Breaking News
Home / ਭਾਰਤ / ਅਗਨੀਪਥ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ

ਅਗਨੀਪਥ ਯੋਜਨਾ ਤਹਿਤ ਭਰਤੀ ਦਾ ਨੋਟੀਫਿਕੇਸ਼ਨ

ਜੁਲਾਈ ਤੋਂ ਸ਼ੁਰੂ ਹੋ ਜਾਵੇਗੀ ਆਨਲਾਈਨ ਰਜਿਸਟਰੇਸ਼ਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਨੇ ਅਗਨੀਪਥ ਯੋਜਨਾ ਤਹਿਤ ਫੌਜੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਨਵੇਂ ਮਾਡਲ ਤਹਿਤ ਨੌਕਰੀ ਦੇ ਇੱਛੁਕ ਸਾਰੇ ਉਮੀਦਵਾਰਾਂ ਲਈ ਸੈਨਾ ਦੀ ਭਰਤੀ ਵੈਬਸਾਈਟ ‘ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ, ਜੋ ਜੁਲਾਈ ਤੋਂ ਸ਼ੁਰੂ ਹੋਵੇਗੀ। ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਭਾਰਤੀ ਸੈਨਾ ‘ਚ ਇੱਕ ਵੱਖਰਾ ਰੈਂਕ ਹੋਵੇਗਾ ਜੋ ਕਿਸੇ ਵੀ ਹੋਰ ਮੌਜੂਦਾ ਰੈਂਕ ਤੋਂ ਵੱਖ ਹੋਵੇਗਾ।
ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਲਈ ਸਰਕਾਰੀ ਸੀਕਰੇਟਸ ਐਕਟ, 1923 ਤਹਿਤ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਜਾਂ ਸਰੋਤ ਨੂੰ ਚਾਰ ਸਾਲ ਦੇ ਸੇਵਾ ਕਾਲ ਦੌਰਾਨ ਹਾਸਲ ਵਿਸ਼ੇਸ਼ ਜਾਣਕਾਰੀ ਦਾ ਖੁਲਾਸਾ ਕਰਨ ‘ਤੇ ਰੋਕ ਰਹੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਯੋਜਨਾ ਸ਼ੁਰੂ ਹੋਣ ਨਾਲ ਮੈਡੀਕਲ ਬਰਾਂਚ ਦੇ ਤਕਨੀਕੀ ਕਾਡਰ ਨੂੰ ਛੱਡ ਕੇ ਭਾਰਤੀ ਸੈਨਾ ਦੇ ਰੈਗੂਲਰ ਕਾਡਰ ‘ਚ ਸੈਨਿਕਾਂ ਦੀ ਭਰਤੀ ਸਿਰਫ਼ ਉਨ੍ਹਾਂ ਕਰਮੀਆਂ ਲਈ ਮੁਹੱਈਆ ਹੋਵੇਗੀ ਜਿਨ੍ਹਾਂ ਨੇ ਅਗਨੀਵੀਰ ਵਜੋਂ ਆਪਣੀ ਸੇਵਾ ਦਾ ਕਾਰਜਕਾਲ ਪੂਰਾ ਕਰ ਲਿਆ ਹੈ।
ਸੈਨਾ ਨੇ ਕਿਹਾ ਕਿ ਸੇਵਾ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਕਿਸੇ ਵੀ ਅਗਨੀਵੀਰ ਨੂੰ ਸੇਵਾਮੁਕਤੀ ਦੀ ਇਜਾਜ਼ਤ ਨਹੀਂ ਹੈ। ਸੈਨਾ ਨੇ ਕਿਹਾ ਕਿ ਹਾਲਾਂਕਿ ਸਭ ਤੋਂ ਗੰਭੀਰ ਮਾਮਲਿਆਂ ‘ਚ ਜੇਕਰ ਸਮਰੱਥ ਅਥਾਰਿਟੀ ਮਨਜ਼ੂਰੀ ਦਿੰਦੀ ਹੈ ਤਾਂ ਇਸ ਯੋਜਨਾ ਤਹਿਤ ਭਰਤੀ ਕਰਮੀਆਂ ਨੂੰ ਸੇਵਾਮੁਕਤ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ 14 ਜੂਨ ਨੂੰ ਐਲਾਨੀ ਗਈ ਅਗਨੀਪਥ ਯੋਜਨਾ ਤਹਿਤ 17 ਤੋਂ 21 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਸਿਰਫ ਚਾਰ ਸਾਲ ਲਈ ਭਰਤੀ ਕਰਨ ਦੀ ਤਜਵੀਜ਼ ਹੈ, ਜਿਨ੍ਹਾਂ ‘ਚੋਂ 25 ਫੀਸਦ ਨੂੰ 15 ਹੋਰ ਸਾਲ ਤੱਕ ਸੇਵਾ ‘ਚ ਬਣਾਏ ਰੱਖਣ ਦੀ ਤਜਵੀਜ਼ ਹੈ। ਬਾਅਦ ਵਿੱਚ ਸਰਕਾਰ ਨੇ 2022 ਦੀ ਭਰਤੀ ਲਈ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ ਸੀ।
ਨੋਟੀਫਿਕੇਸ਼ਨ ਅਨੁਸਾਰ ਅਗਨੀਵੀਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਆਪਣੀ ਵਰਦੀ ‘ਤੇ ਇੱਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਲਾਉਣਾ ਪਵੇਗਾ ਅਤੇ ਇਸ ਬਾਰੇ ਵਿਸਥਾਰਤ ਨਿਰਦੇਸ਼ ਵੱਖਰੇ ਤੌਰ ‘ਤੇ ਜਾਰੀ ਕੀਤੇ ਜਾਣਗੇ। ਅਗਨੀਵੀਰਾਂ ਦੇ ਹਰੇਕ ਬੈਚ ‘ਚੋਂ 25 ਫੀਸਦ ਤੋਂ ਵੱਧ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਰੈਗੂਲਰ ਕਾਡਰ ‘ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਅਗਨੀਵੀਰਾਂ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਮੁੜ ਚੁਣੇ ਜਾਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਅਗਨੀਵੀਰਾਂ ਨੂੰ ਰੈਗੂਲਰ ਸੇਵਾ ਕਰਨ ਵਾਲਿਆਂ ਲਈ 90 ਦਿਨ ਦੀ ਛੁੱਟੀ ਮੁਕਾਬਲੇ ਸਾਲ ‘ਚ 30 ਦਿਨ ਦੀ ਛੁੱਟੀ ਮਿਲੇਗੀ। ਮੈਡੀਕਲ ਸਲਾਹ ਦੇ ਆਧਾਰ ‘ਤੇ ਮੈਡੀਕਲ ਛੁੱਟੀ ਦਿੱਤੀ ਜਾਵੇਗੀ।
ਸੁਧਾਰ ਅਜੇ ਮਾੜੇ ਲੱਗ ਸਕਦੇ ਨੇ, ਪਰ ਸਮਾਂ ਆਉਣ ‘ਤੇ ਫਾਇਦਾ ਮਿਲੇਗਾ: ਮੋਦੀ
ਬੰਗਲੂਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫ਼ੈਸਲੇ ਤੇ ਸੁਧਾਰ ਆਰਜ਼ੀ ਤੌਰ ‘ਤੇ ਬੁਰੇ ਲੱਗ ਸਕਦੇ ਹਨ ਪਰ ਸਮੇਂ ਦੇ ਨਾਲ ਦੇਸ਼ ਨੂੰ ਇਨ੍ਹਾਂ ਦੇ ਫਾਇਦੇ ਮਹਿਸੂਸ ਹੋਣਗੇ। ਉਨ੍ਹਾਂ ਕਿਹਾ ਕਿ 21ਵੀਂ ਸਦੀ ਦਾ ਭਾਰਤ ਧਨ, ਨੌਕਰੀ ਦੇਣ ਵਾਲਿਆਂ ਤੇ ਨਵੇਂ ਵਿਚਾਰਾਂ ਵਾਲਿਆਂ ਦਾ ਹੈ ਜੋ ਦੇਸ਼ ਦੀ ਅਸਲੀ ਤਾਕਤ ਹਨ। ਪ੍ਰਧਾਨ ਮੰਤਰੀ ਦੀ ਇਹ ਟਿੱਪਣੀ ‘ਅਗਨੀਪਥ’ ਖਿਲਾਫ ਵਿਆਪਕ ਰੋਸ ਮੁਜ਼ਾਹਰਿਆਂ ਦਰਮਿਆਨ ਆਈ ਹੈ। ਉਨ੍ਹਾਂ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਕਿਹਾ ਕਿ, ‘ਸੁਧਾਰਾਂ ਦਾ ਮਾਰਗ ਹੀ ਸਾਨੂੰ ਨਵੇਂ ਟੀਚਿਆਂ ਤੇ ਨਵੇਂ ਸੰਕਲਪਾਂ ਵੱਲ ਲੈ ਕੇ ਜਾ ਸਕਦਾ ਹੈ…ਅਸੀਂ ਪੁਲਾੜ ਤੇ ਰੱਖਿਆ ਖੇਤਰ ਨੂੰ ਖੋਲ੍ਹ ਦਿੱਤਾ ਹੈ ਜੋ ਦਹਾਕਿਆਂ ਤੱਕ ਸਰਕਾਰੀ ਕੰਟਰੋਲ ਵਿਚ ਸਨ।’ ਮੋਦੀ ਨੇ ਹਾਲਾਂਕਿ ਇਹ ਟਿੱਪਣੀਆਂ ਕਰਦਿਆਂ ਸਿੱਧੇ ਤੌਰ ਉਤੇ ਅਗਨੀਪਥ ਸਕੀਮ ਦਾ ਕੋਈ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਐਤਵਾਰ ਵੀ ਇਸ ਸਕੀਮ ਖਿਲਾਫ ਹੋ ਰਹੇ ਹਿੰਸਕ ਮੁਜ਼ਾਹਰਿਆਂ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਸੀ ਕਿ, ‘ਇਹ ਸਾਡੇ ਦੇਸ਼ ਦੀ ਮਾੜੀ ਕਿਸਮਤ ਹੈ ਕਿ ਕਈ ਚੰਗੀਆਂ ਚੀਜ਼ਾਂ ਜੋ ਚੰਗੇ ਇਰਾਦਿਆਂ ਨਾਲ ਲਿਆਂਦੀਆਂ ਜਾਂਦੀਆਂ ਹਨ, ਸਿਆਸੀ ਰੰਗਾਂ ਵਿਚ ਰੰਗੀਆਂ ਜਾਂਦੀਆਂ ਹਨ। ਮੀਡੀਆ ਨੂੰ ਵੀ ਟੀਆਰਪੀ ਦੀ ਦੌੜ ਵਿਚ ਇਹ ਇਸ ਸਭ ਵਿਚ ਕੁੱਦਣਾ ਪੈਂਦਾ ਹੈ।
ਅਗਨੀਪਥ ਯੋਜਨਾ ਖਿਲਾਫ ਪੀਡੀਪੀ ਵੱਲੋਂ ਜੰਮੂ ਵਿੱਚ ਰੋਸ ਮੁਜ਼ਾਹਰਾ
ਜੰਮੂ : ਪੀਪਲਜ਼ ਡੈਮੋਕ੍ਰੈਟਿਕ ਪਾਰਟੀ (ਪੀਡੀਪੀ) ਨੇ ਇੱਥੇ ਫੌਜ ਦੀ ਭਰਤੀ ਸਕੀਮ ਅਗਨੀਪਥ ਖਿਲਾਫ ਰੋਸ ਮੁਜ਼ਾਹਰਾ ਕੀਤਾ ਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਵੱਡੀ ਗਿਣਤੀ ਪੀਡੀਪੀ ਵਰਕਰ ਇੱਥੇ ਗਾਂਧੀ ਨਗਰ ਸਥਿਤ ਪਾਰਟੀ ਹੈੱਡਕੁਆਰਟਰ ‘ਤੇ ਇਕੱਠੇ ਹੋਏ ਤੇ ਜੰਮੂ ਹਵਾਈ ਅੱਡੇ ਵੱਲ ਰੋਸ ਮਾਰਚ ਕੀਤਾ। ਉਨ੍ਹਾਂ ਇਸ ਦੌਰਾਨ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਪਾਰਟੀ ਵਰਕਰਾਂ ਨੂੰ ਮਾਰਚ ਦੌਰਾਨ ਰਾਹ ‘ਚ ਹੀ ਪੁਲਿਸ ਨੇ ਰੋਕ ਲਿਆ। ਸ਼ਾਂਤੀਪੂਰਨ ਪ੍ਰਦਰਸ਼ਨ ਤੋਂ ਬਾਅਦ ਪਾਰਟੀ ਵਰਕਰ ਪੀਡੀਪੀ ਦਫਤਰ ਪਰਤ ਗਏ। ਪਾਰਟੀ ਦੇ ਬੁਲਾਰੇ ਵਰਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਅਗਨੀਪਥ ਸਕੀਮ ਖਿਲਾਫ ਪੂਰੇ ਦੇਸ਼ ਦੇ ਨੌਜਵਾਨਾਂ ਵਿਚ ਰੋਸ ਹੈ। ਪੀਡੀਪੀ ਦਾ ਰੋਸ ਪ੍ਰਦਰਸ਼ਨ ਵੀ ਇਸ ਭਰਤੀ ਯੋਜਨਾ ਖਿਲਾਫ ਸੀ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਦੇ ਨਾਲ ਹਨ ਤੇ ਇਸ ਯੋਜਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦੇ ਹਨ।

 

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …