ਓਨਟਾਰੀਓ/ਬਿਊਰੋ ਨਿਊਜ਼ : ਨਵੰਬਰ ਦੇ ਸ਼ੁਰੂ ਵਿੱਚ ਓਨਟਾਰੀਓ ਵਿੱਚ ਬੰਬ ਸਬੰਧੀ ਕਈ ਧਮਕੀਆਂ ਦੇਣ ਵਾਲੇ ਮੋਰਾਕੋ ਦੇ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਪਹਿਲੀ ਨਵੰਬਰ ਨੂੰ ਪ੍ਰੋਵਿੰਸ ਦੇ ਉੱਤਰੀ ਤੇ ਪੂਰਬੀ ਏਰੀਆ ਵਿੱਚ ਸਥਿਤ ਕਈ ਧਾਰਮਿਕ ਤੇ ਗੈਰ ਧਾਰਮਿਕ ਸਕੂਲਾਂ ਖਿਲਾਫ ਇਹ ਧਮਕੀਆਂ ਦਿੱਤੀਆਂ ਗਈਆਂ। ਇਹ ਵੀ ਦੱਸਿਆ ਗਿਆ ਕਿ ਕੁੱਝ ਪਬਲਿਕ ਫੈਸਿਲੀਟੀਜ ਨੂੰ ਵੀ ਧਮਕੀਆਂ ਦਿੱਤੀਆਂ ਗਈਆਂ। ਓਨਟਾਰੀਓ ਪ੍ਰੋਵਿੰਸੀਅਲ ਪੁਲਿਸ (ਓਪੀਪੀ) ਅਨੁਸਾਰ ਕਿਸੇ ਵਿਅਕਤੀ ਵੱਲੋਂ ਇਨ੍ਹਾਂ ਥਾਂਵਾਂ ਉੱਤੇ ਧਮਾਕਾਖੇਜ਼ ਸਮੱਗਰੀ ਹੋਣ ਦੀ ਜਾਣਕਾਰੀ ਦੇਣ ਬਦਲੇ ਪੈਸੇ ਦੀ ਮੰਗ ਕੀਤੀ ਜਾਂਦੀ ਸੀ।
ਇਸ ਤਰ੍ਹਾਂ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਇਨ੍ਹਾਂ ਬਿਲਡਿੰਗਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਨੂੰ ਉੱਥੇ ਨਾ ਹੀ ਧਮਾਕਾਖੇਜ਼ ਸਮੱਗਰੀ ਮਿਲੀ ਤੇ ਨਾ ਹੀ ਅਜਿਹੀ ਕੋਈ ਡਿਵਾਈਸ ਮਿਲੀ। ਪੁਲਿਸ ਨੇ ਦੱਸਿਆ ਕਿ ਅਹਿਤਿਆਤਨ ਬਿਲਡਿੰਗਾਂ ਨੂੰ ਖਾਲੀ ਜਰੂਰ ਕਰਵਾਇਆ ਗਿਆ ਤੇ ਜਾਂ ਫਿਰ ਉਨ੍ਹਾਂ ਨੂੰ ਪੂਰਾ ਦਿਨ ਬੰਦ ਰੱਖ ਕੇ ਜਾਂਚ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਨਵੰਬਰ ਦੇ ਅਖੀਰ ਵਿੱਚ ਹੀ ਮੋਰਾਕੋ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪੁਲਿਸ ਨੇ ਆਖਿਆ ਕਿ ਉਨ੍ਹਾਂ ਕੋਲ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਇਹ ਵਿਅਕਤੀ ਹੀ ਇਨ੍ਹਾਂ ਧਮਕੀਆਂ ਲਈ ਜ਼ਿੰਮੇਵਾਰ ਸੀ।
27 ਦਸੰਬਰ ਨੂੰ ਪੁਲਿਸ ਨੇ ਦੱਸਿਆ ਕਿ ਮਸਕੂਕ ਜਿਸ ਦੀ ਪਛਾਣ ਕੈਸਾਬਲੈਂਕਾ ਦੇ 45 ਸਾਲਾ ਅਲ ਹਾਕਮ ਅਲ ਮੌਸੀ ਵਜੋਂ ਹੋਈ ਹੈ, ਨੂੰ ਇਸ ਜਾਂਚ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸ ਵਿਅਕਤੀ ਨੂੰ ਧਮਕੀਆਂ ਦੇਣ, ਸ਼ਰਾਰਤ ਕਰਨ ਤੇ ਜਬਰਨ ਵਸੂਲੀ ਵਰਗੇ ਚਾਰਜਿਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੋਰਾਕੋ ਦੇ ਇਸ ਵਿਅਕਤੀ ਨੂੰ ਓਨਟਾਰੀਓ ਦੀ ਅਦਾਲਤ ਸਾਹਮਣੇ ਕਿਸ ਤਰ੍ਹਾਂ ਪੇਸ਼ ਕੀਤਾ ਜਾਵੇ ਇਸ ਲਈ ਓਪੀਪੀ ਫੈਡਰਲ ਡਿਪਾਰਟਮੈਂਟ ਆਫ ਜਸਟਿਸ ਦੀ ਸਲਾਹ ਲੈ ਰਹੀ ਹੈ।