ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਾਖਿਆ ਕਿ ਜੇ ਬੌਨੀ ਕ੍ਰੌਂਬੀ ਨੇ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਲੜਨ ਦਾ ਫੈਸਲਾ ਕਰ ਲਿਆ ਹੈ ਤਾਂ ਉਸ ਨੂੰ ਮੇਅਰ ਵਜੋਂ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪਿੱਛੇ ਜਿਹੇ ਕ੍ਰੌਂਬੀ ਨੇ ਇਹ ਆਖਿਆ ਸੀ ਕਿ ਉਹ ਪ੍ਰੋਵਿੰਸ਼ੀਅਲ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਜਾ ਰਹੀ ਹੈ। ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਉਹ ਮੇਅਰ ਵਜੋਂ ਕੰਮ ਕਰਨਾ ਵੀ ਜਾਰੀ ਰੱਖੇਗੀ। ਫੋਰਡ ਨੇ ਆਖਿਆ ਕਿ ਜੇ ਲਿਬਰਲ ਆਗੂ ਲਈ ਚੋਣ ਲੜਨ ਦੇ ਨਾਲ ਨਾਲ ਕ੍ਰੌਂਬੀ ਮੇਅਰ ਬਣੀ ਰਹਿੰਦੀ ਹੈ ਤਾਂ ਮਿਸੀਸਾਗਾ ਵਾਸੀਆਂ ਲਈ ਇਸ ਤੋਂ ਮਾੜੀ ਗੱਲ ਹੋਰ ਕੀ ਹੋਵੇਗੀ। ਉਨ੍ਹਾਂ ਆਖਿਆ ਕਿ ਤੁਸੀਂ ਦੋ ਕਿਸ਼ਤੀਆਂ ਵਿੱਚ ਇੱਕੋ ਵੇਲੇ ਪੈਰ ਨਹੀਂ ਰੱਖ ਸਕਦੇ।
ਪਿਛਲੇ ਹਫਤੇ ਪ੍ਰੋਵਿੰਸ ਨੇ ਪੀਲ ਰੀਜਨ ਨੂੰ ਭੰਗ ਕਰਕੇ ਮਿਸੀਸਾਗਾ, ਬਰੈਂਪਟਨ ਤੇ ਕੈਲਡਨ ਨੂੰ ਆਜ਼ਾਦ ਸਿਟੀਜ਼ ਬਣਾਉਣ ਦੇ ਪ੍ਰਸਤਾਵਿਤ ਬਿੱਲ ਦਾ ਖੁਲਾਸਾ ਕੀਤਾ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕ੍ਰੌਂਬੀ ਲੰਮੇਂ ਸਮੇਂ ਤੋਂ ਮਿਸੀਸਾਗਾ ਨੂੰ ਆਜ਼ਾਦ ਮਿਊਂਸਪੈਲਿਟੀ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੀ ਹੈ। ਇਸ ਉੱਤੇ ਫੋਰਡ ਨੇ ਆਖਿਆ ਕਿ ਅਸੀਂ ਮਿਸੀਸਾਗਾ ਤੇ ਪੀਲ ਦੇ ਇਤਿਹਾਸ ਦੀ ਸਭ ਤੋਂ ਵੱਡੀ ਤਬਦੀਲੀ ਕਰਨ ਜਾ ਰਹੇ ਹਾਂ ਤੇ ਇਹ ਸਭ ਕ੍ਰੌਂਬੀ ਦੇ ਸਿਆਸੀ ਏਜੰਡੇ ਸਦਕਾ ਹੀ ਹੋ ਰਿਹਾ ਹੈ। ਲੰਘੇ ਦਿਨੀਂ ਬੋਨੀ ਕ੍ਰੌਂਬੀ ਨੇ ਇਹ ਆਖਿਆ ਸੀ ਕਿ ਮੇਅਰ ਰਹਿੰਦਿਆਂ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣ ਨਾਲ ਕਿਸੇ ਨੂੰ ਕੁੱਝ ਨੁਕਸਾਨ ਨਹੀਂ ਹੋਣ ਵਾਲਾ। ਉਨ੍ਹਾਂ ਇਹ ਵੀ ਆਖਿਆ ਸੀ ਕਿ ਫੋਰਡ ਦੇ ਆਖਣ ਉੱਤੇ ਉਹ ਪਿੱਛੇ ਨਹੀਂ ਹਟਣ ਵਾਲੀ।