ਟੋਰਾਟੋ/ਸਤਪਾਲ ਸਿੰਘ ਜੌਹਲ
ਉਨਟਾਰੀਓ ‘ਚ ਟੋਰਾਂਟੋ ਤੋਂ 100 ਕੁ ਕਿਲੋਮੀਟਰ ਉੱਤਰ ਵੱਲ੍ਹ ਬੈਰੀ ਸ਼ਹਿਰ ‘ਚ 200 ਕਿਲੋਮੀਟਰ ਦੀ ਰਫਤਾਰ ਨਾਲ ਵਗੇ ਵਾਵਰੋਲੇ ਕਾਰਨ ਸ਼ਹਿਰ ‘ਚ 70 ਤੋਂ ਵੱਧ ਘਰਾਂ ਨੂੰ ਨੁਕਸਾਨ ਹੋਇਆ ਸੀ। ਖੜ੍ਹੀਆਂ ਗੱਡੀਆਂ ਪਲਟ ਗਈਆਂ ਸਨ ਤੇ ਸੈਂਕੜਿਆਂ ਦੀ ਤਦਾਦ ‘ਚ ਪਰਿਵਾਰ ਬੇਘਰ ਹੋ ਗਏ ਸਨ। ਇਸ ਤੋਂ ਬਾਅਦ ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਤੇ ਉਨ੍ਹਾਂ ਦੇ ਕੁਝ ਚੋਣਵੇਂ ਮੰਤਰੀ ਅਤੇ ਵਿਧਾਇਕ ਮੌਕੇ ‘ਤੇ ਪੁੱਜੇ ਤੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਫੋਰਡ ਨੇ ਆਖਿਆ ਕਿ ਮਕਾਨਾਂ ਦੀ ਮੁੜ ਉਸਾਰੀ ‘ਚ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਸਹਾਇਤਾ ਕਰਨਾ ਸਰਕਾਰ ਦਾ ਫਰਜ਼ ਹੈ। ਅਜੇ ਵੀ ਬੇਘਰ ਹੋਏ ਕੁਝ ਵਿਅਕਤੀ ਹੋਟਲਾਂ ‘ਚ ਜਾਂ ਆਪਣੇ ਨਜ਼ਦੀਕੀਆਂ ਕੋਲ਼ ਠਹਿਰਨ ਲਈ ਮਜਬੂਰ ਹਨ।