10.4 C
Toronto
Saturday, November 8, 2025
spot_img
Homeਜੀ.ਟੀ.ਏ. ਨਿਊਜ਼ਕੰਸਰਵੇਟਿਵ ਪਾਰਟੀ ਦੇ ਜਾਅਲੀ ਮੈਂਬਰਾਂ ਦਾ ਮਾਮਲਾ ਭਖਿਆ

ਕੰਸਰਵੇਟਿਵ ਪਾਰਟੀ ਦੇ ਜਾਅਲੀ ਮੈਂਬਰਾਂ ਦਾ ਮਾਮਲਾ ਭਖਿਆ

ਬਰੈਂਪਟਨ ਦੇ ਪੰਜਾਬੀ ਫਿਰ ਚਰਚਾ ਵਿੱਚ
ਬਰੈਂਪਟਨ/ਪਰਵਾਸੀ ਬਿਊਰੋ
ਕੰਸਰਵੇਟਿਵ ਪਾਰਟੀ ਦੇ ਫੈਡਰਲ ਲੀਡਰ ਦੀ ਚੋਣ ਲਈ ਲਈ ਚਲ ਰਹੀ ਚੋਣ ਪ੍ਰਕ੍ਰਿਆ ਦੌਰਾਨ ਬਰੈਂਪਟਨ ਇਲਾਕੇ ਵਿੱਚ ਜਾਅਲੀ ਮੈਂਬਰ ਬਣਾਏ ਜਾਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਪ੍ਰਸਿੱਧ ਬਿਜ਼ਨਸਮੈਨ ਅਤੇ ਲੀਡਰਸ਼ਿਪ ਉਮੀਦਵਾਰ ਕੇਵਿਕ ਓ ਲੈਰੀ ਨੇ ਬੀਤੇ ਦਿਨੀਂ ਇਹ ਦੋਸ਼ ਲਗਾ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਕੁਝ ਉਮੀਦਵਾਰ ਵੱਡੇ ਪੱਧਰ ‘ਤੇ ਜਾਅਲੀ ਮੈਂਬਰ ਬਣਾ ਰਹੇ ਹਨ। ਇਸ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਪਾਰਟੀ ਦੀ ਬਰੈਂਪਟਨ ਈਸਟ ਰਾਈਡਿੰਗ ਦੇ ਪ੍ਰਧਾਨ, ਰੌਨ ਚੱਠਾ, ਜੋ ਕਿ ਉਨ੍ਹਾਂ ਦੀ ਕੰਪੇਨ ਦੇ ਆਊਟਰੀਚ ਚੇਅਰ ਵੀ ਹਨ, ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਵੱਡੇ ਪੱਧਰ ਤੇ ਬਰੈਂਪਟਨ ਇਲਾਕੇ ਵਿੱਚ ਕੁਝ ਉਮੀਦਵਾਰਾਂ ਦੇ ਹਿਮਾਇਤੀਆਂ ਵੱਲੋਂ ਲੋਕਾਂ ਨੂੰ ਜਾਅਲੀ ਤੌਰ ਤੇ ਮੈਂਬਰ ਬਣਾਇਆ ਜਾ ਰਿਹਾ ਹੈ।
ਇਸ ਬਾਰੇ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਨੇ ਜਾਂਚ ਦੌਰਾਨ ਪਤਾ ਲਗਾਇਆ ਹੈ ਕਿ ਸਿਰਫ਼ ਦੋ ਆਈਪੀ ਐਡਰੈਸ ਤੋਂ ਕਈ ਸੈਂਕੜੇ ਮੈਂਬਰਾਂ ਦੇ ਫਾਰਮ ਭਰੇ ਗਏ ਸਨ ਅਤੇ ਇਨ੍ਹਾਂ ਨੇ ਇਕੱਲਿਆਂ ਤੌਰ ‘ਤੇ ਆਪਣੇ ਕਰੈਡਿਟ ਕਾਰਡਾਂ ਰਾਹੀਂ ਮੈਂਬਰਸ਼ਿਪ ਫੀਸ ਵੀ ਨਹੀਂ ਅਦਾ ਕੀਤੀ, ਜੋ ਕਿ ਪਾਰਟੀ ਕਾਨੂੰਨਾਂ ਮੁਤਾਬਕ ਲਾਜ਼ਮੀ ਹੈ।
ਇਸ ਜਾਂਚ ਤੋਂ ਬਾਅਦ ਪਾਰਟੀ ਨੇ 1351 ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਹਾਲਾਂਕਿ ਪਾਰਟੀ ਦਾ ਕਹਿਣਾ ਹੈ ਕਿ ਇਹ ਜਾਨਣਾ ਮੁਸ਼ਕਲ ਹੋ ਰਿਹਾ ਹੈ ਕਿ ਇਹ ਲੋਕ ਕਿਸ ਖਾਸ ਉਮੀਦਵਾਰ ਦਾ ਸਮਰਥਨ ਕਰਨਾ ਚਾਹੁੰਦੇ ਸਨ।
ਓਧਰ ਕੁੱਲ 14 ਉਮੀਦਵਾਰਾਂ ਚੋਂ ਇਕ ਅਗਾਂਹਵਧੂ ਉਮੀਦਵਾਰ ਮੈਕਸਿਮ ਬਰਨੀਏ ਨੇ ਦੋਸ਼ ਲਗਾਇਆ ਹੈ ਕਿ ਕੈਵਿਨ ਵੱਲੋਂ ਉਨ੍ਹਾਂ ਨੂੰ ਜਾਣਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਖੁਦ ਉਨ੍ਹਾਂ ਦੇ ਸਮਰਥਕਾਂ ਵੱਲੋਂ ਜਾਅਲੀ ਮੈਂਬਰ ਸਾਈਨ ਕੀਤੇ ਜਾ ਰਹੇ ਹਨ।
19 ਮਾਰਚ ਨੂੰ ਗਲੋਬ ਐਂਡ ਮੇਲ ਵਿੱਚ ਛਪੀ ਇਕ ਖ਼ਬਰ ਮੁਤਾਬਕ ਬਰਨੀਏ ਨੇ ਦੋਸ਼ ਲਗਾਇਆ ਹੈ ਕਿ ਖੁਦ ਰੌਨ ਚੱਠਾ ਜਾਅਲੀ ਮੈਂਬਰ ਬਣਾ ਰਿਹਾ ਹੈ। ਜਿਸ ਦੇ ਸਬੂਤ ਵੱਜੋਂ ਉਨਾ੍ਹਂ ਨੇ ਛੇ ਵਿਅਕਤੀਆਂ ਵੱਲੋਂ ਦਿੱਤਾ ਇਕ ਹਲਫਨਾਮਾ ਵੀ ਪੇਸ਼ ਕੀਤਾ ਹੈ।
ਰੌਨ ਚੱਠਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਾਣਬੁਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਨੇ ਤਾਂ ਖੁਦ ਪਾਰਟੀ ਨੂੰ ਜਾਅਲੀ ਮੈਂਬਰ ਬਣਾਏ ਜਾਣ ਬਾਰੇ ਜਾਣਕਾਰੀ ਦਿੱਤੀ ਸੀ। ਊਨ੍ਹਾਂ ਅੱਗੇ ਕਿਹਾ ਕਿ ਉਹ ਇਸ ਹਲਫਨਾਮੇ ਦੀ ਕਾਪੀ ਦੀ ਮੰਗ ਕਰ ਰਹੇ ਹਨ ਤਾਕਿ ਉਹ ਅਜਿਹੇ ਲੋਕਾਂ ਵਿੱਰੁਧ ਕਾਨੂੰਨੀ ਕਾਰਵਾਈ ਕਰ ਸਕਣ।
ਉਨ੍ਹਾਂ ਇਹ ਵੀ ਦੱਸਿਆ ਕਿ ਪੀਸੀ ਪਾਰਟੀ ਦੇ ਬਰੈਂਪਟਨ ਨਾਰਥ ਤੋਂ ਪ੍ਰੋਵਿੰਸ਼ਿਅਲ ਚੋਣਾਂ ਲਈ ਉਮੀਦਵਾਰ ਜੱਸ ਜੌਹਲ, ਜੋ ਕਿ ਖੁਦ ਇਕ ਵਕੀਲ ਵੀ ਹਨ, ਦੀ ਲਾਅ ਫਰਮ ਵੱਲੋਂ ਇਹ ਹਲਫਨਾਮਾ ਤਿਆਰ ਕੀਤਾ ਗਿਆ ਹੈ। ਜਦਕਿ ਇਨ੍ਹਾਂ ਲੋਕਾਂ ਨੂੰ ਮੈਂ ਜਾਣਦਾ ਵੀ ਨਹੀਂ ਹਾਂ।
ਅਦਾਰਾ ਪਰਵਾਸੀ ਵੱਲੋਂ ਰੌਨ ਚੱਠਾ ਦਾ ਪੱਖ ਜਾਣਨ ਲਈ, ਉਨ੍ਹਾਂ ਨਾਲ ਸੰਪਰਕ ਕਰਨ ਲਈ ਲਗਾਤਾਰ ਯਤਨ ਕੀਤੇ ਗਏ। ਪਰੰਤੂ ਉਨ੍ਹਾਂ ਵੱਲੋਂ ਕੋਈ ਵੀ ਜਵਾਬ ਨਹੀਂ ਮਿਲ ਸਕਿਆ।
ਓ ਲੈਰੀ ਦੀ ਕੰਪੇਨ ਦੇ ਪ੍ਰਵਕਤਾ ਦਾ ਕਹਿਣਾ ਹੈ ਕਿ ਰੌਨ ਚੱਠਾ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ, ਜਦਕਿ ਉਸਨੇ ਤਾਂ ਪਾਰਟੀ ਇਨ੍ਹਾਂ ਧਾਂਦਲੀਆਂ ਬਾਰੇ ਜਾਣੂ ਕਰਵਾਇਆ ਹੈ।
ਇੰਜ ਇਕ ਵਾਰ ਫਿਰ ਬਰੈਂਪਟਨ ਦੇ ਪੰਜਾਬੀ ਰਾਜਨੀਤਕ ਆਗੂ ਜਾਅਲੀ ਮੈਂਬਰਸ਼ਿਪ ਸਾਈਨ ਕਰਨ ਲਈ ਚਰਚਾ ਵਿੱਚ ਹਨ। ਜਦਕਿ ਅਜਿਹੇ ਹੀ ਦੋਸ਼ ਪਹਿਲਾਂ ਵੀ ਲਗਦੇ ਰਹੇ ਹਨ ਕਿ ਪੰਜਾਬੀ ਲੋਕ ਨੌਮੀਨੇਸ਼ਨ ਜਿੱਤਣ ਲਈ ਖੁਸ ਪੈਸੇ ਅਦਾ ਕਰਕੇ, ਜਾਅਲੀ ਤਰੀਕੇ ਨਾਲ ਮੈਂਬਰ ਬਣਾਉਣ ਦੇ ਮਾਹਿਰ ਹਨ। ਫਿਰ ਭਾਵੇਂ ਉਹ ਕਿਸੇ ਵੀ ਰਾਜਨੀਤਕ ਪਾਰਟੀ ਵੱਲੋਂ ਕਿਸੇ ਵੀ ਪੱਧਰ ਦੀ ਚੋਣ ਲੜਣਾ ਚਾਹੁੰਦੇ ਹੋਣ।

RELATED ARTICLES
POPULAR POSTS