ਅਗਰਵਾਲ ਵੈਸ਼ ਮਹਾਂਸੰਮੇਲਨ ਵਿਚ ਵਪਾਰੀਆਂ ਦੇ ਹੱਕ ‘ਚ ਕੀਤੀ ਆਵਾਜ਼ ਬੁਲੰਦ
ਜਲੰਧਰ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਅਗਰਵਾਲ ਵੈਸ਼ ਮਹਾਂਸੰਮੇਲਨ ਵਿਚ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ઠਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ‘ਤੇ ਸੂਬੇ ਵਿੱਚੋਂ ઠ’ਛਾਪੇਮਾਰੀ ਰਾਜ’ ਦਾ ਅੰਤ ਕਰ ਦਿੱਤਾ ਜਾਵੇਗਾ। ਵਿਕਟੋਰੀਆ ਗਾਰਡਨ ਵਿੱਚ ਮਹਾਰਾਜਾ ਅਗਰਸੈਨ ਜੈਯੰਤੀ ਸਬੰਧੀ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਦਿੱਲੀ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਉੱਤੇ ਛਾਪੇ ਮਾਰਨੇ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਛਾਪੇਮਾਰੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਥਾਂ ਬੜਾਵਾ ਦਿੰਦੀ ਹੈ ਅਤੇ ਇਸ ਨਾਲ ਸਰਕਾਰ ਨੂੰ ਵੀ ਟੈਕਸਾਂ ਦਾ ਘਾਟਾ ਪੈਂਦਾ ਹੈ।
ਉਨ੍ਹਾਂ ਮੁਤਾਬਕ ਇੰਸਪੈਕਟਰ ਸਰਕਾਰੀ ਖਜ਼ਾਨੇ ਦੀ ਥਾਂ ਆਪਣੀਆਂ ਜੇਬਾਂ ਭਰਨ ਵੱਲ ਵੱਧ ਧਿਆਨ ਦਿੰਦੇ ਹਨ। ਆਮਦਨ ਕਰ ਵਿਭਾਗ ‘ਤੇ ਉਨ੍ਹਾਂ ਦੋਸ਼ ਲਾਇਆ ਕਿ ਉਹ ਕਾਰੋਬਾਰੀਆਂ ਅਤੇ ਵਪਾਰੀਆਂ ‘ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ‘ਜੇ ਉਨ੍ਹਾਂ ਛਾਪੇਮਾਰੀ ਕਰਨੀ ਹੀ ਹੈ ਤਾਂ ਮਾਲਿਆ ਦੇ ਅਦਾਰਿਆਂ ‘ਤੇ ਕਰੇ।’ ਉਨ੍ਹਾਂ ਕਿਹਾ ਕਿ ઠਮੋਦੀ ਸਰਕਾਰ ਨੇ ਧਨਾਢ ਘਰਾਣਿਆਂ ਨੂੰ ઠਦੇਸ਼ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ ਜਿਸ ਦਾ ਅੰਦਾਜ਼ਾ ਕੇਂਦਰ ઠਸਰਕਾਰ ਦੀ ਕਾਲੇ ਧਨ ਸਬੰਧੀ ਗੰਭੀਰਤਾ ਤੋਂ ਲਗਾਇਆ ਜਾ ਸਕਦਾ ਹੈ।
ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਨੂੰ ਖ਼ਤਮ ਕਰਨਾ ਪਵੇਗਾ ਅਤੇ ਫਿਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਉਦਯੋਗ ਵਰਗ ਪੂਰਾ ਕਰੇਗਾ। ਇਸ ਨਾਲ ਨੌਜਵਾਨ ਦੁਬਾਰਾ ਨਸ਼ੇ ਦੀ ਦਲਦਲ ਵਿੱਚ ਨਹੀਂ ਫਸਣਗੇ। ਉਨ੍ਹਾਂ ઠਕਿਹਾ ਕਿ ਕਿਸੇ ਸਮੇਂ ਭਾਜਪਾ ઠਨੂੰ ਵਪਾਰੀ ਵਰਗ ਦੀ ਪਾਰਟੀ ਕਿਹਾ ਜਾਂਦਾ ਸੀ ਪਰੰਤੂ ਆਮ ਆਦਮੀ ਪਾਰਟੀ ਦੀਆਂ ਵਪਾਰੀ ਪੱਖੀ ਨੀਤੀਆਂ ਕਾਰਨ ਹੁਣ ਉਹ ਵਪਾਰੀ ਵਰਗ ਦੀ ਸਭ ਤੋਂ ਚਹੇਤੀ ਪਾਰਟੀ ਬਣ ਗਈ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਧੂ ਸਿੰਘ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ઠਲੀਗਲ ਸੈੱਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਅਤੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਵੀ ਮੌਜੂਦ ਸਨ।
ਮਹਿਲਾ ਕਾਂਗਰਸ ਵਰਕਰਾਂ ਵੱਲੋਂ ਕੇਜਰੀਵਾਲ ਦਾ ਵਿਰੋਧ: ਮਹਿਲਾ ਕਾਂਗਰਸ ਦੀਆਂ ਔਰਤਾਂ ਨੇ ਸਮਾਗਮ ਵਾਲੀ ਥਾਂ ‘ਤੇ ਪਹੁੰਚ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਨੇ ‘ਆਪ’ ਨੂੰ ਮਹਿਲਾ ਵਿਰੋਧੀ ਪਾਰਟੀ ਦੱਸਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

