Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

ਕੈਨੇਡਾ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ

51 ਫੀਸਦੀ ਲੋਕਾਂ ਨੂੰ ਮਿਲਿਆ ‘ਗਰੀਨ ਕਾਰਡ’
ਟੋਰਾਂਟੋ/ਬਿਊਰੋ ਨਿਊਜ਼ : ਵਿਦੇਸ਼ ਜਾਣ ਦੇ ਇਛੁਕ ਭਾਰਤੀਆਂ ਦੀ ਪਹਿਲੀ ਪਸੰਦ ਅਮਰੀਕਾ ਦੀ ਥਾਂ ਕੈਨੇਡਾ ਬਣ ਕੇ ਉਭਰ ਰਿਹਾ ਹੈ। ਕੈਨੇਡਾ ਦੀ ਸਥਾਈ ਨਾਗਰਿਕਤਾ ਹਾਸਲ ਕਰਨ ਵਿਚ ‘ਐਕਸਪ੍ਰੈਸ ਐਂਟਰੀ ਸਕੀਮ’ ਕਾਫੀ ਮੱਦਦਗਾਰ ਸਿੱਧ ਹੋ ਰਹੀ ਹੈ। ਸਾਲ 2018 ਵਿਚ 39,500 ਭਾਰਤੀ ਨਾਗਰਿਕਾਂ ਨੂੰ ਇਸ ਸਕੀਮ ਰਾਹੀਂ ਕੈਨੇਡਾ ‘ਚ ਸਥਾਈ ਨਾਗਰਿਕਤਾ ਮਿਲੀ ਹੈ। ਹਾਲ ਹੀ ਵਿਚ ਜਾਰੀ ਅੰਕੜਿਆਂ ਮੁਤਾਬਕ, ਸਾਲ 2018 ਵਿਚ ਕੈਨੇਡਾ ਦੀ ‘ਐਕਸਪ੍ਰੈਸ ਐਂਟਰੀ ਸਕੀਮ’ ਤਹਿਤ 92,000 ਤੋਂ ਜ਼ਿਆਦਾ ਲੋਕਾਂ ਨੂੰ ਸਥਾਈ ਨਾਗਰਿਕਤਾ ਦਿੱਤੀ ਗਈ ਸੀ। ਇਹ ਗਿਣਤੀ ਪਿਛਲੇ ਸਾਲ ਦੀ ਤੁਲਨਾ ਵਿਚ 41 ਫੀਸਦੀ ਵਧੇਰੇ ਹੈ। ਜ਼ਿਕਰਯੋਗ ਹੈ ਕਿ ਸਥਾਈ ਨਿਵਾਸ ਨੂੰ ਅਮਰੀਕਾ ਵਿਚ ਗਰੀਨ ਕਾਰਡ ਦੇ ਰੂਪ ਵਿਚ ਜਾਣਿਆ ਜਾਂਦਾ ਹੈ, ਪਰ ਅਮਰੀਕਾ ਵਿਚ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਐਚ-1 ਵੀਜ਼ਾ ਹਾਸਲ ਕਰਨ ਵਿਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਦੇਖਦੇ ਹੋਏ ਭਾਰਤੀ ਨਾਗਰਿਕ ਦੂਜੇ ਦੇਸ਼ਾਂ ਦਾ ਰੁਖ ਕਰਨ ਲੱਗ ਗਏ ਹਨ। ਸਾਲ 2017 ਵਿਚ ਕੈਨੇਡਾ ਵਿਚ ਇਸ ਤਰ੍ਹਾਂ 65,500 ਲੋਕਾਂ ਨੂੰ ਸਥਾਈ ਨਾਗਰਿਕਤਾ ਮਿਲੀ ਸੀ, ਜਿਸ ਵਿਚੋਂ 26,300 ਵਿਅਕਤੀ ਭਾਰਤੀ ਸਨ। ਸਾਲ 2017 ਵਿਚ ਇਹ ਦੂਜੇ ਨੰਬਰ ‘ਤੇ ਸੀ, ਪਰ ਸਾਲ 2018 ਵਿਚ ਸਿਰਫ 5,800 ਵਿਅਕਤੀਆਂ ਨੂੰ ਸਥਾਈ ਨਿਵਾਸ ਦੀ ਸੁਵਿਧਾ ਮਿਲਣ ਦੇ ਬਾਅਦ ਤੀਜੇ ਨੰਬਰ ‘ਤੇ ਪੁੱਜ ਗਿਆ। ਦੂਜੇ ਨੰਬਰ ‘ਤੇ ਨਾਈਜੀਰੀਆ ਹੈ। ਭਾਰਤ ਵਿਚ ਰਹਿ ਰਹੇ ਲੋਕ ਵੀ ਨੌਕਰੀ ਜਾਂ ਸਥਾਈ ਨਿਵਾਸ ਲਈ ਅਮਰੀਕਾ ਦੀ ਥਾਂ ਕੈਨੇਡਾ ਨੂੰ ਪਹਿਲ ਦੇ ਰਹੇ ਹਨ। ਅਸਲ ਵਿਚ ਕੈਨੇਡਾ ਨੇ ਗਲੋਬਲ ਟੇਲੈਂਟ ਸਟਰੀਮ ਨੂੰ ਪਾਇਲਟ ਸਕੀਮ ਤੋਂ ਬਦਲ ਕੇ ਸਥਾਈ ਸਕੀਮ ਬਣਾ ਦਿੱਤਾ ਹੈ। ਇਸ ਦੇ ਚੱਲਦਿਆਂ ਕੈਨੇਡੀਅਨ ਕੰਪਨੀਆਂ ਸਿਰਫ ਦੋ ਹਫਤਿਆਂ ਵਿਚ ਅਪਰਵਾਸੀਆਂ ਨੂੰ ਕੈਨੇਡਾ ਲਿਆ ਸਕਦੀਆਂ ਹਨ। ਇਸ ਬਦਲਾਅ ਨਾਲ ਕੈਨੇਡਾ ਵਿਚ ਨੌਕਰੀਆਂ ਲਈ ਭਾਰਤੀਆਂ ਦੀ ਗਿਣਤੀ ਵਧ ਸਕਦੀ ਹੈ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …