
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਭਾਜਪਾ ਦੇ ਬੁਲਾਰੇ ਡਾ. ਕਮਲ ਸੋਈ ਨੇ ਦਾਅਵਾ ਕੀਤਾ ਹੈ ਕਿ ਪਹਿਲੀ ਮਹਿਲਾ ਆਈਪੀਐਸ ਕਿਰਨ ਬੇਦੀ ਹੁਣ ਪੰਜਾਬ ਦੇ ਰਾਜਪਾਲ ਹੋ ਸਕਦੇ ਹਨ। ਡਾ. ਸੋਈ ਨੇ ਇਸ ਸਬੰਧੀ ਸੋਸ਼ਲ ਮੀਡੀਆ ’ਤੇ ਟਵੀਟ ਵੀ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਡਾ. ਕਮਲ ਸੋਈ ਦਾ ਕਹਿਣਾ ਹੈ ਕਿ ਕਿਰਨ ਬੇਦੀ ਦੇ ਪੰਜਾਬ ਵਿਚ ਆਉਣ ਨਾਲ ਸੂਬੇ ਦੇ ਹਾਲਾਤ ਬਦਲਣਗੇ। ਧਿਆਨ ਰਹੇ ਕਿ ਕਿਰਨ ਬੇਦੀ ਅੰਮਿ੍ਰਤਸਰ ਜ਼ਿਲ੍ਹੇ ਨਾਲ ਸਬੰਧਤ ਹਨ। ਕਿਰਨ ਬੇਦੀ ਨੂੰ ਪੰਜਾਬ ਦਾ ਰਾਜਪਾਲ ਲਗਾਉਣ ਸਬੰਧੀ ਅਜੇ ਤੱਕ ਕੋਈ ਨਿਰਦੇਸ਼ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਪਹਿਲਾਂ ਚਰਚਾ ਚੱਲ ਸੀ ਕਿ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤਰੇਯ ਨੂੰ ਨਵੀਂ ਵਿਵਸਥਾ ਤੱਕ ਪੰਜਾਬ ਦੇ ਕਾਰਜਕਾਰੀ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਅਹੁਦੇ ਦਾ ਕਾਰਜਭਾਰ ਮਿਲ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਕਿ ਕਪਤਾਨ ਸਿੰਘ ਸੋਲੰਕੀ ਤੋਂ ਬਾਅਦ ਬੰਡਾਰੂ ਦੱਤਾਤਰੇਯ ਪੰਜਾਬ ਦੇ ਦੂਜੇ ਕਾਰਜਕਾਰੀ ਰਾਜਪਾਲ ਹੋਣਗੇ। ਧਿਆਨ ਰਹੇ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਲੰਘੇ ਕੱਲ੍ਹ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਭੇਜ ਦਿੱਤਾ ਸੀ ਅਤੇ ਉਨ੍ਹਾਂ ਦਾ ਅਸਤੀਫਾ ਮਨਜੂਰ ਵੀ ਹੋ ਚੁੱਕਾ ਹੈ।