Breaking News
Home / ਜੀ.ਟੀ.ਏ. ਨਿਊਜ਼ / ਪੰਜਾਂ ‘ਚੋਂ ਚਾਰ ਹਾਕੀ ਖਿਡਾਰੀ ਜਿਨਸੀ ਹਮਲੇ ਦੇ ਮਾਮਲੇ ‘ਚ ਕਰਨਗੇ ਆਤਮ ਸਮਰਪਣ

ਪੰਜਾਂ ‘ਚੋਂ ਚਾਰ ਹਾਕੀ ਖਿਡਾਰੀ ਜਿਨਸੀ ਹਮਲੇ ਦੇ ਮਾਮਲੇ ‘ਚ ਕਰਨਗੇ ਆਤਮ ਸਮਰਪਣ

2018 ਦੀ ਵਰਲਡ ਜੂਨੀਅਰ ਹਾਕੀ ਟੀਮ ਦੇ ਮੈਂਬਰਾਂ ਨਾਲ ਸਬੰਧਤ ਹੈ ਮਾਮਲਾ
ਓਟਵਾ/ਬਿਊਰੋ ਨਿਊਜ਼ : ਚਾਰ ਐਨਐਚਐਲ ਖਿਡਾਰੀਆਂ ਦੇ ਵਕੀਲਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਮੁਵੱਕਿਲ ਪੰਜ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਉੱਤੇ ਜਿਨਸੀ ਹਮਲਾ ਕਰਨ ਦੇ ਚਾਰਜਿਜ਼ ਲਾਏ ਗਏ ਸਨ। ਇਹ ਘਟਨਾ ਕੈਨੇਡਾ ਦੇ 2018 ਵਰਲਡ ਜੂਨੀਅਰ ਹਾਕੀ ਟੀਮ ਮੈਂਬਰਾਂ ਨਾਲ ਸਬੰਧਤ ਹੈ।
ਜਿਨ੍ਹਾਂ ਚਾਰ ਖਿਡਾਰੀਆਂ ਦੀ ਇੱਥੇ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਵਿੱਚ ਨਿਊ ਜਰਸੀ ਡੇਵਿਲਜ਼ ਦੇ ਮਾਈਕਲ ਮੈਕਲਿਓਡ ਤੇ ਕੈਲ ਫੂਟ, ਫਿਲਾਡੈਲਫੀਆ ਫਲਾਇਰਜ਼ ਦਾ ਕਾਰਟਰ ਹਾਰਟ ਤੇ ਕੈਲਗਰੀ ਫਲੇਮਜ਼ ਦਾ ਡਿਲਨ ਡੂਬ ਸ਼ਾਮਲ ਹਨ। ਇਨ੍ਹਾਂ ਖਿਡਾਰੀਆਂ ਵੱਲੋਂ ਅਗਲੇ ਸੋਮਵਾਰ ਤੋਂ ਪਹਿਲਾਂ ਪੁਲਿਸ ਕੋਲ ਆਤਮ ਸਮਰਪਣ ਕਰਨ ਦੀ ਸੰਭਾਵਨਾ ਹੈ। ਪਿਛਲੇ ਹਫਤੇ ਗਲੋਬ ਐਂਡ ਮੇਲ ਨੇ ਇਹ ਰਿਪੋਰਟ ਛਾਪੀ ਸੀ ਕਿ ਕੈਨੇਡਾ ਦੀ 2018 ਵਰਲਡ ਜੂਨੀਅਰ ਹਾਕੀ ਟੀਮ ਦੇ ਪੰਜ ਮੈਂਬਰਾਂ ਨੂੰ ਜਿਨਸੀ ਹਮਲੇ ਦੇ ਸਬੰਧ ਵਿੱਚ ਚਾਰਜਿਜ਼ ਦਾ ਸਾਹਮਣਾ ਕਰਨਾ ਹੋਵੇਗਾ।
ਜ਼ਿਕਰਯੋਗ ਹੈ ਕਿ ਜੂਨ 2018 ਵਿੱਚ ਹਾਕੀ ਕੈਨੇਡਾ ਦੇ ਇੱਕ ਈਵੈਂਟ ਤੋਂ ਬਾਅਦ ਹੋਟਲ ਦੇ ਕਮਰੇ ਵਿੱਚ ਇਨ੍ਹਾਂ ਪੰਜਾਂ ਖਿਡਾਰੀਆਂ ਵੱਲੋਂ ਕਥਿਤ ਤੌਰ ਉੱਤੇ ਇੱਕ ਮਹਿਲਾ ਉੱਤੇ ਜਿਨਸੀ ਹਮਲਾ ਕੀਤਾ ਗਿਆ ਸੀ। 2022 ਵਿੱਚ ਇੱਕ ਮਹਿਲਾ ਜਿਸ ਦੀ ਪਛਾਣ ਈ.ਐਮ ਵਜੋਂ ਜਾਰੀ ਕੀਤੀ ਗਈ ਨੇ ਹਾਕੀ ਕੈਨੇਡਾ ਤੇ 2018 ਦੀ ਵਰਲਡ ਜੂਨੀਅਰ ਟੀਮ ਦੇ ਅੱਠ ਖਿਡਾਰੀਆਂ ਖਿਲਾਫ 3.35 ਮਿਲੀਅਨ ਡਾਲਰ ਦਾ ਮੁਕੱਦਮਾ ਠੋਕ ਦਿੱਤਾ ਸੀ। ਉਸ ਨੇ ਇਹ ਦੋਸ਼ ਲਾਇਆ ਸੀ ਕਿ ਲੰਡਨ, ਓਨਟਾਰੀਓ ਦੇ ਹੋਟਲ ਦੇ ਕਮਰੇ ਵਿੱਚ ਉਸ ਦੇ ਨਸੇ ਦੀ ਹਾਲਤ ਵਿੱਚ ਹੋਣ ਕਾਰਨ ਉਸ ਉੱਤੇ ਵਾਰੀ ਵਾਰੀ ਜਿਨਸੀ ਹਮਲੇ ਕੀਤੇ ਗਏ। ਅਜੇ ਤੱਕ ਇਨ੍ਹਾਂ ਦੋਸ਼ਾਂ ਨੂੰ ਅਦਾਲਤ ਸਾਹਮਣੇ ਸਿੱਧ ਨਹੀਂ ਕੀਤਾ ਜਾ ਸਕਿਆ ਹੈ।
ਪੰਜਾਂ ਖਿਡਾਰੀਆਂ ਵਿੱਚੋਂ ਸਭ ਤੋਂ ਪਹਿਲਾਂ ਆਤਮ ਸਮਰਪਣ ਕਰਨ ਵਾਲਾ ਓਟਵਾ ਸੈਨੇਟਰਜ਼ ਦਾ ਐਲੈਕਸ ਫੋਰਮੈਂਟਲ ਸੀ। ਉਸ ਨੇ ਆਪਣੀ ਮੌਜੂਦਾ ਟੀਮ ਤੋਂ ਅਣਮਿੱਥੇ ਸਮੇਂ ਲਈ ਛੁੱਟੀ ਲੈ ਲਈ ਹੈ। ਐਤਵਾਰ ਨੂੰ ਉਸ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਉਸ ਦੇ ਲੀਗਲ ਕਾਊਂਸਲ ਨੇ ਦੱਸਿਆ ਕਿ ਉਹ ਇਸ ਮਾਮਲੇ ਵਿੱਚ ਆਪਣੇ ਬੇਕਸੂਰ ਹੋਣ ਦੇ ਪੱਖ ਨੂੰ ਉਜਾਗਰ ਕਰੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …