ਹੈਮਿਲਟਨ/ਬਿਊਰੋ ਨਿਊਜ਼ : ਲੰਘੇ ਦਿਨੀਂ ਹੈਮਿਲਟਨ ਦੇ ਰੈਸਟੋਰੈਂਟ ਦੇ ਬਾਹਰ ਕੁੱਝ ਮੁਜ਼ਾਹਰਾਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਿਲਾਫ ਮੁਜ਼ਾਹਰਾ ਕੀਤਾ ਗਿਆ। ਇਸ ਉੱਤੇ ਟਰੂਡੋ ਨੇ ਆਖਿਆ ਕਿ ਉਹ ਤੈਸ਼ ਵਿੱਚ ਆਏ ਹੋਏ ਲੋਕ ਸਨ।
ਸ਼ੋਸ਼ਲ ਮੀਡੀਆ ਉੱਤੇ ਪੋਸਟ ਕੀਤੇ ਗਏ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਜੇਮਜ਼ ਸਟਰੀਟ ਤੇ ਯੌਰਕ ਬੁਲੇਵਾਰਡ ਨੇੜੇ ਸਥਿਤ ਜੈਕਸਨ ਸਕੁਏਅਰ ਪਲਾਜਾ ਵਿੱਚ ਪ੍ਰਧਾਨ ਮੰਤਰੀ ਜਾ ਰਹੇ ਹਨ ਤੇ ਕੁੱਝ ਲੋਕਾਂ ਦਾ ਝੁੰਡ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਹੈ। ਇਸ ਵੀਡੀਓ ਵਿੱਚ ਵਰਦੀਧਾਰੀ ਪੁਲਿਸ ਅਧਿਕਾਰੀ ਟਰੂਡੋ ਦੇ ਨਾਲ ਨਾਲ ਜਾਂਦੇ ਵੀ ਨਜ਼ਰ ਆ ਰਹੇ ਹਨ। ਮੁਜਾਹਰਾਕਾਰੀਆਂ ਵੱਲੋਂ ਟਰੂਡੋ ਨੂੰ ਗੱਦਾਰ ਦੱਸਦਿਆਂ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਵੀ ਕੀਤੀ ਗਈ। ਬਹੁਤ ਸਾਰੇ ਮੁਜਾਹਰਾਕਾਰੀਆਂ ਨੇ ਕੈਨੇਡੀਅਨ ਝੰਡੇ ਵੀ ਚੁੱਕੇ ਹੋਏ ਸਨ। ਜ਼ਿਕਰਯੋਗ ਹੈ ਕਿ ਟਰੂਡੋ ਆਪਣੇ ਕੈਬਨਿਟ ਮੈਂਬਰਾਂ ਨਾਲ ਤਿੰਨ ਰੋਜ਼ਾ ਰਟਰੀਟ ਸਮਾਰੋਹ ਲਈ ਹੈਮਿਲਟਨ ਵਿੱਚ ਹਨ।