1320 ਏ ਐਮ ਰੇਡੀਓ ‘ਤੇ ਹੁਣ ਗੂੰਜੇਗੀ ਮਾਲਵੇ ਦੀ ਅਸਲ ਬੋਲੀ
ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਅਤੇ ਨਿਰਵਿਵਾਦ ਸ਼ਖ਼ਸੀਅਤ ਸੁਖਬੀਰ ਸਿੱਧੂ ਦਾ ਲੰਘੀ 12 ਜੂਨ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਸਸਕਾਰ ਬੁੱਧਵਾਰ ਨੂੰ ਕਰ ਦਿੱਤਾ ਗਿਆ। ਸੁਖਬੀਰ ਸਿੱਧੂ ਦੇ ਸਸਕਾਰ ਮੌਕੇ ਉਨ੍ਹਾਂ ਨੂੰ ਪਿਆਰ ਕਰਨ ਵਾਲੇ ਵੀ ਹਾਜ਼ਰ ਰਹੇ। ਉਹ ਆਪਣੇ ਪਿੱਛੇ ਆਪਣਾ ਪਰਿਵਾਰ ਛੱਡ ਕੇ ਗਏ ਹਨ, ਜਿਸ ਵਿਚ ਉਨ੍ਹਾਂ ਦੀ ਪਤਨੀ ਸੁਰਿੰਦਰ ਕੌਰ, ਪੁੱਤਰ ਰਾਜੂ ਤੇ ਕੇਵਨ ਅਤੇ ਲੜਕੀ ਸ਼ੀਨਾ ਸ਼ਾਮਿਲ ਹਨ। ਸੁਖਬੀਰ ਸਿੱਧੂ ਦਾ ਪਿਛੋਕੜ ਬਠਿੰਡਾ ਜ਼ਿਲ੍ਹੇ ਨਾਲ ਸੀ ਅਤੇ ਉਨ੍ਹਾਂ ਦਾ ਜਨਮ ਪਿੰਡ ਚੱਕ ਫਤਹਿ ਸਿੰਘ ਵਿਖੇ 1954 ਵਿਚ ਹੋਇਆ ਅਤੇ ਉਹ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ 1986 ਵਿਚ ਕੈਨੇਡਾ ਪਹੁੰਚ ਗਏ। ਸੁਖਬੀਰ ਸਿੱਧੂ ਤਕਰੀਬਨ ਦੋ ਦਹਾਕੇ, 1320 ਏ ਐਮ ਰੇਡੀਓ ‘ਤੇ ਦੁਪਿਹਰ 3 ਤੋਂ 4 ਵਜੇ ਤੱਕ ਆਪਣੀ ਗੜ੍ਹਕਵੀਂ ਆਵਾਜ਼ ਵਿਚ ਪੰਜਾਬੀ, ਖਾਸ ਕਰ ਬਠਿੰਡੇ ਦੇ ਆਸ ਪਾਸ ਦੀ ਪੇਂਡੂ ਬੋਲੀ ਵਿਚ, ਯਾਹੂ ਪ੍ਰੋਗਰਾਮ ਲੈ ਕੇ ਆਉਂਦੇ ਰਹੇ। ਮਿਹਨਤ ਕਰਕੇ ਕੱਢੀਆਂ, ਸਮੇਂ ਨਾਲ ਢੁੱਕਵੀਆਂ ਟੂਕਾਂ ਨਾਲ ਪ੍ਰੋਗਰਾਮ ਸ਼ੁਰੂ ਕਰਨ ਦਾ ਉਨ੍ਹਾਂ ਦਾ ਆਪਣਾ ਅੰਦਾਜ਼ ਸੀ। ਸੁਖਬੀਰ ਸਿੱਧੂ ਜਿਸ ਕਿਸੇ ਬਿਜਨਸ ਦੀ ਮਸ਼ਹੂਰੀ ਕਰਦੇ ਤਾਂ ਉਹ ਬਿਜਨਸ ਲੰਮੇ ਸਮੇਂ ਤੱਕ ਉਨ੍ਹਾਂ ਦਾ ਸਾਥ ਦਿੰਦਾ ਸੀ।
‘ਪਰਵਾਸੀ’ ਅਦਾਰੇ ਵਲੋਂ ਸੁਖਬੀਰ ਸਿੱਧੂ ਦੇ ਦਿਹਾਂਤ ‘ਤੇ ਦੁੱਖ ਪ੍ਰਗਟ
‘ਪਰਵਾਸੀ’ ਅਦਾਰੇ ਦੇ ਮੁਖੀ ਰਜਿੰਦਰ ਸੈਣੀ ਅਤੇ ਐਸੋਸੀਏਟ ਐਡੀਟਰ ਮੀਨਾਕਸ਼ੀ ਸੈਣੀ ਸਮੇਤ ਸਾਰੇ ਸਟਾਫ ਨੇ ਸੁਖਬੀਰ ਸਿੱਧੂ ਦੇ ਦਿਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਰਜਿੰਦਰ ਸੈਣੀ ਹੋਰਾਂ ਦੱਸਿਆ ਕਿ ਸੁਖਬੀਰ ਸਿੱਧੂ ਦੇ ਜਾਣ ਨਾਲ ਮੀਡੀਆ ਖੇਤਰ ਵਿਚ ਵੱਡੀ ਕਮੀ ਮਹਿਸੂਸ ਕੀਤੀ ਜਾਂਦੀ ਰਹੇਗੀ। ਉਨ੍ਹਾਂ ਸਿੱਧੂ ਦੇ ਪਰਿਵਾਰ ਨਾਲ ਹਮਦਰਦੀ ਦਾ ਵੀ ਪ੍ਰਗਟਾਵਾ ਕੀਤਾ।