ਟੋਰਾਂਟੋ/ਬਿਊਰੋ ਨਿਊਜ਼ : ਬਰਫੀਲੇ ਤੂਫਾਨ ਤੋਂ ਬਾਅਦ ਹੁਣ ਭਾਵੇਂ ਸੜਕਾਂ ਤੋਂ ਬਰਫ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਪਰ ਜੀਟੀਏ ਦੇ ਬਹੁਤੇ ਪਬਲਿਕ ਤੇ ਕੈਥੋਲਿਕ ਸਕੂਲਾਂ ਵੱਲੋਂ ਸਕੂਲ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ (ਟੀਡੀਐਸਬੀ) ਤੇ ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (ਟੀਸੀਡੀਐਸਬੀ) ਨੇ ਵੀਰਵਾਰ ਨੂੰ ਆਖਿਆ ਕਿ ਸਕੂਲ ਬੱਸਾਂ ਰੱਦ ਕੀਤੀਆਂ ਗਈਆਂ ਹਨ ਪਰ ਸਕੂਲ ਖੁੱਲ੍ਹੇ ਰਹਿਣਗੇ। ਹੈਮਿਲਟਨ-ਵੈਂਟਵਰਥ ਡਿਸਟ੍ਰਿਕਟ ਸਕੂਲ ਬੋਰਡ (ਐਚਡਬਲਿਊਡੀਐਸਬੀ) ਨੇ ਆਖਿਆ ਕਿ ਖਰਾਬ ਮੌਸਮ ਕਾਰਨ ਹੈਮਿਲਟਨ ਦੇ ਪਬਲਿਕ ਸਕੂਲ ਬੰਦ ਰਹਿਣਗੇ ਹਾਲਾਂਕਿ ਸਿਟੀ ਦੇ ਕੈਥੋਲਿਕ ਸਕੂਲ ਖੁੱਲ੍ਹੇ ਰਹਿਣਗੇ।
ਬੁੱਧਵਾਰ ਨੂੰ ਓਨਟਾਰੀਓ ਵਿੱਚ 14 ਸੈਂਟੀਮੀਟਰ ਤੱਕ ਹੋਈ ਬਰਫਬਾਰੀ ਤੋਂ ਬਾਅਦ ਵੀ ਗ੍ਰੇਟਰ ਟੋਰਾਂਟੋ ਏਰੀਆ ਦੇ ਕਈ ਹਿੱਸਿਆਂ ਵਿੱਚ ਬਰਫਬਾਰੀ ਦੀ ਚੇਤਾਵਨੀ ਅਜੇ ਵੀ ਜਾਰੀ ਹੈ। ਵੀਰਵਾਰ ਸਵੇਰੇ ਐਨਵਾਇਰਮੈਂਟ ਕੈਨੇਡਾ ਵੱਲੋਂ ਆਖਿਆ ਗਿਆ ਕਿ ਟੋਰਾਂਟੋ ਤੇ ਸਿਟੀ ਦੇ ਪੱਛਮੀ ਇਲਾਕਿਆਂ ਤੋਂ ਬਰਫਬਾਰੀ ਸਬੰਧੀ ਚੇਤਾਵਨੀ ਹਟਾ ਲਈ ਗਈ ਹੈ ਪਰ ਕਈ ਸੜਕਾਂ ਉੱਤੇ ਅਜੇ ਵੀ ਬਰਫਬਾਰੀ ਤੋਂ ਬਾਅਦ ਤਿਲ੍ਹਕਣ ਬਣੀ ਹੋਈ ਹੈ ਤੇ ਸੜਕਾਂ ਨੂੰ ਸਾਫ ਕਰਨ ਦਾ ਕੰਮ ਜਾਰੀ ਹੈ। ਜੀਟੀਏ ਦੇ ਪੂਰਬ ਵੱਲ ਕਈ ਇਲਾਕਿਆਂ ਵਿੱਚ ਅਜੇ ਵੀ ਬਰਫਬਾਰੀ ਸਬੰਧੀ ਚੇਤਾਵਨੀ ਜਾਰੀ ਹੈ।