Breaking News
Home / ਜੀ.ਟੀ.ਏ. ਨਿਊਜ਼ / ਸੋਨੀਆ ਸਿੱਧੂ, ਰੂਬੀ ਸਹੋਤਾ ਤੇ ਰਾਜ ਗਰੇਵਾਲ ਦਾ ਮੰਨਣਾ

ਸੋਨੀਆ ਸਿੱਧੂ, ਰੂਬੀ ਸਹੋਤਾ ਤੇ ਰਾਜ ਗਰੇਵਾਲ ਦਾ ਮੰਨਣਾ

ਮਿਡਲ ਕਲਾਸ ਨੂੰ ਮਜ਼ਬੂਤ ਕਰੇਗਾ ਫੈਡਰਲ ਬਜਟ 2017
ਬਰੈਂਪਟਨ: ਸਾਲ 2017 ਦਾ ਫ਼ੈਡਰਲ ਬਜਟ ਨਵੀਆਂ ਨੌਕਰੀਆਂ ਤੇ ਸਕਿੱਲ ਪੈਦਾ ਕਰਨ ਅਤੇ ਮਿਡਲ ਕਲਾਸ ਨੂੰ ਮਜ਼ਬੂਤ ਕਰਨ ‘ਤੇ ਕੇਂਦਰਿਤ ਹੈ। ਇਸ ਵਿੱਚ ਪਰਿਵਾਰਾਂ, ਬਿਜ਼ਨੈੱਸ-ਅਦਾਰਿਆਂ, ਵੱਖ-ਵੱਖ ਕਮਿਊਨਿਟੀਆਂ, ਨੌਜਵਾਨਾਂ, ਸੀਨੀਅਰਾਂ ਅਤੇ ਕੈਨੇਡਾ-ਵਾਸੀਆਂ ਲਈ ਬਹੁਤ ਕੁਝ ਸ਼ਾਮਲ ਹੈ। ਇਸ ਦਾ ਵਿਸਥਾਰ www.budget.gc.ca ‘ਤੇ ਜਾ ਕੇ ਵੇਖਿਆ ਜਾ ਸਕਦਾ ਹੈ।
ਇਸ ਉੱਪਰ ਆਪਣਾ ਪ੍ਰਤੀਕਰਮ ਦਿੰਦੇ ਹੋਏ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਬਰੈਂਪਟਨ ਨਾਰਥ ਤੋਂ ਰੂਬੀ ਸਹੋਤਾ ਅਤੇ ਬਰੈਂਪਟਨ ਈਸਟ ਤੋਂ ਐਮਪੀ ਰਾਜ ਗਰੇਵਾਲ ਨੇ ਵੱਖ-ਵੱਖ ਬਿਆਨਾਂ ਵਿੱਚ ਕਿਹਾ ਕਿ ਬੱਜਟ-2017 ਸਰਕਾਰ ਦੀ ਪੂੰਜੀ ਨਿਵੇਸ਼ ਲਈ ਦਿਲਕਸ਼ ਯੋਜਨਾ ਲਈ ਪਹਿਲਾ ਕਦਮ ਹੈ ਜਿਸ ਦੇ ਨਾਲ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਸਾਡਾ ਅਰਥਚਾਰਾ ਵਧੇ ਫੁੱਲੇਗਾ ਅਤੇ ਮੱਧ-ਵਰਗ ਲਈ ਨਵੇਂ ਮੌਕੇ ਪੈਦਾ ਹੋਣਗੇ। ਜੋ ਵੀ ਇਸ ਵਿੱਚ ਸ਼ਾਮਲ ਹੋ ਕੇ ਸਖ਼ਤ ਮਿਹਨਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਵਰਦਾਨ ਹੈ। 2017 ਦੇ ਬੱਜਟ ਦੀਆਂ ਹੇਠ-ਲਿਖੀਆਂ ਵਿਸ਼ੇਸ਼ਤਾਈਆਂ ਹਨ: ਇਹ ਕੰਮ-ਕਾਜ ਨਾਲ ਸਿੱਖਣ ਸਬੰਧਿਤ 10,000 ਪਲੇਸਮੈਂਟਾਂ ਦਾ ਮਿਥਿਆ ਨਿਸ਼ਾਨਾ ਪੂਰਾ ਕਰਨ ਵਿੱਚ ਸਹਾਈ ਹੋਵੇਗਾ ਅਤੇ ਕੈਨੇਡਾ ਦੇ ਪੋਸਟ-ਸੈਕੰਡਰੀ ਤੇ ਗਰੈਜੂਏਟ ਵਿਦਿਆਰਥੀਆਂ ਨੂੰ ਨੌਕਰੀ ਦੇਣ ਵਿੱਚ ਸਹਾਇਤਾ ਕਰੇਗਾ। ਇਹ ‘ਕੈਨੇਡਾ ਕੇਅਰ-ਗਿਵਰ ਕਰੈਡਿਟ’ ਸਕੀਮ ਬਣਾ ਕੇ ਲੋੜੀਂਦੇ ਵਿਅੱਕਤੀਆਂ ਦੀ ਸਹਾਇਤਾ ਲਈ ਇੱਕ ਸਿਸਟਮ ਬਣਾਏਗਾ ਜਿਸ ਦੇ ਤਹਿਤ ਆਉਂਦੇ ਪੰਜ ਸਾਲਾਂ ਵਿੱਚ ਕੇਅਰ ਗਿਵਰਜ਼ ਨੂੰ 310 ਮਿਲੀਅਨ ਡਾਲਰ ਦਾ ਫ਼ਾਇਦਾ ਹੋਵੇਗਾ। ਇਹ ਕੈਨੇਡਾ ਵਿੱਚ ਮੈਡੀਕਲ ਕੇਅਰ ਗਿਵਰਜ਼ ਲਿਆਉਣ ਵਾਲਿਆਂ ਅਤੇ ਮਿਡਲ ਕਲਾਸ ਪਰਿਵਾਰਾਂ ਜਿਨ੍ਹਾਂ ਦੀ ਸਲਾਨਾ ਆਮਦਨ 150,000 ਡਾਲਰਾਂ ਤੋਂ ਘੱਟ ਹੈ, ਲਈ 1000 ਡਾਲਰ ਦੀ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ (ਐੱਲ.ਐੱਮ.ਆਈ.ਏ.) ਫ਼ੀਸ ਖ਼ਤਮ ਕਰੇਗਾ। ਆਉਂਦੇ 11 ਸਾਲਾਂ ਵਿੱਚ ਇਹ ਸੂਬਿਆਂ ਅਤੇ ਟੈਰੀਟਰੀਆਂ ਨਾਲ ਮਿਲ ਕੇ 20.1 ਬਿਲੀਅਨ ਡਾਲਰ ਦੀ ਰਾਸ਼ੀ ਨਾਲ ਕੈਨੇਡਾ ਦੇ ਇਨਫ਼ਰਾ-ਸਟਰੱਕਚਰ ਵਿੱਚ ਸੁਧਾਰ ਕਰੇਗਾ ਜਿਸ ਵਿੱਚ ਕੈਨੇਡਾ ਇਨਫ਼ਰਾ-ਸਟਰੱਕਚਰ ਬੈਂਕ, ਸਮਾਰਟ ਸਿਟੀ ਚੈਲਿੰਜ ਫ਼ੰਡ ਅਤੇ ਪਬਲਿਕ ਟਰਾਂਜ਼ਿਟ ਇਨਵੈੱਸਟਮੇਂਟ ਸ਼ਾਮਲ ਹਨ।
ਬਦਲ ਰਹੇ ਅਰਥਚਾਰੇ ਲਈ ਇਹ ਕੈਨੇਡਾ ਦੇ ਕਾਮਿਆਂ ਨੂੰ ਸਕਿੱਲ ਸੁਧਾਰਨ ਅਤੇ ਸੰਦਾਂ ਲਈ ਸਹਾਇਤਾ ਕਰੇਗਾ। ਇਹ ਬਾਲਗ-ਕਾਮਿਆਂ ਲਈ ਆਪਣੇ ਸਕਿੱਲ ਸੁਧਾਰਨ ਅਤੇ ਨੌਜਵਾਨਾਂ ਲਈ ਨੌਕਰੀਆਂ ਨਵੇਂ ਸਕਿੱਲ ਅਪਨਾਉਣ ਤੇ ਤਜਰਬਾ ਹਾਸਲ ਕਰਨ ਲਈ ਸਹਾਈ ਹੋਵੇਗਾ।
ਬਦਲ ਰਹੇ ਅਰਥਚਾਰੇ ਵਿੱਚ ਭਵਿੱਖਮਈ ਨੌਕਰੀਆਂ ਕਿਆਸ ਕੇ ਇਹ ਕੈਨੇਡਾ ਨੂੰ ਮੋਹਰੀ ਦੇਸ਼ ਬਣਾਏਗਾ। ਅਜੋਕੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਬਿਜ਼ਨੈੱਸ ਅਦਾਰਿਆਂ ਦੇ ਵਿਸਥਾਰ ਲਈ ਲੋੜੀਂਦਾ ਇਨਫ਼ਰਾ-ਸਟਰੱਕਚਰ ਪ੍ਰਦਾਨ ਕਰਨ ਲਈ ਗਲੋਬਲ ਪੱਧਰ ‘ਤੇ ਕੰਪਨੀਆਂ ਵਿੱਚ ਤਾਲਮੇਲ ਪੈਦਾ ਕਰਨ ਦੀ ਕੋਸ਼ਿਸ਼ ਕਰੇਗਾ।
ਇਹ ਚਾਈਲਡ ਕੇਅਰ, ਅਗਾਊਂ-ਸਿੱਖਿਆ (ਅਰਲੀ ਲਰਨਿੰਗ) ਅਤੇ ਲੋਕਾਂ ਨੂੰ ਵਿੱਤ ਮੁਤਾਬਿਕ ਘਰ ਦੇ ਕੇ ਕਮਿਊਨਿਟੀਆਂ ਨੂੰ ਮਜ਼ਬੂਤ ਕਰੇਗਾ। ਇਹ ਕੈਨੇਡਾ-ਵਾਸੀਆਂ ਨੂੰ ਹੋਰ ਸੱਭਿਆਚਾਰਕ ਤੇ ਮਨੋਰੰਜਨ ਕੇਂਦਰ ਅਤੇ ਪਬਲਿਕ ਪਾਰਕ ਆਦਿ ਦੇ ਕੇ ਉਨ੍ਹਾਂ ਦੇ ਜੀਵਨ ਨੂੰ ਹੋਰ ਖ਼ੁਸ਼ਹਾਲ ਬਨਾਉਣ ਲਈ ਸਹਾਈ ਹੋਵੇਗਾ।
ਇੰਜ, ਬੱਜਟ-2017 ਖੋਜ, ਸਕਿੱਲ ਡਿਵੈਲਪਮੈਂਟ, ਸਾਂਝੀਦਾਰੀ ਆਦਿ ਖੇਤਰਾਂ ਵੱਲ ਵਧੇਰੇ ਧਿਆਨ ਦੇ ਕੇ, ਇੰਡਸਟਰੀ ਨੂੰ ਪ੍ਰਫੁੱਲਤ ਕਰਕੇ ਅਤੇ ਚੰਗੀ ਕਾਗ਼ੁਜ਼ਾਰੀ ਵਾਲੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਕੇ ਦੇਸ਼ ਨੂੰ ਹੋਰ ਅੱਗੇ ਲਿਜਾਣ ਵਿੱਚ ਮਦਦ ਕਰੇਗਾ। ਇਹ ਲੋਕਾਂ ਦੀ ਮੈਂਟਲ ਹੈੱਲਥ, ਹੋਮ ਕੇਅਰ ਅਤੇ ਆਮ ਹੈੱਲਥ ਕੇਅਰ ਵੱਲ ਵਿਸ਼ੇਸ਼ ਧਿਆਨ ਦੇਵੇਗਾ।
ਸੋਨੀਆ ਸਿੱਧੂ, ਰੂਬੀ ਸਹੋਤਾ ਅਤੇ ਰਾਜ ਗਰੇਵਾਲ ਨੇ ਇਕ ਸਾਂਝੇ ਬਿਆਨ ਵਿੱਚ ਬੱਜਟ ਬਾਰੇ ਹੋਰ ਕਿਹਾ,”ਕੈਨੇਡਾ ਪੜ੍ਹੇ-ਲਿਖਿਆਂ, ਸਕਿੱਲਡ ਵਰਕਰਾਂ ਲਈ ਘਰ ਹੈ, ਪ੍ਰੰਤੂ ਸਮੇਂ ਅਤੇ ਹਾਲਾਤ ਅਨੁਸਾਰ ਜਦੋਂ ਕੰਮਾਂ ਵਾਲੀਆਂ ਥਾਵਾਂ ‘ਤੇ ਨਵੀਂ ਮੰਗ ਪੈਦਾ ਹੁੰਦੀ ਹੈ ਤਾਂ ਇਸ ਨੂੰ ਪੂਰਾ ਕਰਨ ਲਈ ਨਵੀਂ ਸਿੱਖਿਆ ਅਤੇ ਜੌਬ-ਸਕਿੱਲਜ਼ ਦੀ ਜ਼ਰੂਰਤ ਹੁੰਦੀ ਹੈ। ਇੱਥੇ ਦੇਸ਼ ਵਿੱਚ ਅਤੇ ਸਾਰੀ ਦੁਨੀਆਂ ਦੇ ਅਰਥਚਾਰੇ ਵਿੱਚ ਹੀ ਹੋ ਰਹੀਆਂ ਤਬਦੀਲੀਆਂ ਮਿਡਲ ਕਲਾਸ ਲਈ ਨਵੇਂ ਮੌਕੇ ਪੈਦਾ ਕਰ ਰਹੀਆਂ ਹਨ ਅਤੇ ਜਿਹੜੇ ਇਸ ਤਬਦੀਲੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਸੁਨਹਿਰੀ ਮੌਕਾ ਹੈ।”
ਆਪਣੀ ਬੱਜਟ ਸਪੀਚ ਤੋਂ ਬਾਅਦ ਬੋਲਦਿਆਂ ਵਿੱਤ ਮੰਤਰੀ ਬਿਲ ਮੌਰਨਿਊ ਨੇ ਕਿਹਾ,”2017 ਦਾ ਬੱਜਟ ਨੌਕਰੀਆਂ ਪੈਦਾ ਕਰਨ ਵਾਲਾ ਬੱਜਟ ਹੈ। ਇਹ ਅਜੋਕੀ ਮਿਡਲ ਕਲਾਸ ਅਤੇ ਆਉਣ ਵਾਲੇ ਕੈਨੇਣਾ-ਵਾਸੀਆਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰੇਗਾ। ਸਾਡੀ ਯੋਜਨਾ ਦਾ ਅਗਲਾ ਪੜਾਅ ਕੈਨੇਡਾ ਦੇ ਅਰਥਚਾਰੇ ਨੂੰ ਸਮਾਰਟ, ਪੂੰਜੀ-ਨਿਵੇਸ਼ੀ ਅਤੇ ਮੁਕਾਬਲੇ ਵਾਲਾ ਬਨਾਉਣਾ ਹੈ। ਇਸ ਦੇ ਨਾਲ ਹੀ ਦੇਸ਼-ਵਾਸੀਆਂ ਦੀ ਸਿਹਤ, ਬੱਚਿਆਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਉੱਜਲ ਭਵਿੱਖ ਸਾਡੀਆਂ ਮੁੱਖ ਜ਼ਿੰਮੇਵਾਰੀਆਂ ਹਨ।”

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …