-7.8 C
Toronto
Monday, December 8, 2025
spot_img
Homeਜੀ.ਟੀ.ਏ. ਨਿਊਜ਼ਗੈਸ ਦੀਆਂ ਕੀਮਤਾਂ ਵਿੱਚ 8 ਸੈਂਟ ਦਾ ਹੋਰ ਹੋ ਸਕਦਾ ਵਾਧਾ

ਗੈਸ ਦੀਆਂ ਕੀਮਤਾਂ ਵਿੱਚ 8 ਸੈਂਟ ਦਾ ਹੋਰ ਹੋ ਸਕਦਾ ਵਾਧਾ

ਟੋਰਾਂਟੋ/ਬਿਊਰੋ ਨਿਊਜ਼ : ਗੈਸ ਦੀਆਂ ਕੀਮਤਾਂ ਵਿੱਚ ਅੱਠ ਸੈਂਟ ਦਾ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਤੇਲ ਦੀਆਂ ਕੀਮਤਾਂ 1.749 ਡਾਲਰ ਪ੍ਰਤੀ ਲੀਟਰ ਤੱਕ ਵਧ ਸਕਦੀਆਂ ਹਨ।
ਐਨ-ਪ੍ਰੋਇੰਟਰਨੈਸ਼ਨਲ ਦੇ ਚੀਫ ਪੈਟਰੋਲੀਅਮ ਵਿਸ਼ਲੇਸ਼ਕ ਰੌਜਰ ਮੈਕਨਾਈਟ ਅਨੁਸਾਰ ਇਸ ਪਾਸੇ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਰੂਸ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਕਰਕੇ ਇਨ੍ਹਾਂ ਕੀਮਤਾਂ ਵਿੱਚ ਵਾਧਾ ਲਗਾਤਾਰ ਜਾਰੀ ਹੈ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਬੁੱਧਵਾਰ ਨੂੰ ਐਨਡੀਪੀ ਵੱਲੋਂ ਓਨਟਾਰੀਓ ਵਿੱਚ ਗੈਸ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਬਿੱਲ ਪੇਸ਼ ਕੀਤਾ ਗਿਆ।
ਇੱਕ ਰਲੀਜ਼ ਵਿੱਚ ਐਨਡੀਪੀ ਨੇ ਆਖਿਆ ਕਿ ਫੇਅਰਨੈੱਸ ਇਨ ਪੈਟਰੋਲੀਅਮ ਪ੍ਰੋਡਕਟਸ ਪ੍ਰਾਈਸਿੰਗ ਐਕਟ ਤਹਿਤ ਓਨਟਾਰੀਓ ਐਨਰਜੀ ਬੋਰਡ ਨੂੰ ਰੀਟੇਲ ਪ੍ਰਾਈਸ ਤੇ ਪੈਟਰੋਲੀਅਮ ਪ੍ਰੋਡਕਟਸ ਦੇ ਹੋਲਸੇਲ ਕਾਰੋਬਾਰ ਨੂੰ ਨਿਯੰਤਰਿਤ ਕਰਨ ਲਈ ਉਪਰਾਲੇ ਕਰਨੇ ਹੋਣਗੇ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਅਜਿਹੇ ਸਮੇਂ ਜਦੋਂ ਹਾਊਸਿੰਗ, ਚਾਈਲਡ ਕੇਅਰ, ਗਰੌਸਰੀਜ਼ ਤੇ ਹੋਰਨਾਂ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਉਦੋਂ ਗੈਸ ਦੀਆਂ ਕੀਮਤਾਂ ਦੇ ਨਿੱਤ ਦਿਨ ਵਧਣ ਕਾਰਨ ਆਮ ਪਰਿਵਾਰਾਂ ਦੀਆਂ ਜੇਬ੍ਹਾਂ ਉੱਤੇ ਕਾਫੀ ਬੋਝ ਪੈ ਰਿਹਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਡੱਗ ਫੋਰਡ ਕੋਲ ਤਿੰਨ ਸਾਲ ਦਾ ਸਮਾਂ ਸੀ ਪਰ ਲਿਬਰਲਾਂ ਵਾਂਗ ਹੀ ਉਹ ਵੀ ਤੇਲ ਤੇ ਗੈਸ ਇੰਡਸਟਰੀ ਦੇ ਆਪਣੇ ਦੋਸਤਾਂ ਦਾ ਸਾਥ ਦੇਣ ਉੱਤੇ ਤੁਲੇ ਹੋਏ ਹਨ ਤੇ ਇਸ ਦਾ ਖਮਿਆਜ਼ਾ ਆਮ ਆਦਮੀ ਨੂੰ ਭਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ 10 ਸੈਂਟ ਪ੍ਰਤੀ ਲੀਟਰ ਦੀ ਕਟੌਤੀ ਕਰਨ ਦਾ ਫੋਰਡ ਵੱਲੋਂ 2018 ਦੀਆਂ ਚੋਣਾਂ ਵਿੱਚ ਵਾਅਦਾ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਅਜੇ ਤੱਕ ਇਸ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ ਹੈ।

RELATED ARTICLES
POPULAR POSTS