ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਵਿੱਚ ਇੱਕ ਵਾਰੀ ਫਿਰ 50 ਬੇਸਿਸ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ ਵਿਆਜ ਦਰ 1.5 ਫੀਸਦੀ ਤੱਕ ਪਹੁੰਚ ਗਈ ਹੈ। ਇਨ੍ਹਾਂ ਵਿਆਜ ਦਰਾਂ ਵਿੱਚ ਇਸ ਲਈ ਵਾਧਾ ਕੀਤਾ ਗਿਆ ਹੈ ਕਿਉਂਕਿ ਬੈਂਕ ਦਾ ਇਹ ਮੰਨਣਾ ਹੈ ਕਿ ਨੇੜ ਭਵਿੱਖ ਵਿੱਚ ਮਹਿੰਗਾਈ ਦੀ ਰਫਤਾਰ ਮੱਠੀ ਹੋਣ ਤੋਂ ਪਹਿਲਾਂ ਇੱਕ ਵਾਰੀ ਹੋਰ ਵਧੇਗੀ।
ਬੈਂਕ ਦਾ ਕਹਿਣਾ ਹੈ ਕਿ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਉਹ ਵਿਆਜ ਦਰਾਂ ਵਿੱਚ ਵਾਧਾ ਕਰਦਾ ਰਹੇਗਾ। ਬੈਂਕ ਨੇ ਇਹ ਵੀ ਆਖਿਆ ਕਿ ਜੇ ਲੋੜ ਪਈ ਤਾਂ ਉਹ ਇਸ ਤੋਂ ਵੀ ਸਖਤ ਕਾਰਵਾਈ ਕਰਨ ਲਈ ਤਿਆਰ ਹੈ। ਇਸ ਸਮੇਂ ਕੰਜਿਊਮਰ ਪ੍ਰਾਈਸ ਇੰਡੈਕਸ (ਸੀਪੀਆਈ) ਵਿੱਚ 70 ਫੀਸਦੀ ਵੰਨਗੀਆਂ ਵਿੱਚ ਮਹਿੰਗਾਈ ਦੀ ਦਰ 3 ਫੀਸਦੀ ਤੋਂ ਉੱਪਰ ਹੈ। ਅਪ੍ਰੈਲ ਦੇ ਮਹੀਨੇ ਸੀਪੀਆਈ 6.8 ਫੀਸਦੀ ਤੱਕ ਪਹੁੰਚ ਗਿਆ ਸੀ ਜੋ ਕਿ 31 ਸਾਲਾਂ ਵਿੱਚ ਸੱਭ ਤੋਂ ਜ਼ਿਆਦਾ ਸੀ।
ਬੈਂਕ ਨੇ ਇਹ ਵੀ ਪਾਇਆ ਕਿ ਮਹਿੰਗਾਈ ਦੀ ਰਫਤਾਰ ਐਨੀ ਤੇਜ ਇਸ ਲਈ ਵੀ ਹੈ ਕਿਉਂਕਿ ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕੀਤਾ ਗਿਆ ਹੈ, ਚੀਨ ਵਿੱਚ ਕੋਵਿਡ ਲਾਕਡਾਊਨ ਕਾਰਨ ਤੇ ਸਪਲਾਈ ਚੇਨ ਵਿੱਚ ਆਉਣ ਵਾਲੇ ਵਿਘਣ ਕਰਕੇ ਵੀ ਗਲੋਬਲ ਅਰਥਚਾਰੇ ਦੀ ਰਫਤਾਰ ਮੱਠੀ ਹੋਣੀ ਸੁਰੂ ਹੋ ਗਈ ਹੈ।