11.2 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਇਮੀਗ੍ਰੇਸ਼ਨ ਮੰਤਰਾਲੇ ਨੂੰ ਖੋਰਾ ਲਾਉਣ ਲਈ ਪੌਲੀਏਵਰ ਨੇ ਫਰੇਜਰ ਦੀ ਕੀਤੀ ਆਲੋਚਨਾ

ਇਮੀਗ੍ਰੇਸ਼ਨ ਮੰਤਰਾਲੇ ਨੂੰ ਖੋਰਾ ਲਾਉਣ ਲਈ ਪੌਲੀਏਵਰ ਨੇ ਫਰੇਜਰ ਦੀ ਕੀਤੀ ਆਲੋਚਨਾ

ਓਟਵਾ/ਬਿਊਰੋ ਨਿਊਜ਼ : ਓਟਵਾ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕੰਸਵੇਟਿਵ ਆਗੂ ਪਿਏਰ ਪੌਲੀਏਵਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਨੁਕਸਾਨ ਪਹੁੰਚਾਉਣ ਲਈ ਸਾਬਕਾ ਫੈਡਰਲ ਇਮੀਗ੍ਰੇਸ਼ਨ ਮੰਤਰੀ ਦੀ ਨਿਖੇਧੀ ਕੀਤੀ। ਉਨ੍ਹਾਂ ਇਸ ਗੱਲ ਉੱਤੇ ਵੀ ਹੈਰਾਨੀ ਪ੍ਰਗਟਾਈ ਕਿ ਕਿਸ ਤਰ੍ਹਾਂ ਕੈਨੇਡਾ ਵਿੱਚ ਔਸਤ ਮਾਰਗੇਜ ਪੇਅਮੈਂਟ 3500 ਡਾਲਰ ਤੱਕ ਅੱਪੜ ਚੁੱਕੀ ਹੈ।
ਜਦੋਂ ਉਨ੍ਹਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਦੇਸ ਦੇ ਹਾਊਸਿੰਗ ਸੰਕਟ ਲਈ ਨਵੇਂ ਹਾਊਸਿੰਗ ਮੰਤਰੀ ਤੇ ਸਾਬਕਾ ਇਮੀਗ੍ਰੇਸਨ ਮੰਤਰੀ ਸੌਨ ਫਰੇਜਰ ਕੌਮਾਂਤਰੀ ਵਿਦਿਆਰਥੀਆਂ ਨੂੰ ਦੋਸ਼ੀ ਮੰਨਦੇ ਹਨ ਤੇ ਇਸ ਬਾਰੇ ਉਨ੍ਹਾਂ ਦੀ ਕੀ ਰਾਇ ਹੈ ਤਾਂ ਪੌਲੀਏਵਰ ਨੇ ਆਖਿਆ ਕਿ ਇਮੀਗ੍ਰੇੋਸ਼ਨ ਮੰਤਰਾਲੇ ਦਾ ਵਧੇਰੇ ਨੁਕਸਾਨ ਸਾਬਕਾ ਇਮੀਗ੍ਰੇਸਨ ਮੰਤਰੀ ਫਰੇਜਰ ਵੱਲੋਂ ਆਪ ਕੀਤਾ ਗਿਆ ਹੈ। ਪੌਲੀਏਵਰ ਨੇ ਆਖਿਆ ਕਿ ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਦਾ ਭੱਠਾ ਫਰੇਜਰ ਨੇ ਬਿਠਾਇਆ ਹੈ। ਉਨ੍ਹਾਂ ਆਖਿਆ ਕਿ ਹੁਣ ਜਦੋਂ ਫਰੇਜਰ ਹਾਊਸਿੰਗ ਮੰਤਰੀ ਬਣ ਗਏ ਹਨ ਤਾਂ ਇੰਜ ਗੱਲ ਕਰਦੇ ਹਨ ਜਿਵੇਂ ਉਹ ਮੁੱਖ ਵਿਰੋਧੀ ਧਿਰ ਵੱਲੋਂ ਇਮੀਗ੍ਰੇਸ਼ਨ ਕ੍ਰਿਟਿਕ ਹੋਣ। ਉਹ ਇਹ ਭੁੱਲ ਜਾਂਦੇ ਹਨ ਕਿ ਉਹ ਉਨ੍ਹਾਂ ਪ੍ਰੋਗਰਾਮਾਂ ਦੀ ਹੀ ਨੁਕਤਾਚੀਨੀ ਕਰ ਰਹੇ ਹੁੰਦੇ ਹਨ ਜਿਨ੍ਹਾਂ ਨੂੰ ਦੋ ਹਫਤੇ ਪਹਿਲਾਂ ਤੱਕ ਉਹ ਆਪ ਚਲਾ ਰਹੇ ਸਨ ਤੇ ਜਿਨ੍ਹਾਂ ਬਾਰੇ ਬਹੁਤ ਹੁੱਭ ਕੇ ਦੱਸ ਰਹੇ ਸਨ।
ਉਨ੍ਹਾਂ ਐਥਨਿਕ ਤੇ ਮਲਟੀਕਲਚਰਲ ਮੀਡੀਆ ਦੀ ਸਿਫਤ ਕਰਦਿਆਂ ਆਖਿਆ ਕਿ ਇਸ ਸੰਕਟ ਬਾਰੇ ਕੈਨੇਡੀਅਨਜ ਦੀਆਂ ਦਿੱਕਤਾਂ ਸਾਂਝੀਆਂ ਕਰਨ ਦਾ ਸਿਹਰਾ ਐਥਨਿਕ ਮੀਡੀਆ ਸਿਰ ਬੱਝਦਾ ਹੈ ਨਹੀਂ ਤਾਂ ਲਿਬਰਲਾਂ ਦਾ ਵੱਸ ਚੱਲੇ ਤਾਂ ਉਹ ਇਸ ਬਾਰੇ ਗੱਲ ਹੀ ਨਾ ਕਰਨ ਦੇਣ।
ਪੌਲੀਏਵਰ ਨੇ ਇਹ ਵੀ ਆਖਿਆ ਕਿ ਅੱਜ ਨਵੇਂ ਇਮੀਗ੍ਰੈਂਟਸ ਤੇ ਇੰਟਰਨੈਸ਼ਨਲ ਵਿਦਿਆਰਥੀ ਜਿਸ ਤਕਲੀਫ ਤੇ ਤੰਗੀ ਵਿੱਚੋਂ ਨਿਕਲ ਰਹੇ ਹਨ ਉਨ੍ਹਾਂ ਲਈ ਵੀ ਫਰੇਜਰ ਹੀ ਜਿੰਮੇਵਾਰ ਹਨ। ਉਨ੍ਹਾਂ ਆਖਿਆ ਕਿ ਅਸੀਂ ਕੰਸਰਵੇਟਿਵ ਹੋਣ ਨਾਤੇ ਇਹ ਯਕੀਨੀ ਬਣਾਵਾਂਗੇ ਕਿ ਇੰਟਰਨੈਸ਼ਨਲ ਵਿਦਿਆਰਥੀਆਂ ਕੋਲ ਘਰ, ਹੈਲਥਕੇਅਰ ਵਰਗੀਆਂ ਸਹੂਲਤਾਂ ਹੋਣ ਤੇ ਜਦੋਂ ਉਹ ਚਾਹੁਣ ਨੌਕਰੀ ਕਰ ਸਕਣ। ਅਜਿਹਾ ਇਸ ਲਈ ਵੀ ਜਰੂਰੀ ਹੈ ਕਿ ਸਾਡੀਆਂ ਯੂਨੀਵਰਸਿਟੀਜ ਦੁਨੀਆਂ ਭਰ ਦੇ ਹੁਸਿਆਰ ਵਿਦਿਆਰਥੀਆਂ ਨੂੰ ਆਕਰਸਿਤ ਕਰ ਸਕਣ, ਸਾਡੇ ਦੇਸ ਦੀਆਂ ਡੈਮੋਗ੍ਰੈਫਿਕ ਦਿੱਕਤਾਂ ਨੂੰ ਦੂਰ ਕਰ ਸਕਣ। ਇਸ ਦੇ ਨਾਲ ਹੀ ਸਾਨੂੰ ਇਹ ਧਿਆਨ ਵੀ ਰੱਖਣਾ ਹੋਵੇਗਾ ਕਿ ਲੋਕਾਂ ਨੂੰ ਗੰਦਗੀ ਵਿੱਚ ਰਹਿਣ ਲਈ ਨਾ ਛੱਡਿਆ ਜਾਵੇ, ਉਹ ਮਨੁੱਖੀ ਸਮਗਲਿੰਗ ਤੇ ਨਸਿਆਂ ਦੀ ਓਵਰਡੋਜ਼ ਦਾ ਸਿਕਾਰ ਨਾ ਹੋਣ, ਜਿਨ੍ਹਾਂ ਮੁਸ਼ਕਲਾਂ ਤੋਂ ਫਰੇਜਰ ਨੇ ਮੂੰਹ ਮੋੜੀ ਰੱਖਿਆ।
ਉਨ੍ਹਾਂ ਅੱਗੇ ਆਖਿਆ ਕਿ ਇਸ ਸੱਭ ਦੇ ਬਾਵਜੂਦ ਲਿਬਰਲਾਂ ਵੱਲੋਂ ਫਰੇਜਰ ਨੂੰ ਤਰੱਕੀ ਦੇ ਕੇ ਹਾਊਸਿੰਗ ਮੰਤਰੀ ਬਣਾ ਦਿੱਤਾ ਜਾਣਾ ਤਾਂ ਹੋਰ ਵੀ ਕਮਾਲ ਦੀ ਗੱਲ ਹੈ। ਇਸੇ ਮੰਤਰੀ ਨੇ ਤਾਂ ਰਫਿਊਜੀਜ ਨੂੰ ਸੜਕਾਂ ਉੱਤੇ ਰੋਲ ਦਿੱਤਾ, ਪੁਲਾਂ ਥੱਲੇ ਆਸਰਾ ਲੈਣ ਲਈ ਮਜਬੂਰ ਕੀਤਾ ਤੇ ਹੁਣ ਉਹ ਹਾਊਸਿੰਗ ਮੰਤਰੀ ਹੈ? ਉਨ੍ਹਾਂ ਆਖਿਆ ਕਿ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਟਰੂਡੋ ਦੇ ਰਾਜ ਵਿੱਚ ਹਾਊਸਿੰਗ ਕੀਮਤਾਂ ਦੁੱਗਣੀਆਂ ਕਿਉਂ ਹੋਈਆਂ?

RELATED ARTICLES
POPULAR POSTS