ਟੋਰਾਂਟੋ/ਸਤਪਾਲ ਸਿੰਘ ਜੌਹਲ : ਬਰੈਂਪਟਨ ‘ਚ 20 ਸਾਲ ਦੇ ਨਵਕਿਰਨ ਸਿੰਘ ਦੀ ਏਲਡੋਰਾਡੋ ਪਾਰਕ ਏਰੀਆ ਨੇੜੇ ਨਦੀ ਵਿਚ ਡੁੱਬਣ ਕਰਕੇ ਮੌਤ ਹੋਣ ਦੀ ਖਬਰ ਹੈ। ਉਹ ਪਿੰਡ ਬੱਧਨੀ ਕਲਾਂ (ਮੋਗਾ) ਤੋਂ ਬਲਦੇਵ ਸਿੰਘ ਦਾ ਬੇਟਾ ਸੀ। ਪਰਿਵਾਰ ਦੇ ਪਿੰਡ ਤੋਂ ਕਰੀਬੀ ਸਤਬੀਰ ਸਿੰਘ ਧਾਲੀਵਾਲ ਨੇ ਬਰੈਂਪਟਨ ਵਿਖੇ ਦੱਸਿਆ ਕਿ ਨਵਕਿਰਨ ਸਿੰਘ 12 ਜਮਾਤਾਂ ਪਾਸ ਕਰਨ ਮਗਰੋਂ ਪਿਛਲੇ ਸਾਲ ਸਤੰਬਰ ‘ਚ ਕੈਨੇਡਾ ਆਇਆ ਸੀ ਅਤੇ ਆਪਣੀ ਅਗਲੇਰੀ ਪੜ੍ਹਾਈ ਦਾ ਪਹਿਲਾ ਸਮੈਸਟਰ ਸਾਰਨੀਆ ਤੋਂ ਪਾਸ ਕਰਕੇ ਹੁਣ ਸਕਾਰਬਰੋ ‘ਚ ਸੈਂਟੇਨੀਅਲ ਕਾਲਜ ਦਾ ਵਿਦਿਆਰਥੀ ਸੀ। ਪਤਾ ਲੱਗਾ ਹੈ ਕਿ ਐਤਵਾਰ ਦੀ ਛੁੱਟੀ ਸੀ ਅਤੇ ਘਰੋਂ ਬੱਧਨੀ ਕਲਾਂ ਤੇ ਰੁੜਕਾ ਦੇ 5 ਮੁੰਡੇ ਇਕੱਠੇ ਗਏ ਸਨ। ਜਦੋਂ ਨਵਕਿਰਨ ਪਾਣੀ (ਜੋ ਬਹੁਤਾ ਡੂੰਘਾ ਵੀ ਨਹੀਂ ਸੀ) ਵਿਚ ਵੜਿਆ ਤਾਂ ਅਚਾਨਕ ਅੰਦਰ ਧਸ ਗਿਆ। ਪੁਲਿਸ ਅਤੇ ਬਚਾਓ ਅਮਲੇ ਨੇ ਮੌਕੇ ‘ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਬਾਹਰ ਕੱਢਿਆ।
ਬਰੈਂਪਟਨ ਦੇ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਨੇ ਦੱਸਿਆ ਕਿ ਨਵਕਿਰਨ ਮਿਹਨਤੀ ਨੌਜਵਾਨ ਸੀ ਅਤੇ ਪੜ੍ਹਾਈ ਦੇ ਨਾਲ ਇਕ ਕੰਪਨੀ ‘ਚ ਫੂਡ ਪੈਕਜਿੰਗ ਦਾ ਕੰਮ ਵੀ ਕਰਦਾ ਸੀ। ਮ੍ਰਿਤਕ ਦੇ ਸਾਥੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਟੋਰਾਂਟੋ ‘ਚ ਸਥਿਤ ਭਾਰਤ ਦੇ ਕੌਂਸਲਖਾਨੇ ਤੋਂ ਕੌਂਸਲ ਧੀਰਜ ਪਾਰੀਕ ਨੇ ਕਿਹਾ ਕਿ ਕੈਨੇਡਾ ‘ਚ ਵੱਖ-ਵੱਖ ਕਾਰਨਾਂ ਕਰਕੇ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਰਹਿਣਾ ਇਕ ਬਹੁਤ ਵੱਡਾ ਮੁੱਦਾ ਹੈ ਜਿਸ ਬਾਰੇ ਨੌਜਾਵਾਨਾਂ ਅਤੇ ਪਰਿਵਾਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।
ਮੋਗਾ ਦੇ ਬੱਧਨੀ ਕਲਾਂ ਦਾ ਸੀ ਨਵਕਿਰਨ
ਨਵਕਿਰਨ ਸਿੰਘ ਜ਼ਿਲ੍ਹਾ ਮੋਗਾ ਦੇ ਬੱਧਨੀ ਕਲਾਂ ਦਾ ਰਹਿਣ ਵਾਲਾ ਸੀ। ਨਵਕਿਰਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ‘ਤੇ ਇਹ ਖ਼ਬਰ ਮਿਲੀ।
ਉਨ੍ਹਾਂ ਦੱਸਿਆ ਕਿ ਨਵਕਿਰਨ ਪਿੰਡ ਮੱਦੋਕੇ ਤੋਂ ਦਸਵੀਂ ਤੇ ਬਿਲਾਸਪੁਰ ਦੇ ਸਕੂਲ ਤੋਂ ਬਾਰ੍ਹਵੀਂ ਕਰਨ ਮਗਰੋਂ 3 ਸਤੰਬਰ 2021 ਨੂੰ ਪੜ੍ਹਾਈ ਲਈ ਬਰੈਂਪਟਨ ਗਿਆ ਸੀ। ਨਵਕਿਰਨ ਆਪਣੇ ਦੋਸਤਾਂ ਨਾਲ ਏਲਡਰੇਡੋ ਪਾਰਕ ਸਥਿਤ ਕ੍ਰੈਡਿਟ ਵੈਲੀ ਨਦੀ ਵਿੱਚ ਨਹਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਨਵਕਿਰਨ ਦੀ ਲਾਸ਼ ਸਟੀਲਜ਼ ਕ੍ਰੈਡਿਟ ਵਿਊ ਲਾਗੇ ਐਲਡਰੇਡੋ ਪਾਰਕ ‘ਚੋਂ ਬਰਾਮਦ ਹੋਈ ਹੈ। ਕੈਨੇਡਾ ਦੀ ਪੀਲ ਪੁਲਿਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ।