ਅਲਬਰਟਾ/ਬਿਊਰੋ ਨਿਊਜ਼ : ਯੂਨਾਈਟਿਡ ਕੰਸਰਵੇਟਿਵ ਪਾਰਟੀ ਲੀਡਰਸ਼ਿਪ ਮੁਲਾਂਕਣ ਸਕਾਰਾਤਮਕ ਪਾਏ ਜਾਣ ਦੇ ਬਾਵਜੂਦ ਜੇਸਨ ਕੇਨੀ ਨੇ ਅਲਬਰਟਾ ਦੇ ਪ੍ਰੀਮੀਅਰ ਤੇ ਆਪਣੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੈਲਗਰੀ ਵਿੱਚ ਸਪਰੂਸ ਮੀਡੋਅਜ਼ ਵਿੱਚ ਇੱਕਠੀ ਹੋਈ ਭੀੜ ਨੂੰ ਸੰਬੋਧਨ ਕਰਦਿਆਂ ਜੇਸਨ ਕੇਨੀ ਨੇ ਆਖਿਆ ਕਿ ਭਾਵੇਂ ਬਹੁਮਤ ਲਈ 51 ਫੀਸਦੀ ਸਮਰਥਨ ਕਾਫੀ ਹੈ ਪਰ ਲੀਡਰ ਵਜੋਂ ਆਪਣੀ ਪਾਰੀ ਨੂੰ ਜਾਰੀ ਰੱਖਣਾ ਉਨ੍ਹਾਂ ਲਈ ਸਹੀ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਆਪਣੇ ਇਸ ਫੈਸਲੇ ਲਈ ਉਹ ਮੁਆਫੀ ਮੰਗਦੇ ਹਨ ਪਰ ਉਹ ਸੱਚਮੁੱਚ ਇਹ ਮੰਨਦੇ ਹਨ ਕਿ ਸਾਨੂੰ ਇੱਕਜੁੱਟ ਹੋ ਕੇ ਅੱਗੇ ਵਧਣਾ ਚਾਹੀਦਾ ਹੈ। ਸਾਨੂੰ ਅਤੀਤ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਵੱਡੀ ਗਿਣਤੀ ਵਿੱਚ ਸਾਡੇ ਮੈਂਬਰਾਂ ਨੇ ਲੀਡਰਸ਼ਿਪ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਵੱਲੋਂ ਵਰਚੂਅਲ ਤੌਰ ਉੱਤੇ ਇਹ ਨਤੀਜਾ ਸ਼ਾਮੀਂ 6:30 ਵਜੇ ਐਲਾਨਿਆ ਗਿਆ ਤੇ ਉਸ ਤੋਂ ਤੁਰੰਤ ਬਾਅਦ ਹੀ ਕੇਨੀ ਨੇ ਇੱਕਠ ਨੂੰ ਸੰਬੋਧਨ ਕੀਤਾ। ਸਟੇਜ ਛੱਡਣ ਤੋਂ ਪਹਿਲਾਂ ਕੇਨੀ ਨੇ ਆਪਣੀ ਪਾਰਟੀ ਨੂੰ ਬਜਟ ਸੰਤੁਲਿਤ ਕਰਨ ਉੱਤੇ ਮੁਬਾਰਕਬਾਦ ਦਿੱਤੀ। ਉਨ੍ਹਾਂ ਇਹ ਵੀ ਆਖਿਆ ਕਿ ਪ੍ਰੀਮੀਅਰ ਵਜੋਂ ਉਨ੍ਹਾਂ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ 90 ਫੀਸਦੀ ਨੂੰ ਪੂਰਾ ਕੀਤਾ। ਮਿਊਂਸਪਲ ਮਾਮਲਿਆਂ ਬਾਰੇ ਮੰਤਰੀ ਰਿਕ ਮੈਕਾਈਵਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਯੂਸੀਪੀ ਵੱਲੋਂ ਵੀਰਵਾਰ ਨੂੰ ਕਾਕਸ ਮੀਟਿੰਗ ਕੀਤੀ ਜਾਵੇਗੀ ਤੇ ਪਾਰਟੀ ਦੀਆਂ ਭਵਿੱਖ ਦੀਆਂ ਗਤੀਵਿਧੀਆਂ ਬਾਰੇ ਵੀ ਚਾਨਣਾ ਪਾਇਆ ਜਾਵੇਗਾ।