ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਬਣਾਉਣ ਦੇ ਇਰਾਦੇ ਨਾਲ ਵੀਜ਼ਾ ਸੂਚਨਾ ਮੁਹਿੰਮ ਸ਼ੁਰੂ ਕੀਤੀ : ਅਹਿਮਦ ਹੁਸੈਨ
ਟੋਰਾਂਟੋ/ਬਿਊਰੋ ਨਿਊਜ਼ : ਅੱਜ ਦੇ ਸਮੇਂ ਵਿਚ ਭਾਰਤੀ ਖਾਸ ਕਰਕੇ ਪੰਜਾਬੀ ਕੈਨੇਡਾ ਵਿਚ ਪੜ੍ਹਾਈ ਕਰਨ ਤੇ ਮੁੜ ਉਥੇ ਹੀ ਜਾ ਕੇ ਵਸਣ ਦਾ ਸੁਪਨਾ ਦੇਖਦੇ ਹਨ। ਆਪਣੇ ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਕਈ ਬੱਚੇ ਏਜੰਟਾਂ ਕੋਲ ਜਾਂ ਹੋਰਾਂ ਤਰੀਕਿਆਂ ਨਾਲ ਆਪਣੇ ਲੱਖਾਂ ਰੁਪਏ ਡੋਬ ਲੈਂਦੇ ਹਨ। ਹੁਣ ਕੈਨੇਡਾ ਵਲੋਂ ਭਾਰਤ ਵਿਚ ਇਕ ਖਾਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਕੈਨੇਡਾ ਪਹੁੰਚਣ ਦੇ ਚਾਹਵਾਨਾਂ ਦਾ ਪੈਸਾ ਤੇ ਸਮਾਂ ਦੋਵੇਂ ਹੀ ਬਚਣਗੇ।
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਪਿਛਲੇ ਸਾਲ 2,97,000 ਭਾਰਤੀਆਂ ਦਾ ਸਵਾਗਤ ਕੀਤਾ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ ਵਿਚ ਬਿਨੈਕਾਰਾਂ ਲਈ ਵੀਜ਼ਾ ਅਪਲਾਈ ਕਰਨ ਦੌਰਾਨ ਸਹੀ ਤੱਥਾਂ ਬਾਰੇ ਜਾਨਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਕੈਨੇਡਾ ਦੇ ਰਫਿਊਜ਼ੀ, ਸਿਟੀਜਨ ਤੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਰਹੇਗਾ। ਇਸ ਮੁਹਿੰਮ ਨਾਲ ਸਾਡੇ ਭਾਰਤੀ ਤੇ ਹੋਰਾਂ ਦੋਸਤ ਦੇਸ਼ਾਂ ਦੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੱਦਦ ਮਿਲੇਗੀ ਤੇ ਉਹ ਵੀਜ਼ਾ ਅਪਲਾਈ ਸਿਸਟਮ ਨੂੰ ਬਿਹਤਰ ਤਰੀਕੇ ਨਾਲ ਸਮਝ ਸਕਣਗੇ।
ਆਨਲਾਈਨ ਅਪਲਾਈ ਕਰਨ ਨਾਲ ਬਚੇਗਾ ਪੈਸਾ ਅਤੇ ਸਮਾਂ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮ ਹੁਸੈਨ ਨੇ ਕਿਹਾ ਕਿ ਬਿਨੈਕਾਰਾਂ ਨੂੰ ਵੀਜ਼ਾ ਅਪਲਾਈ ਕਰਨ ਦੌਰਾਨ ਇਮੀਗ੍ਰੇਸ਼ਨ ਸਲਾਹਕਾਰ ਕੋਲ ਵਾਧੂ ਪੈਸੇ ਖਰਚਣ ਦੀ ਕੋਈ ਲੋੜ ਨਹੀਂ ਹੈ। ਬਿਨੈਕਾਰ ਆਪਣੇ ਘਰ ਵਿਚ ਬੈਠੇ-ਬੈਠੇ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਨ। ਇੰਨਾ ਹੀ ਨਹੀਂ ਜੇਕਰ ਵੀਜ਼ਾ ਅਪਲਾਈ ਕਰਨ ਸਮੇਂ ਕੁਝ ਮੁਸ਼ਕਲ ਪੇਸ਼ ਆਵੇ ਤਾਂ ਆਪਣੇ ਕਿਸੇ ਭਰੋਸੇਯੋਗ ਮਿੱਤਰ ਦੀ ਮੱਦਦ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦਾ ਵੀਜ਼ਾ ਸਿਰਫ 100 ਕੈਨੇਡੀਅਨ ਡਾਲਰ ਵਿਚ ਅਪਲਾਈ ਕੀਤਾ ਜਾ ਸਕਦਾ ਹੈ, ਜੋ ਕਿ ਕਿਸੇ ਸਲਾਹਕਾਰ ਕੋਲ ਜਾਣ ਤੋਂ ਜ਼ਿਆਦਾ ਸਸਤਾ ਹੈ। ਆਨਲਾਈਨ ਵੀਜ਼ਾ ਅਪਲਾਈ ਦੌਰਾਨ ਧੋਖੇ ਤੋਂ ਬਚਿਆ ਜਾ ਸਕਦਾ ਹੈ।
ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ
ਜੇਕਰ ਤੁਹਾਡੀ ਫਾਈਲ ਕਿਸੇ ਕਾਰਨ ਰਿਫਿਊਜ਼ ਹੋ ਚੁੱਕੀ ਹੈ ਤਾਂ ਦੁਬਾਰਾ ਅਪਲਾਈ ਕਰਨ ਤੋਂ ਪਹਿਲਾਂ ਦੋ ਵਾਰ ਸੋਚੋ। ਦੁਬਾਰਾ ਅਪਲਾਈ ਤਾਂ ਹੀ ਕਰੋ ਜੇਕਰ ਪਹਿਲੀ ਰਫਿਊਜ਼ਲ ਤੋਂ ਬਾਅਦ ਬਦਲੀ ਸਥਿਤੀ ਬਾਰੇ ਜਾਣੂ ਕਰਵਾਇਆ ਜਾ ਸਕਦਾ ਹੋਵੇ। ਇਸ ਸਬੰਧੀ ਹੋਰ ਜਾਣਕਾਰੀ ਲਈ Canada.ca/india-visa ਵੈਬਸਾਈਟ ਦੀ ਮੱਦਦ ਲਈ ਜਾ ਸਕਦੀ ਹੈ।
ਕੈਨੇਡਾ ਕਰਦਾ ਰਹੇਗਾ ਭਾਰਤੀਆਂ ਦਾ ਸਵਾਗਤ
ਕੈਨੇਡਾ ਨੇ ਪਿਛਲੇ ਸਾਲ 2,97,000 ਭਾਰਤੀਆਂ ਦਾ ਸਵਾਗਤ ਕੀਤਾ ਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਰਕਾਰ ਦੀਆਂ ਨੀਤੀਆਂ ‘ਤੇ ਜੇ ਗੌਰ ਕਰੀਏ ਤਾਂ ਕੈਨੇਡਾ ਭਾਰਤੀਆਂ ਦਾ ਸਵਾਗਤ ਕਰਦਾ ਰਹੇਗਾ।
ਕੈਨੇਡੀਅਨ ਇਮੀਗ੍ਰੇਸ਼ਨ ਮੰਤਰੀ ਦੀ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਨੇਕ ਸਲਾਹ
ਅਣ-ਅਧਿਕਾਰਤ ਸਲਾਹਕਾਰਾਂ ਤੋਂ ਬਚੋ
ਅਹਿਮਦ ਹੁਸੈਨ ਨੇ ਇਸ ਦੌਰਾਨ ਬਿਨੈਕਾਰਾਂ ਨੂੰ ਇਹ ਵੀ ਸਲਾਹ ਦਿੱਤੀ ਕਿ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਸਮੇਂ ਅਣ-ਅਧਿਕਾਰਤ ਸਲਾਹਕਾਰਾਂ ਤੋਂ ਬਚਿਆ ਜਾਵੇ। ਅਜਿਹੇ ਸਲਾਹਕਾਰ ਸਿਰਫ ਸਲਾਹ ਦੇਣ ਦੇ ਵੀ ਪੈਸੇ ਵਸੂਲਦੇ ਹਨ। ਇਸ ਦੌਰਾਨ ਜੇਕਰ ਉਨ੍ਹਾਂ ਨੂੰ ਸਲਾਹਕਾਰ ਦੀ ਲੋੜ ਪਵੇ ਤਾਂ ਉਹ ਪਹਿਲਾਂ ਇਹ ਪੁਖਤਾ ਕਰ ਲੈਣ ਕਿ ਇਮੀਗ੍ਰੇਸ਼ਨ ਸਲਾਹਕਾਰ ਅਧਿਕਾਰਤ ਹੋਵੇ। ਅਜਿਹੇ ਵਿਚ ਧੋਖੇਬਾਜ਼ ਸਲਾਹਕਾਰਾਂ ਤੇ ਵੀਜ਼ਾ ਘੁਟਾਲਿਆਂ ਤੋਂ ਬਚਣਾ ਜ਼ਰੂਰੀ ਹੈ।
ਘੱਟ ਫੀਸ ਖਰਚ ਕੇ ਵੀ ਮਿਲੇਗੀ ਸਹੀ ਸਲਾਹ
2018 ਦੌਰਾਨ 34 ਲੱਖ ਭਾਰਤੀਆਂ ਨੇ ਕੈਨੇਡਾ ਜਾਣ ਲਈ ਅਪਲਾਈ ਕੀਤਾ ਸੀ, ਜੋ ਕਿ 2013 ਦੀਆਂ 19 ਲੱਖ ਅਰਜ਼ੀਆਂ ਤੋਂ 79 ਫੀਸਦੀ ਜ਼ਿਆਦਾ ਹੈ। ਇਨ੍ਹਾਂ ਵਿਚੋਂ ਬਹੁਤੀਆਂ ਅਣ ਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰਾਂ ਵਲੋਂ ਅਪਲਾਈ ਕੀਤੀਆਂ ਗਈਆਂ ਸਨ। ਅਜਿਹੇ ਹੀ ਕਾਰਨਾਂ ਕਰਕੇ ਧੋਖੇ ਤੇ ਰਫਿਊਜ਼ਲ ਕੇਸਾਂ ਵਿਚ ਵਾਧਾ ਹੁੰਦਾ ਹੈ। ਅਕਸਰ ਸਲਾਹਕਾਰ ਇਮੀਗ੍ਰੇਸ਼ਨ ਸਬੰਧੀ ਸਲਾਹ, ਅਪੈਲੀਕੇਸ਼ਨ ਭਰਨ ਤੇ ਕੈਨੇਡੀਅਨ ਸਰਕਾਰ ਨਾਲ ਕਿਵੇਂ ਗੱਲ ਕਰਨੀ ਹੈ, ਸਬੰਧੀ ਕੰਮਾਂ ਲਈ ਪੈਸੇ ਚਾਰਜ ਕਰਦੇ ਹਨ। ਅਧਿਕਾਰਤ ਇਮੀਗ੍ਰੇਸ਼ਨ ਸਲਾਹਕਾਰ ਹਮੇਸ਼ਾ ਸਹੀ ਸਲਾਹ ਦੇਵੇਗਾ ਤੇ ਉਸ ਦੀ ਫੀਸ ਵੀ ਘੱਟ ਹੋਵੇਗੀ। ਜੇਕਰ ਕੋਈ ਵੀ ਵਿਅਕਤੀ ਕੈਨੇਡਾ ਜਾਣ ਲਈ ਇਮੀਗ੍ਰੇਸ਼ਨ ਵਿਭਾਗ ਨੂੰ ਗਲਤ ਜਾਣਕਾਰੀ ਦਿੰਦਾ ਹੈ ਤਾਂ ਉਸਦੀ ਕੈਨੇਡਾ ਐਂਟਰੀ ‘ਤੇ ਪੰਜ ਸਾਲ ਦਾ ਬੈਨ ਲੱਗ ਸਕਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …