26 ਫੀਸਦੀ ਕੈਨੇਡਾ ਵਾਸੀ ਫੈਡਰਲ ਚੋਣਾਂ ਦੇ ਹੱਕ ‘ਚ
ਓਟਵਾ/ਬਿਊਰੋ ਨਿਊਜ਼ : ਇੱਕ ਨਵੇਂ ਸਰਵੇਖਣ ਅਨੁਸਾਰ ਇਸ ਸਾਲ ਦੇ ਅੰਤ ਵਿੱਚ ਸਿਰਫ 26 ਫੀ ਸਦੀ ਕੈਨੇਡੀਅਨ ਫੈਡਰਲ ਚੋਣਾਂ ਕਰਵਾਉਣ ਦੇ ਹੱਕ ਵਿੱਚ ਹਨ।
ਨੈਨੋਜ ਰਿਸਰਚ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਕਿ 37 ਫੀ ਸਦੀ ਕੈਨੇਡੀਅਨਜ ਇਸ ਸਾਲ ਦੇ ਅੰਤ ਵਿੱਚ ਚੋਣਾਂ ਕਰਵਾਉਣ ਦੇ ਖਿਆਲ ਤੋਂ ਹੀ ਪਰੇਸਾਨ ਹਨ, 34 ਫੀ ਸਦੀ ਅਜੇ ਇਸ ਬਾਰੇ ਸਪਸਟ ਨਹੀਂ ਹਨ ਕਿ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ, 26 ਫੀ ਸਦੀ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਚੋਣਾਂ ਕਰਵਾਕੇ ਖੁਸ ਹਨ। ਹਾਲਾਂਕਿ ਅਜੇ ਰਸਮੀ ਤੌਰ ਉੱਤੇ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਇਹ ਕਨਸੋਆਂ ਹਨ ਕਿ ਆਉਣ ਵਾਲੇ ਹਫਤਿਆਂ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਹ ਕਿਆਫੇ ਇਸ ਲਈ ਵੀ ਲਾਏ ਜਾ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਈ ਤਰ੍ਹਾਂ ਦੇ ਫੰਡਾਂ ਦੇ ਐਲਾਨ ਦੇ ਸਬੰਧ ਵਿੱਚ ਦੇਸ ਭਰ ਦਾ ਦੌਰਾ ਕਰ ਰਹੇ ਹਨ।
ਓਨਟਾਰੀਓ ਵਿੱਚ ਹਾਊਸਿੰਗ ਸਬੰਧੀ ਐਲਾਨ ਦੌਰਾਨ ਟਰੂਡੋ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਚੋਣਾਂ ਕਦੋਂ ਤੱਕ ਕਰਵਾਏ ਜਾਣ ਦੀ ਸੰਭਾਵਨਾ ਹੈ? ਉਨ੍ਹਾਂ ਸਵਾਲ ਨੂੰ ਟਾਲਦਿਆਂ ਆਖਿਆ ਕਿ ਫੰਡਾਂ ਦਾ ਐਲਾਨ ਕਰਨਾ ਤਾਂ ਬਾਹਰ ਨਿਕਲਣ ਤੇ ਕੈਨੇਡੀਅਨਜ ਨਾਲ ਮੁਲਾਕਾਤ ਕਰਨ ਦਾ ਜਰੀਆ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਖਿਆ ਕਿ ਪਿਛਲਾ ਡੇਢ ਸਾਲ ਤਾਂ ਅਸੀਂ ਬਹੁਤਾ ਟਾਈਮ ਵਰਚੂਅਲੀ ਗੱਲਾਂ ਕਰਦਿਆਂ ਹੀ ਬਿਤਾਇਆ ਹੈ ਹੁਣ ਲੋਕਾਂ ਨਾਲ ਨਿਜੀ ਤੌਰ ਉੱਤੇ ਮਿਲ ਕੇ ਉਹ ਸਾਰੀਆਂ ਗੱਲਾਂ ਸਾਂਝੀਆਂ ਕਰਨਾ ਚੰਗਾ ਲੱਗਦਾ ਹੈ ਜੋ ਕੰਮ ਅਸੀਂ ਬੀਤੇ ਸਮੇਂ ਦੌਰਾਨ ਕੀਤਾ ਹੈ।
ਫਿਰ ਵੀ ਜੇ ਮਹਾਂਮਾਰੀ ਵਿੱਚ ਚੋਣਾਂ ਹੁੰਦੀਆਂ ਵੀ ਹਨ ਤਾਂ 37 ਫੀ ਸਦੀ ਕੈਨੇਡੀਅਨਾਂ ਨੇ ਆਖਿਆ ਕਿ ਉਹ ਨਿਜੀ ਤੌਰ ਉੱਤੇ ਵੋਟਿੰਗ ਕਰਨ ਜਾਣ ਨਾਲੋਂ ਡਾਕ ਰਾਹੀਂ ਵੋਟਿੰਗ ਕਰਨ ਨੂੰ ਪਹਿਲ ਦੇਣਗੇ ਜਦਕਿ 24 ਫੀ ਸਦੀ ਨੇ ਆਖਿਆ ਕਿ ਉਹ ਖੁਦ ਜਾ ਕੇ ਵੋਟਿੰਗ ਕਰਨ ਨੂੰ ਬੁਰਾ ਨਹੀਂ ਸਮਝਦੇ, 26 ਫੀ ਸਦੀ ਕੈਨੇਡੀਅਨਜ ਨੇ ਆਖਿਆ ਕਿ ਉਹ ਡਾਕ ਰਾਹੀਂ ਵੋਟਿੰਗ ਦੇ ਹੱਕ ਵਿੱਚ ਨਹੀਂ ਹਨ ਜਦਕਿ 11 ਫੀ ਸਦੀ ਨੇ ਆਖਿਆ ਕਿ ਉਹ ਕੁੱਝ ਹੱਦ ਤੱਕ ਇਸ ਲਈ ਰਾਜੀ ਨਹੀਂ।