ਓਟਵਾ/ਬਿਊਰੋ ਨਿਊਜ਼ : ਪਹਿਲੀ ਵਾਰੀ ਚੁਣੇ ਜਾਣ ਤੋਂ ਇੱਕ ਦਹਾਕੇ ਬਾਅਦ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਅਗਲੀਆਂ ਫੈਡਰਲ ਚੋਣਾਂ ਵਿੱਚ ਖੜ੍ਹੇ ਹੋਣ ਦਾ ਉਨ੍ਹਾਂ ਦਾ ਪੱਕਾ ਇਰਾਦਾ ਹੈ। ਪਰ ਉਨ੍ਹਾਂ ਇਸ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਲਿਆ ਕਿ ਕਿਤੇ ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਹੁਦੇ ਉੱਤੇ ਤਾਂ ਨਜ਼ਰ ਨਹੀਂ ਰੱਖੀ ਬੈਠੀ?
ਇੱਕ ਇੰਟਰਵਿਊ ਵਿੱਚ ਫਰੀਲੈਂਡ ਨੂੰ ਇਸ ਸਮੇਂ ਲਿਬਰਲਾਂ ਦੀ ਸਥਿਤੀ ਬਾਰੇ ਪੁੱਛਿਆ ਗਿਆ ਤੇ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਸਮੇਂ ਕੁੱਝ ਵੋਟਰਜ਼ ਜਿਹੜਾ ਇਹ ਸੋਚ ਰਹੇ ਹਨ ਕਿ ਟਰੂਡੋ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਇਸ ਬਾਰੇ ਉਹ ਕੀ ਸੋਚਦੀ ਹੈ? ਫਰੀਲੈਂਡ ਨੂੰ ਇਸ ਬਾਰੇ ਟੋਹਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਜੇ ਪ੍ਰਧਾਨ ਮੰਤਰੀ ਬਣਨ ਦਾ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਕਿ ਉਹ ਟਰੂਡੋ ਦੀ ਥਾਂ ਲੈਣਾ ਚਾਹੇਗੀ?
ਸਵਾਲਾਂ ਦੇ ਜਵਾਬ ਦਿੰਦਿਆਂ ਫਰੀਲੈਂਡ ਨੇ ਆਖਿਆ ਕਿ ਸੱਭ ਤੋਂ ਪਹਿਲਾਂ ਉਸ ਦਾ ਸਾਰਾ ਧਿਆਨ ਕੈਨੇਡੀਅਨਜ਼ ਦੀ ਮਦਦ ਕਰਨ ਉੱਤੇ ਲੱਗਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੂੰ ਸਾਡੀ ਮਦਦ ਦੀ ਲੋੜ ਹੈ। ਕੈਨੇਡੀਅਨਜ਼ ਇਹ ਨਹੀਂ ਚਾਹੁੰਦੇ ਕਿ ਅਸੀਂ ਆਪਣੇ ਵੱਲ ਧਿਆਨ ਦੇਈਏ, ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣ। ਫਰੀਲੈਂਡ ਨੇ ਆਖਿਆ ਕਿ ਉਹ ਆਪਣੇ ਪ੍ਰਧਾਨ ਮੰਤਰੀ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਉਹ ਸਾਡੀ ਟੀਮ ਨੂੰ ਬਹੁਤ ਵਧੀਆ ਢੰਗ ਨਾਲ ਚਲਾ ਰਹੇ ਹਨ ਤੇ ਨਾਲ ਲੈ ਕੇ ਤੁਰ ਰਹੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਮਿਲ ਰਹੇ ਰੁਝਾਂਨਾਂ ਤੋਂ ਕੰਸਰਵੇਟਿਵਾਂ ਦੀ ਸਥਿਤੀ ਕਾਫੀ ਮਜ਼ਬੂਤ ਹੋ ਕੇ ਸਾਹਮਣੇ ਆਈ ਹੈ। ਨਵੇਂ ਸਰਵੇਖਣਾਂ ਤੋਂ ਤਾਂ ਇਹ ਵੀ ਸਾਹਮਣੇ ਆਇਆ ਹੈ ਕਿ ਜੇ ਅੱਜ ਚੋਣਾਂ ਹੁੰਦੀਆਂ ਹਨ ਤਾਂ ਯਕੀਨਨ ਜਿੱਤ ਕੰਸਰਵੇਟਿਵਾਂ ਦੀ ਹੋਵੇਗੀ। ਪਰ ਅਜੇ ਵੀ ਫਰੀਲੈਂਡ ਦਾ ਇਹ ਦਾਅਵਾ ਹੈ ਕਿ ਮੌਜੂਦਾ ਘੱਟ ਗਿਣਤੀ ਲਿਬਰਲ ਅਗਲੀਆਂ ਚੋਣਾਂ ਵਿੱਚ ਜਿੱਤ ਹਾਸਲ ਕਰ ਸਕਦੇ ਹਨ ਤੇ ਉਨ੍ਹਾਂ ਦੇ ਝੰਡਾਬਰਦਾਰ ਟਰੂਡੋ ਹੀ ਰਹਿਣਗੇ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …