19 ਤੋਂ ਪ੍ਰਭਾਵਿਤ ਬਜ਼ੁਰਗਾਂ ਦੇ ਸਮਰਥਨ ਵਿੱਚ ਕੈਨੇਡਾ ਸਰਕਾਰ ਨੇ 1000 ਤੋਂ ਵੱਧ ਨਵੇਂ ਪ੍ਰੋਜੈਕਟਾਂ ਲਈ 20 ਮਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ : ਕੈਨੇਡਾ ਫੈੱਡਰਲ ਸਰਕਾਰ ਵੱਲੋਂ ਕੋਵਿਡ -19 ਮਹਾਂਮਾਰੀ ਦੌਰਾਨ ਬਜ਼ੁਰਗਾਂ ਦੀ ਸਹਾਇਤਾ ਲਈ ਦੇਸ਼ ਭਰ ਦੀਆਂ ਕਮਿਊਨਟੀ ਸੰਸਥਾਵਾਂ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ 1000 ਤੋਂ ਵੱਧ ਨਵੇਂ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਪ੍ਰੋਜੈਕਟਾਂ ਨੂੰ ਨਿਊ ਹੋਰੀਜਨਜ਼ ਫਾਰ ਸੀਨੀਅਰਜ਼ ਪ੍ਰੋਗਰਾਮ (ਐਨਐਚਐਸਪੀ) ਦੁਆਰਾ 20 ਮਿਲੀਅਨ ਡਾਲਰ ਦੇ ਨਿਵੇਸ਼ ਦੁਆਰਾ ਫੰਡ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਟਰੱਕ ਡਰਾਈਵਰਾਂ ਲਈ ਯਾਤਰਾ ਦੌਰਾਨ ਟੈਕਸ ਯੋਗ ਓਵਰਟਾਈਮ ਖਾਣੇ/ਭੱਤੇ, ਦਾ ਰੇਟ 17 ਡਾਲਰ ਤੋਂ ਵਧਾ ਕੇ 23 ਤੱਕ ਕਰ ਦਿੱਤਾ ਹੈ। ਇਹ ਵਾਧਾ 1 ਜਨਵਰੀ, 2020 ਨੂੰ ਤੁਰੰਤ ਪ੍ਰਭਾਵਸ਼ਾਲੀ ਹੋਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …