ਓਟਵਾ/ਬਿਊਰੋ ਨਿਊਜ਼ : ਕ੍ਰਿਸਮਸ ਤੋਂ ਕੁੱਝ ਦਿਨ ਪਹਿਲਾਂ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਹਰੇਕ ਤੀਜੇ ਵਿਅਕਤੀ ਨੇ ਇਹ ਆਖਿਆ ਕਿ ਉਹ ਇੱਕਲੇਪਣ ਤੇ ਤਣਾਅ ਤੋਂ ਪ੍ਰਭਾਵਿਤ ਹਨ। ਨੌਜਵਾਨਾਂ ਵਿੱਚ ਇਹ ਅੰਕੜਾ ਜ਼ਿਆਦਾ ਪਾਇਆ ਗਿਆ।ਮੰਗਲਵਾਰ ਨੂੰ ਮਾਰੂ ਪਬਲਿਕ ਓਪੀਨੀਅਨ ਵੱਲੋਂ ਜਾਰੀ ਕੀਤੇ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ 34 ਫੀਸਦੀ ਲੋਕ ਛੁੱਟੀਆਂ ਦੌਰਾਨ ਇੱਕਲਾਪਣ ਤੇ ਤਣਾਅ ਮਹਿਸੂਸ ਕਰਦੇ ਹਨ ਜਦਕਿ 11 ਫੀਸਦੀ ਨੇ ਆਖਿਆ ਕਿ ਉਹ ਇਹ ਆਸ ਕਰਦੇ ਹਨ ਕਿ ਉਨ੍ਹਾਂ ਨੂੰ ਕੋਈ ਦਿਲਾਸਾ ਤੇ ਹੌਸਲਾ ਦੇਣ ਵਾਲਾ ਹੋਵੇ। 18 ਤੋਂ 34 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਵਿੱਚੋਂ 54 ਫੀਸਦੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਇੱਕਲਤਾ ਤੇ ਤਣਾਅ ਕਾਫੀ ਮਹਿਸੂਸ ਹੁੰਦਾ ਹੈ। 35 ਤੋਂ 54 ਸਾਲ ਦੇ ਉਮਰ ਵਰਗ ਦੇ 36 ਫੀ ਸਦੀ ਲੋਕਾਂ ਦਾ ਇਹੋ ਵਿਚਾਰ ਸੀ।
ਇਸ ਹਾਲੀਡੇਅ ਸੀਜ਼ਨ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 44 ਫੀਸਦੀ ਲੋਕ, ਜਿਹੜੇ ਸਾਲ ਵਿੱਚ 50,000 ਡਾਲਰ ਤੋਂ ਵੀ ਘੱਟ ਕਮਾਉਂਦੇ ਹਨ, ਦਾ ਮੰਨਣਾ ਹੈ ਕਿ ਉਹ ਕਾਫੀ ਇੱਕਲਤਾ ਤੇ ਉਦਾਸੀ ਮਹਿਸੂਸ ਕਰਦੇ ਹਨ। ਜਿਹੜੇ ਲੋਕ ਵੱਧ ਪੈਸੇ ਕਮਾਉਂਦੇ ਹਨ ਉਨ੍ਹਾਂ ਦੀ ਇਹ ਮਨੋਦਸ਼ਾ ਘੱਟਦੀ ਜਾਂਦੀ ਹੈ। ਓਨਟਾਰੀਓ ਦੇ 40 ਫੀ ਸਦੀ ਲੋਕਾਂ ਵਿੱਚ ਇਸ ਤਰ੍ਹਾਂ ਦੇ ਨਕਾਰਾਤਮਕ ਖਿਆਲ ਪਾਏ ਗਏ ਅਲਬਰਟਾ ਤੇ ਕਿਊਬਿਕ ਦੇ 32 ਫੀ ਸਦੀ ਲੋਕਾਂ ਵਿੱਚ ਤੇ ਮੈਨੀਟੋਬਾ, ਸਸਕੈਚਵਨ ਤੇ ਬ੍ਰਿਟਿਸ਼ ਕੋਲੰਬੀਆ ਦੇ 27 ਫੀਸਦੀ ਲੋਕਾਂ ਵਿੱਚ ਇਸ ਤਰ੍ਹਾਂ ਦੀ ਮਨੋਦਸ਼ਾ ਪਾਈ ਗਈ। ਜੇ ਕੋਈ ਸੰਕਟ ਵਿੱਚ ਹੋਵੇ ਤਾਂ ਉਹ ਕੈਨੇਡਾ ਦੀ ਸਿਊਸਾਈਡ ਕ੍ਰਾਈਸਿਸ ਹੈਲਪਲਾਈਨ 988 ਉੱਤੇ ਕਾਲ ਜਾਂ ਟੈਕਸਟ ਕਰ ਸਕਦਾ ਹੈ।