Home / ਜੀ.ਟੀ.ਏ. ਨਿਊਜ਼ / ਨੋਵਾ ਸਕੋਸੀਆ ਸ਼ੂਟਿੰਗ ਸਬੰਧੀ ਜਾਂਚ ‘ਚ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਬਲੇਅਰ ਨੇ ਕੀਤਾ ਇਨਕਾਰ

ਨੋਵਾ ਸਕੋਸੀਆ ਸ਼ੂਟਿੰਗ ਸਬੰਧੀ ਜਾਂਚ ‘ਚ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਬਲੇਅਰ ਨੇ ਕੀਤਾ ਇਨਕਾਰ

ਓਟਵਾ/ਬਿਊਰੋ ਨਿਊਜ਼ : ਨੋਵਾ ਸਕੋਸੀਆ ਦੀ ਮਾਸ ਸ਼ੂਟਿੰਗ ਦੇ ਸਬੰਧ ਵਿੱਚ ਆਰਸੀਐਮਪੀ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਫੈਡਰਲ ਸਰਕਾਰ ਵੱਲੋਂ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਤੋਂ ਲੰਘੇ ਦਿਨੀਂ ਮੰਤਰੀ ਬਿੱਲ ਬਲੇਅਰ ਵੱਲੋਂ ਵਾਰੀ ਵਾਰੀ ਇਨਕਾਰ ਕੀਤਾ ਗਿਆ।
ਇਸ ਵਿਵਾਦ ਦਾ ਕੇਂਦਰ ਬਣ ਚੁੱਕੀ ਕਮਿਸ਼ਨਰ ਬ੍ਰੈਂਡਾ ਲੱਕੀ ਦਾ ਪੱਖ ਪੂਰਨ ਲਈ ਬਲੇਅਰ ਅੱਗੇ ਆਏ। ਬੁੱਧਵਾਰ ਨੂੰ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਬਲੇਅਰ ਨੇ ਆਖਿਆ ਕਿ ਆਰਸੀਐਮਪੀ ਦੇ ਮਾਮਲਿਆਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਕਿਸੇ ਉੱਤੇ ਕੋਈ ਦਬਾਅ ਹੀ ਪਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਆਰਸੀਐਮਪੀ ਨੂੰ ਕਿਸੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੋਈ ਹਦਾਇਤ ਨਹੀਂ ਦਿੱਤੀ ਜਾ ਰਹੀ ਤੇ ਨਾ ਹੀ ਉਨ੍ਹਾਂ ਦੇ ਫੈਸਲਿਆਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ। ਆਰਸੀਐਮਪੀ ਦੇ ਸਾਰੇ ਫੈਸਲਿਆਂ ਦਾ ਸਤਿਕਾਰ ਕੀਤਾ ਜਾ ਰਿਹਾ ਹੈ।
ਮੰਗਲਵਾਰ ਨੂੰ ਇਹ ਦੋਸ ਲਾਏ ਗਏ ਸਨ ਕਿ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਦਿਲ ਦਹਿਲਾ ਦੇਣ ਵਾਲੀ ਸ਼ੂਟਿੰਗ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਵੱਲੋਂ ਗੰਨ ਉੱਤੇ ਪਾਬੰਦੀ ਲਾਉਣ ਲਈ ਵਰਤਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਅਪ੍ਰੈਲ 2020 ਵਿੱਚ ਨੋਵਾ ਸਕੋਸੀਆ ਵਿੱਚ ਵਾਪਰੀ ਇਸ ਸ਼ੂਟਿੰਗ ਦੀ ਘਟਨਾ ਵਿੱਚ 22 ਲੋਕ ਮਾਰੇ ਗਏ ਸਨ।
ਦਸਤਾਵੇਜਾਂ ਅਨੁਸਾਰ ਨੋਵਾ ਸਕੋਸੀਆ ਦੀ ਇਸ ਮਾਸ ਸ਼ੂਟਿੰਗ ਦੀ ਘਟਨਾ ਤੋਂ 10 ਦਿਨ ਬਾਅਦ ਲੱਕੀ ਨੇ ਇੱਕ ਮੀਟਿੰਗ ਵਿੱਚ ਪ੍ਰੈੱਸ ਬ੍ਰੀਫਿੰਗਜ਼ ਕਰ ਰਹੀ ਨੋਵਾ ਸਕੋਸੀਆ ਡਵੀਜ਼ਨ ਦੀ ਨੁਕਤਾਚੀਨੀ ਕਰਦਿਆਂ ਨਿਰਾਸ਼ਾ ਪ੍ਰਗਟਾਈ।
ਉਨ੍ਹਾਂ ਸੰਕੇਤ ਦਿੱਤਾ ਕਿ ਹਮਲਾਵਰ ਵੱਲੋਂ ਵਰਤੇ ਗਏ ਹਥਿਆਰ ਬਾਰੇ ਜਿਸ ਤਰ੍ਹਾਂ ਦੀ ਖਾਸ ਜਾਣਕਾਰੀ ਉਹ ਮੁਹੱਈਆ ਕਰਵਾਉਣੀ ਚਾਹੁੰਦੀ ਸੀ ਇਸ ਡਵੀਜਨ ਵੱਲੋਂ ਅਜਿਹਾ ਕੁੱਝ ਨਹੀਂ ਕੀਤਾ ਗਿਆ ਤੇ ਇਸ ਲਈ ਉਨ੍ਹਾਂ ਨੂੰ ਇਹ ਮਹਿਸੂਸ ਹੋਇਆ ਕਿ ਉਨ੍ਹਾਂ ਦੀ ਹੁਕਮਅਦੂਲੀ ਹੋਈ।
ਹੱਥ ਲਿਖਤ ਨੋਟਿਸ ਵਿੱਚ ਨੋਵਾ ਸਕੋਸੀਆ ਆਰਸੀਐਮਪੀ ਸੁਪਰਡੈਂਟ ਡੈਰਨ ਕੈਂਪਬੈੱਲ ਨੇ ਲਿਖਿਆ ਕਿ ਲੱਕੀ ਨੇ ਇਹ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਵੱਲੋਂ ਤਤਕਾਲੀ ਪਬਲਿਕ ਸੇਫਟੀ ਮੰਤਰੀ ਬਲੇਅਰ ਤੇ ਪ੍ਰਧਾਨ ਮੰਤਰੀ ਆਫਿਸ ਨੂੰ ਇਹ ਵਾਅਦਾ ਕੀਤਾ ਗਿਆ ਸੀ ਕਿ ਆਰਸੀਐਮਪੀ ਉਹੀ ਜਾਣਕਾਰੀ ਰਲੀਜ਼ ਕਰੇਗੀ ਜਿਹੜੀ ਉਨ੍ਹਾਂ ਨੂੰ ਆਖੀ ਗਈ ਹੈ ਤੇ ਅਜਿਹਾ ਇਸ ਲਈ ਜ਼ਰੂਰੀ ਸੀ ਕਿਉਂਕਿ ਇਹ ਪੈਂਡਿੰਗ ਗੰਨ ਕੰਟਰੋਲ ਬਿੱਲ ਨਾਲ ਸਬੰਧਤ ਸੀ। ਉਸ ਸਮੇਂ ਨੋਵਾ ਸਕੋਸੀਆ ਆਰਸੀਐਮਪੀ ਨੇ ਇਹ ਆਖਿਆ ਸੀ ਕਿ ਵਾਧੂ ਦੀ ਜਾਣਕਾਰੀ ਰਲੀਜ਼ ਕਰਨ ਨਾਲ ਹਥਿਆਰਾਂ ਤੱਕ ਹਮਲਾਵਰ ਦੀ ਪਹੁੰਚ ਬਾਰੇ ਜਾਰੀ ਜਾਂਚ ਖਤਰੇ ਵਿੱਚ ਪੈ ਜਾਵੇਗੀ।
ਇਸ ਤੋਂ ਕੁੱਝ ਦਿਨ ਬਾਅਦ ਪ੍ਰਧਾਨ ਮੰਤਰੀ ਨੇ 1500 ਅਸਾਲਟ-ਸਟਾਈਲ ਹਥਿਆਰਾਂ ਉੱਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿੱਤਾ। ਇਨ੍ਹਾਂ ਵਿੱਚ ਨੋਵਾ ਸਕੋਸੀਆ ਸ਼ੂਟਿੰਗ ਦੌਰਾਨ ਵਰਤੇ ਗਏ ਹਥਿਆਰ ਵੀ ਸ਼ਾਮਲ ਸਨ। ਮੰਗਲਵਾਰ ਦੇਰ ਰਾਤ ਜਾਰੀ ਕੀਤੇ ਬਿਆਨ ਵਿੱਚ ਲੱਕੀ ਨੇ ਆਖਿਆ ਕਿ ਉਨ੍ਹਾਂ ਵੱਲੋਂ ਕਦੇ ਕਿਸੇ ਜਾਂਚ ਨੂੰ ਖਤਰੇ ਵਿੱਚ ਨਹੀਂ ਪਾਇਆ ਗਿਆ ਨਾ ਹੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕੀਤੀ ਗਈ ਹੈ।

Check Also

ਲੋਕ ਮੰਚ ਪੰਜਾਬ ਵੱਲੋਂ ਗੁਲਜ਼ਾਰ ਸੰਧੂ ਤੇ ਗੁਰਮੀਤ ਕੜਿਆਲਵੀ ਦਾ ‘ਆਪਣੀ ਅਵਾਜ਼ ਪੁਰਸਕਾਰ’ ਨਾਲ ਸਨਮਾਨ

‘ਕਾਵਿ ਲੋਕ ਪੁਰਸਕਾਰ’ ਸਰਬਜੀਤ ਕੌਰ ਜੱਸ ਨੂੰ ਭੇਂਟ ਚੰਡੀਗੜ੍ਹ : ਲੋਕ ਮੰਚ ਪੰਜਾਬ ਵੱਲੋਂ ਪੰਜਾਬ …